* ਇਹ 7 ਦਸੰਬਰ 2022 ਦਾ ਇਕ ਡਰਾਉਣਾ ਦਿਨ ਹੈ। ਅਫ਼ਗਾਨਿਸਤਾਨ ਦਾ ਇਕ ਖੇਡ ਸਟੇਡੀਅਮ ਤਮਾਸ਼ਬੀਨਾਂ ਨਾਲ ਨੱਕੋ-ਨੱਕ ਭਰਿਆ ਹੋਇਆ ਹੈ। ਹਜ਼ਾਰਾਂ ਲੋਕਾਂ ਨੂੰ ਇਕ ਦਿਲ ਦਹਿਲਾ ਦੇਣ ਵਾਲੇ ਰੁਮਾਂਚ ਦੀ ਉਡੀਕ ਹੈ। ਕੁਝ ਮਿੰਟਾਂ ਬਾਅਦ ਇਕ ਮੁਜਰਮ ਨੂੰ ਲਿਆਂਦਾ ਜਾਂਦਾ ਹੈ ਅਤੇ ਉਸ ਨੂੰ ਸਟੇਡੀਅਮ ਵਿਚਾਲੇ ਖੜ੍ਹੇ ਇਕ ਖੰਭੇ ਨਾਲ ਬੰਨ੍ਹ ਦਿੱਤਾ ਜਾਂਦਾ ਹੈ। ਫਿਰ ਉਥੇ ਇਕ ਬੁੱਢਾ ਆਦਮੀ ਆਉਂਦਾ ਹੈ। ਉਸ ਦੇ ਹੱਥ ਵਿਚ ਇਕ ਅਸਾਲਟ ਰਾਈਫਲ ਫੜਾਈ ਜਾਂਦੀ ਹੈ ਅਤੇ ਕੁਝ ਸਮਝਾਇਆ ਜਾਂਦਾ ਹੈ। ਬੁੱਢਾ ਵਿਅਕਤੀ ਸਮਝ ਗਿਆ ਦੇ ਅੰਦਾਜ਼ ਵਿਚ ਡਰਦੇ ਹੋਏ ਸਿਰ ਹਿਲਾਉਂਦਾ ਹੈ। ਇਸ ਤੋਂ ਬਾਅਦ ਕੋਲ ਹੀ ਖੜ੍ਹਾ ਇਕ ਹਥਿਆਰਬੰਦ ਸ਼ਖ਼ਸ ਬੁੱਢੇ ਨੂੰ ਇਸ਼ਾਰਾ ਕਰਦਾ ਹੈ। ਬੁੱਢਾ ਆਪਣੇ ਕੰਬਦੇ ਹੱਥਾਂ ਨਾਲ ਠਾਹ-ਠਾਹ-ਠਾਹ... ਕਰ ਤਿੰਨ ਗੋਲੀਆਂ ਖੰਭੇ ਨਾਲ ਬੰਨ੍ਹੇ ਮੁਜਰਮ ਦੇ ਸੀਨੇ 'ਤੇ ਠੋਕ ਦਿੰਦਾ ਹੈ। ਖੰਭੇ ਨਾਲ ਬੰਨ੍ਹਿਆ ਮੁਜਰਮ ਕਿਸੇ ਬੇਵੱਸ ਪੰਛੀ ਦੀ ਤਰ੍ਹਾਂ ਫ਼ੜਫ਼ੜਾ ਕੇ ਜ਼ਮੀਨ 'ਤੇ ਡਿੱਗ ਜਾਂਦਾ ਹੈ। ਬੁੱਢਾ ਵਿਅਕਤੀ ਥੱਕੇ ਮਨ ਅਤੇ ਝੁਕੇ ਹੱਥਾਂ ਨਾਲ, ਨਾਲ ਖੜ੍ਹੇ ਤਾਲਿਬਾਨ ਫ਼ੌਜੀਆਂ ਨੂੰ ਰਾਈਫਲ ਫੜਾ ਦਿੰਦਾ ਹੈ। ਇਸ ਸਮੇਂ ਉਸ ਦਾ ਦਿਲ ਜ਼ੋਰ-ਜ਼ੋਰ ਦੀ ਰੋਣ ਨੂੰ ਕਰ ਰਿਹਾ ਹੁੰਦਾ ਹੈ ਕਿਉਂਕਿ ਉਸ ਨੇ ਜਿਸ ਨੌਜਵਾਨ ਮੁਜਰਮ ਦੇ ਸੀਨੇ ਵਿਚ ਤਿੰਨ ਜ਼ਹਿਰ ਭਰੀਆਂ ਗੋਲੀਆਂ ਮਾਰੀਆਂ ਹਨ, ਉਹ ਉਸ ਦਾ ਆਪਣਾ ਬੇਟਾ ਹੈ।
