ਚੰਡੀਗੜ੍ਹ, 11 ਫਰਵਰੀ (ਰਣਜੀਤ ਸਿੰਘ)-ਸਾਬਕਾ ਆਮਦਨ ਕਰ ਅਧਿਕਾਰੀ ਰਾਕੇਸ਼ ਜੈਨ ਦੇ ਿਖ਼ਲਾਫ਼ ਸੀ.ਬੀ.ਆਈ. ਨੇ 7 ਸਾਲ ਪਹਿਲਾ ਮਾਮਲਾ ਦਰਜ ਕੀਤਾ ਸੀ | ਉਨ੍ਹਾਂ ਨੂੰ ਸੀ.ਬੀ.ਆਈ. ਟੀਮ ਨੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਵਿਚ ਗਿ੍ਫ਼ਤਾਰ ਕੀਤਾ ਸੀ | ਇਸ ਮਾਮਲੇ ਵਿਚ ਅੱਜ ਅਦਾਲਤ ਵਿਚ ਮੁਕੱਦਮਾ ਪੂਰਾ ਹੋ ਗਿਆ ਹੈ ਅਤੇ ਬੁੱਧਵਾਰ ਇਸ ਮਾਮਲੇ ਵਿਚ ਅਦਾਲਤ ਆਪਣਾ ਫ਼ੈਸਲਾ ਸੁਣਾ ਸਕਦੀ ਹੈ | 2 ਫਰਵਰੀ 2013 ਨੂੰ ਸੀ.ਬੀ.ਆਈ. ਨੇ ਰੀਅਲ ਇਸਟੇਟ ਕਾਰੋਬਾਰੀ ਅਸ਼ੋਕ ਅਰੋੜਾ ਦੀ ਸ਼ਿਕਾਇਤ 'ਤੇ ਜੈਨ ਨੂੰ ਗਿ੍ਫ਼ਤਾਰ ਕੀਤਾ ਸੀ | ਅਰੋੜਾ ਨੇ ਸੀ.ਬੀ.ਆਈ. ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਕਰ ਵਿਭਾਗ ਵਲੋਂ ਉਸ ਨੂੰ ਨੋਟਿਸ ਆਇਆ ਸੀ ਜਿਸ ਦੇ ਬਾਅਦ ਆਈ.ਟੀ.ਓ. ਵਜੋਂ ਤਾਇਨਾਤ ਰਾਕੇਸ਼ ਜੈਨ ਨੇ ਉਨ੍ਹਾਂ ਨੂੰ ਆਪਣੇ ਦਫ਼ਤਰ ਵਿਚ ਬੁਲਾਇਆ ਸੀ | ਦੋਸ਼ਾਂ ਅਨੁਸਾਰ ਜੈਨ ਨੇ ਟੈਕਸ ਨੋਟਿਸ ਨੂੰ ਸੈਟਲ ਕਰਨ ਲਈ 5 ਲੱਖ ਰੁਪਏ ਰਿਸ਼ਵਤ ਮੰਗੀ ਸੀ ਜਿਸ ਦੇ ਬਾਅਦ ਦੋਵਾਂ ਵਿਚ ਢਾਈ ਲੱਖ ਵਿਚ ਸੌਦਾ ਤੈਅ ਹੋਇਆ ਸੀ | ਦੂਜੇ ਪਾਸੇ ਮਾਮਲੇ ਦੀ ਸ਼ਿਕਾਇਤ ਸੀ.ਬੀ.ਆਈ. ਨੂੰ ਦੇ ਦਿੱਤੀ ਗਈ ਸੀ ਜਿਸ ਦੇ ਬਾਅਦ ਸੀ.ਬੀ.ਆਈ. ਨੇ ਟ੍ਰੈਪ ਲਗਾ ਕੇ ਜੈਨ ਨੂੰ ਗਿ੍ਫ਼ਤਾਰ ਕਰ ਲਿਆ ਸੀ | ਉਸ ਸਮੇਂ ਉਸ ਦੇ ਘਰ ਤੋਂ ਛਾਪੇਮਾਰੀ ਦੌਰਾਨ ਸੀ.ਬੀ.ਆਈ. ਨੂੰ 23 ਲੱਖ ਰੁਪਏ ਸਮੇਤ ਲੱਖਾਂ ਦੇ ਗਹਿਣੇ ਮਿਲੇ ਸਨ | ਮਾਮਲੇ ਦੀ ਸ਼ਿਕਾਇਤ ਈ.ਡੀ. ਨੂੰ ਵੀ ਦਿੱਤੀ ਗਈ ਸੀ |