* ਇਹ 10 ਅਕਤੂਬਰ 2022 ਦੀ ਇਕ ਖ਼ੌਫ਼ਨਾਕ ਸਰਦੀ ਵਾਲੀ ਰਾਤ ਹੈ। ਪੂਰੇ ਯੂਕਰੇਨ ਵਿਚ ਖ਼ਤਰੇ ਦਾ ਸਾਇਰਨ ਵੱਜ ਰਿਹਾ ਹੈ, ਪਰ ਇਸ ਨਾਲ ਕੀ ਫ਼ਰਕ ਪੈਂਦਾ ਹੈ? ਯੁੱਧ ਵਿਚ ਸਾਕਸ਼ੀ ਬਣੇ ਗੁਆਂਢੀ ਰੂਸ ਨੇ ਮਹਿਜ਼ 30 ਮਿੰਟ ਦੇ ਅੰਦਰ ਹੀ ਯੂਕਰੇਨ ਦੇ 9 ਸ਼ਹਿਰਾਂ ਵਿਚ 83 ਤਾਕਤਵਰ ਮਿਜ਼ਾਈਲਾਂ ਦਾ ਮੀਂਹ ਵਰ੍ਹਾ ਦਿੱਤਾ। ਦਰਜਨਾਂ ਹੀ ਲੋਕ ਮਾਰੇ ਗਏ ਅਤੇ ਸੈਂਕੜੇ ਲੋਕ ਜ਼ਖ਼ਮੀ ਹੋਏ। ਹਰ ਪਾਸੇ ਚੀਕ-ਚਿਹਾੜਾ ਮਚਿਆ ਹੋਇਆ ਹੈ ਅਤੇ ਲਗਭਗ ਪੂਰਾ ਯੂਕਰੇਨ ਹਨੇਰੇ ਵਿਚ ਡੁੱਬਿਆ ਹੋਇਆ ਹੈ।
ਇਨ੍ਹਾਂ ਦੋ ਘਟਨਾਵਾਂ ਨੂੰ ਪੜ੍ਹਨ ਤੋਂ ਬਾਅਦ ਕੀ ਤੁਸੀਂ ਇਹ ਮਹਿਸੂਸ ਕਰ ਸਕਦੇ ਹੋ ਕਿ ਤੁਸੀਂ 21ਵੀਂ ਸਦੀ ਦੇ ਦੂਜੇ ਦਹਾਕੇ ਵਿਚ ਜੀਅ ਰਹੇ ਹੋ, ਜਦੋਂ ਜਲਦੀ ਹੀ ਇਨਸਾਨ ਮਸ਼ੀਨਾਂ ਨੂੰ ਆਪਣੇ ਸਾਰੇ ਕੰਮ ਕਰਨ ਦਾ ਆਦੇਸ਼ ਦੇਣ ਦੇ ਲਾਇਕ ਹੋਣ ਜਾ ਰਿਹਾ ਹੈ? ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਹ ਵਿਕਾਸ ਅਤੇ ਵਿਗਿਆਨ ਦਾ ਉਹ ਸੰਧੀਕਾਲ ਹੈ, ਜਦੋਂ ਵਿਗਿਆਨ ਕੁਦਰਤ ਦੀ ਬਰਾਬਰੀ ਕਰਨ ਲੱਗਿਆ ਹੈ? ਜਦੋਂ ਵਿਗਿਆਨ ਲਈ ਇਨਸਾਨ ਦਾ ਮਰਨਾ ਭਾਵੇਂ ਪੂਰੀ ਤਰ੍ਹਾਂ ਨਾਲ ਟਾਲ ਸਕਣਾ ਸੰਭਵ ਨਾ ਹੋਵੇ, ਪਰ ਲਗਾਤਾਰ ਜਿਊਣ ਦੀ ਉਮਰ ਵਧ ਰਹੀ ਹੈ? ਉੱਪਰ ਤੁਸੀਂ ਜੋ ਦੋ ਘਟਨਾਵਾਂ ਪੜ੍ਹੀਆਂ, ਉਨ੍ਹਾਂ ਤੋਂ ਬਾਅਦ ਬਿਲਕੁਲ ਨਹੀਂ ਲਗਦਾ ਕਿ ਇਹ 17ਵੀਂ, 18ਵੀਂ ਸਦੀ ਦਾ ਦੌਰ ਨਹੀਂ ਹੈ। ਪਹਿਲੀ ਘਟਨਾ ਵਿਚ ਵਹਿਸ਼ੀ ਇਨਸਾਨ ਸਦੀਆਂ ਪਿੱਛੇ ਜਾ ਕੇ ਆਪਣੇ ਘਿਨਾਉਣੇ ਰੂਪ ਵਿਚ ਮੌਜੂਦ ਹੈ ਤੇ ਦੂਜੀ ਘਟਨਾ ਵਿਚ ਆਧੁਨਿਕ ਹਥਿਆਰਾਂ ਦੀ ਖ਼ੌਫ਼ਨਾਕ ਘਟਨਾ ਪੂਰੀ ਤੇਜ਼ੀ ਨਾਲ ਵਾਪਰ ਰਹੀ ਹੈ। ਜੇਕਰ ਸਾਲ 2022 ਦੇ ਸੰਬੰਧ ਵਿਚ ਦੇਖੀਏ ਤਾਂ ਬਿਨਾਂ ਸ਼ੱਕ ਧਿਆਨ ਖਿੱਚਣ ਲਈ ਇਸ ਸਾਲ ਹੋਰ ਵੀ ਕਈ ਘਟਨਾਵਾਂ ਵਾਪਰੀਆਂ ਹਨ। ਪਰ ਯੁੱਧ, ਅੱਤਵਾਦ ਅਤੇ ਦਮਨ ਦਾ ਸ਼ਿਕੰਜਾ ਪੂਰੇ ਸਾਲ ਧਰਤੀ 'ਤੇ ਕੱਸਿਆ ਰਿਹਾ ਅਤੇ ਦੁਨੀਆ ਇਸ ਸ਼ਿਕੰਜੇ ਵਿਚ ਕਰਾਹੁੰਦੀ ਰਹੀ। ਜੇਕਰ ਪੂਰੇ ਸਾਲ ਵਿਚ ਅੱਤਵਾਦ ਦੀਆਂ ਕਿੰਨੀਆਂ ਘਟਨਾਵਾਂ ਵਾਪਰੀਆਂ ਅਤੇ ਉਨ੍ਹਾਂ ਨਾਲ ਕਿੰਨੇ ਲੋਕ ਮਰੇ, ਇਸ ਦੀ ਬਿਲਕੁਲ ਸਟੀਕ ਗਿਣਤੀ ਜਾਨਣੀ ਹੋਵੇ ਤਾਂ ਸ਼ਾਇਦ ਅਸੀਂ ਨਹੀਂ ਪਤਾ ਲਗਾ ਸਕਦੇ, ਕਿਉਂਕਿ ਜਿੰਨੀਆਂ ਘਟਨਾਵਾਂ ਦਰਜ ਹੁੰਦੀਆਂ ਹਨ, ਉਸ ਤੋਂ ਅੱਧੀਆਂ ਘਟਨਾਵਾਂ ਤਾਂ ਬਿਨਾਂ ਦਰਜ ਹੋਇਆਂ ਹੀ ਰਹਿ ਜਾਂਦੀਆਂ ਹਨ। ਫਿਰ ਵੀ ਇਕ ਅੰਦਾਜ਼ੇ ਅਨੁਸਾਰ ਸਾਲ 2022 ਵਿਚ ਦੁਨੀਆ ਦੇ ਹਰ ਕੋਨੇ ਵਿਚ ਖੂਨ ਦੀ ਹੋਲੀ ਖੇਡ ਰਹੇ ਅੱਤਵਾਦੀਆਂ ਨੇ ਤਕਰੀਬਨ 18000 ਲੋਕਾਂ ਦੀ ਜਾਨ ਲੈ ਲਈ।
ਇਹ ਬਿਨਾਂ ਵਜ੍ਹਾ ਨਹੀਂ ਹੈ ਕਿ ਸੰਯੁਕਤ ਰਾਸ਼ਟਰ ਦੇ ਅੱਤਵਾਦ ਨਿਰੋਧਕ ਦਫ਼ਤਰ ਦੇ ਮੁਖੀ ਵਲਾਦੀਮੀਰ ਵੋਰੋਨਕੋਫ ਨੇ ਸੁਰੱਖਿਆ ਪ੍ਰੀਸ਼ਦ ਦੀ ਇਕ ਅਹਿਮ ਮੀਟਿੰਗ ਵਿਚ ਮੈਂਬਰ ਦੇਸ਼ਾਂ ਨੂੰ ਬੇਨਤੀ ਕਰਦਿਆਂ ਕਿਹਾ ਹੈ ਕਿ ਅੱਤਵਾਦ ਦਾ ਜਿੰਨਾ ਖ਼ਤਰਾ ਅਸੀਂ ਮਹਿਸੂਸ ਕਰ ਰਹੇ ਹਾਂ, ਉਹ ਉਸ ਤੋਂ ਕਿਤੇ ਵੱਡਾ ਹੈ ਅਤੇ ਲਗਾਤਾਰ ਆਪਣਾ ਵਿਸਥਾਰ ਕਰ ਰਿਹਾ ਹੈ। ਵਰਣਨਯੋਗ ਹੈ ਕਿ ਜੇਕਰ ਅੱਤਵਾਦ ਤੋਂ ਪ੍ਰਭਾਵਿਤ ਦੇਸ਼ਾਂ ਅਤੇ ਲੋਕਾਂ ਦੀ ਗਿਣਤੀ ਕਰੀਏ ਤਾਂ ਕਰੀਬ 63 ਦੇਸ਼ ਇਸ ਤਰ੍ਹਾਂ ਦੇ ਹਨ, ਜੋ ਸਿੱਧੇ ਜਾਂ ਅਸਿੱਧੇ ਤੌਰ 'ਤੇ ਅੱਤਵਾਦ ਨਾਲ ਪ੍ਰਭਾਵਿਤ ਹਨ, ਇਨ੍ਹਾਂ ਵਿਚੋਂ 80 ਫ਼ੀਸਦੀ ਤੋਂ ਜ਼ਿਆਦਾ ਦੇਸ਼ ਏਸ਼ੀਆ ਅਤੇ ਅਫ਼ਰੀਕਾ ਦੇ ਹਨ। ਸਾਲ 2022 ਵਿਚ ਵਿਸ਼ਵ ਮੰਚਾਂ 'ਤੇ ਕੀਤੇ ਗਏ ਸਭ ਐਲਾਨਾਂ, ਵਾਅਦਿਆਂ ਅਤੇ ਧਮਕੀਆਂ ਦੇ ਬਾਵਜੂਦ ਅੱਤਵਾਦ 'ਤੇ ਜ਼ਰਾ ਜਿੰਨੀ ਵੀ ਲਗਾਮ ਨਹੀਂ ਲੱਗੀ, ਇਹ ਲਗਾਤਾਰ ਵਧ ਰਿਹਾ ਹੈ। ਜੇਕਰ ਅਸੀਂ ਅੱਤਵਾਦ ਤੋਂ ਪ੍ਰਭਾਵਿਤ ਲੋਕਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਗਿਣਤੀ ਇਕ ਅਰਬ ਤੋਂ ਵੀ ਜ਼ਿਆਦਾ ਪਹੁੰਚ ਚੁੱਕੀ ਹੈ। ਜੇਕਰ ਅੱਤਵਾਦ ਤੋਂ ਪੀੜਤ ਅਤੇ ਪ੍ਰਭਾਵਿਤ ਲੋਕਾਂ ਦਾ ਇਕ ਦੇਸ਼ ਵਸਾਇਆ ਜਾਵੇ ਤਾਂ ਇਹ ਭਾਰਤ ਅਤੇ ਚੀਨ ਵਰਗਾ ਵੱਡੀ ਆਬਾਦੀ ਵਾਲਾ ਤੀਜਾ ਦੇਸ਼ ਬਣ ਜਾਵੇਗਾ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਲ 2022 ਕਿਸ ਤਰ੍ਹਾਂ ਅੱਤਵਾਦ, ਯੁੱਧ ਅਤੇ ਦਮਨ ਦੇ ਸ਼ਿਕੰਜੇ ਵਿਚ ਜਕੜਿਆ ਰਿਹਾ।
ਹਾਲਾਂਕਿ ਜੇਕਰ ਇਨ੍ਹਾਂ ਵੱਡੀਆਂ ਸਮੱਸਿਆਵਾਂ ਨੂੰ ਇਕ ਪਾਸੇ ਰੱਖ ਕੇ ਦੇਖੀਏ ਤਾਂ ਇਸ ਸਾਲ ਦੁਨੀਆ ਦੇ ਖਾਤੇ ਵਿਚ ਕਈ ਵੱਡੀਆਂ ਪ੍ਰਾਪਤੀਆਂ ਵੀ ਆਈਆਂ। ਜੋ ਕੋਰੋਨਾ ਪੂਰੀ ਦੁਨੀਆ ਨੂੰ ਖ਼ਤਮ ਕਰਦਾ ਦਿਖਾਈ ਦੇ ਰਿਹਾ ਸੀ, ਉਹ ਆਖ਼ਰਕਾਰ ਇਸ ਸਾਲ ਚੀਨ ਨੂੰ ਛੱਡ ਕੇ ਬਾਕੀ ਦੁਨੀਆ ਤੋਂ ਕਰੀਬ-ਕਰੀਬ ਗਾਇਬ ਹੋ ਚੁੱਕਿਆ ਹੈ। ਵਿਗਿਆਨ ਦੀ ਦੁਨੀਆ 'ਤੇ ਜੇਕਰ ਨਜ਼ਰ ਮਾਰੀਏ ਤਾਂ ਇਸ ਸਾਲ ਦਰਜਨਾਂ ਤਕਨੀਕੀ ਪ੍ਰਾਪਤੀਆਂ ਹਾਸਲ ਹੋਈਆਂ। ਚੀਨ ਨੇ ਬਣਾਉਟੀ ਸੂਰਜ ਤੋਂ ਮਹਿਜ਼ ਕੁਝ ਮਿੰਟਾਂ ਵਿਚ ਕਰੋੜਾਂ ਯੂਨਿਟ ਊਰਜਾ ਹਾਸਿਲ ਕੀਤੀ ਅਤੇ ਦੱਖਣੀ ਕੋਰੀਆ ਨੇ ਇਸੇ ਸਾਲ ਐਲਾਨ ਕੀਤਾ ਕਿ ਉਹ ਅਗਲੇ ਤਿੰਨ ਸਾਲਾਂ ਵਿਚ ਆਪਣਾ ਬਣਾਉਟੀ ਸੂਰਜ ਬਣਾ ਲਵੇਗਾ। ਇਸ ਸਾਲ ਪੂਰੀ ਦੁਨੀਆ ਜਿਥੇ ਇਕ ਪਾਸੇ ਮਹਿੰਗਾਈ ਨਾਲ ਪੀੜਤ ਰਹੀ, ਯੂਰਪ ਤੋਂ ਲੈ ਕੇ ਏਸ਼ੀਆ ਅਤੇ ਅਫ਼ਰੀਕਾ ਤੱਕ ਮਹਿੰਗਾਈ ਆਪਣਾ ਤਾਂਡਵ ਕਰਦੀ ਰਹੀ, ਉਥੇ ਪਹਿਲੀ ਵਾਰ ਇਕ ਅਮਰੀਕੀ ਕੰਪਨੀ ਐਪਲ 3 ਟ੍ਰਿਲੀਅਨ ਡਾਲਰ ਬਾਜ਼ਾਰ ਮੁੱਲ ਦੀ ਹੱਦ ਨੂੰ ਪਾਰ ਕਰ ਗਈ। ਇਸ ਦਾ ਮਤਲਬ ਇਹ ਹੈ ਕਿ ਐਪਲ ਕੰਪਨੀ ਅਫ਼ਰੀਕਾ ਦੇ 28 ਦੇਸ਼ਾਂ ਦੇ ਬਜਟ ਅਤੇ ਦੁਨੀਆ ਦੇ ਕਰੀਬ 72 ਗ਼ਰੀਬ ਦੇਸ਼ਾਂ ਦੀਆਂ ਸਾਰੀਆਂ ਆਰਥਿਕ ਯੋਜਨਾਵਾਂ ਵਿਚ ਲੱਗਣ ਵਾਲੀ ਲਾਗਤ ਦੇ ਬਰਾਬਰ ਦੀ ਆਰਥਿਕ ਹੈਸੀਅਤ ਰੱਖਦੀ ਹੈ। ਇਹ ਵੀ ਵਿਗਿਆਨ ਦੀ ਕਾਮਯਾਬੀ ਦਾ ਸਿਖ਼ਰ ਹੈ। ਇਸੇ ਸਾਲ ਅਮਰੀਕਾ ਵਿਚ ਡੇਵਿਡ ਬੇਨੇਟ ਨਾਂਅ ਦੇ ਇਕ ਵਿਅਕਤੀ ਵਿਚ ਸਫਲਤਾਪੂਰਨ ਢੰਗ ਨਾਲ ਸੂਰ ਦਾ ਦਿਲ ਲਗਾਇਆ ਗਿਆ ਅਤੇ ਇਸੇ ਸਾਲ ਸਾਊਦੀ ਅਰਬ ਵਿਚ ਊਠਾਂ ਲਈ ਇਕ ਲਗਜ਼ਰੀ ਹੋਟਲ ਖੁੱਲ੍ਹਿਆ।
ਚੀਨ ਦੇ ਵਿਗਿਆਨੀਆਂ ਨੇ ਧਰਤੀ 'ਤੇ ਹੀ ਬਣਾਉਟੀ ਚੰਨ ਬਣਾਇਆ ਅਤੇ ਸਕਾਟਲੈਂਡ ਦੇ ਵਿਗਿਆਨੀਆਂ ਨੇ ਐਕਸਰੇ ਨਾਲ ਕੋਰੋਨਾ ਵਾਇਰਸ ਦਾ ਸਟੀਕ ਤੌਰ 'ਤੇ ਪਤਾ ਲਗਾਇਆ ਤਾਂ ਇਸੇ ਸਾਲ ਐਲਨ ਮਸਕ ਦੀ ਕੰਪਨੀ ਸਪੇਸ ਐਕਸ ਨੇ 49 ਸਟਾਰ ਲਿੰਕ ਗ੍ਰਹਿਆਂ ਨੂੰ ਇਕੱਠੇ ਲਾਂਚ ਕੀਤਾ। ਉੱਤਰ ਕੋਰੀਆ ਨੇ ਇਸੇ ਸਾਲ ਖ਼ੁਦ ਨੂੰ ਪ੍ਰਮਾਣੂ ਸ਼ਕਤੀ ਵਾਲਾ ਦੇਸ਼ ਐਲਾਨ ਦਿੱਤਾ। ਚੀਨ ਲਗਾਤਾਰ ਆਪਣੇ ਗੁਆਂਢੀ ਭਾਰਤ ਨਾਲ ਯੁੱਧ ਵਾਲੀਆਂ ਹਰਕਤਾਂ ਵਿਚ ਰੁੱਝਿਆ ਰਿਹਾ ਅਤੇ ਪੂਰੀ ਦੁਨੀਆ ਦੀ ਹਾਏ ਤੌਬਾ ਦੇ ਬਾਵਜੂਦ ਪੁਤਿਨ ਯੂਕਰੇਨ 'ਤੇ ਆਪਣੇ ਹਮਲਿਆਂ ਅਤੇ ਇਰਾਦਿਆਂ ਨੂੰ ਲੈ ਕੇ ਜ਼ਰਾ ਵੀ ਟੱਸ ਤੋਂ ਮੱਸ ਨਹੀਂ ਹੋਇਆ। ਪੁਤਿਨ ਨੇ ਵਾਰ-ਵਾਰ ਸਾਫ਼ ਕੀਤਾ ਕਿ ਜੇਕਰ ਯੁੱਧ ਰੁਕਾਉਣਾ ਹੈ ਤਾਂ ਯੂਕਰੇਨ ਨੂੰ ਉਨ੍ਹਾਂ ਖੇਤਰਾਂ 'ਤੇ ਰੂਸ ਦੇ ਕਬਜ਼ੇ ਨੂੰ ਸਵੀਕਾਰ ਕਰਨਾ ਹੀ ਹੋਵੇਗਾ, ਜਿਥੇ ਰੂਸੀ ਭਾਸ਼ੀ ਲੋਕਾਂ ਦਾ ਬਹੁਮਤ ਹੈ ਅਤੇ ਜਿਨ੍ਹਾਂ ਨੂੰ ਰੂਸ ਨੇ ਯੂਕਰੇਨ 'ਤੇ ਹਮਲਾ ਕਰਕੇ ਖੋਹ ਲਿਆ ਹੈ। ਇਸ ਸਾਲ ਜਿਥੇ ਈਰਾਨ ਔਰਤਾਂ ਦੀ ਹਿਜਾਬ ਨੂੰ ਲੈ ਕੇ ਕੀਤੀ ਗਈ ਬਗ਼ਾਵਤ ਨੂੰ ਦਬਾਉਣ ਲਈ ਸਖ਼ਤੀ ਵਰਤਦਾ ਰਿਹਾ, ਉਥੇ ਮੱਧ-ਪੂਰਬ ਅਤੇ ਖਾੜੀ ਦੇ ਦੂਜੇ ਦੇਸ਼ ਪਿਛਲੇ ਕਈ ਸਾਲਾਂ ਵਾਂਗ ਇਸ ਸਾਲ ਵੀ ਆਤਮਘਾਤੀ ਅੱਤਵਾਦੀ ਹਮਲਿਆਂ, ਧਮਾਕਿਆਂ ਅਤੇ ਸਰਕਾਰੀ ਹਿੰਸਾ ਦਾ ਸ਼ਿਕਾਰ ਰਹੇ। ਕੁੱਲ ਮਿਲਾ ਕੇ ਸਾਲ 2022 ਦਾ ਕੌਮਾਂਤਰੀ ਦ੍ਰਿਸ਼ ਇਨਸਾਨੀ ਬੌਧਿਕ ਸ਼ਕਤੀ ਦੇ ਵਿਕਾਸ ਅਤੇ ਨਿਰਾਸ਼ਾ ਤੇ ਬਰਬਾਦੀ ਦਾ ਮਿਸ਼ਰਣ ਰਿਹਾ ਹੈ।
**
ਯੁੱਧ, ਅੱਤਵਾਦ ਅਤੇ ਦਮਨ ਦੇ ਸ਼ਿਕੰਜੇ ਵਿਚ ਕਰਾਹੁੰਦੀ ਰਹੀ ਦੁਨੀਆ...!!
ਅਜੀਤ ਡੈਸਕ
25-12-2022