ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2023

ਦੇਸ਼ 'ਤੇ ਭਾਰਤੀ ਜਨਤਾ ਪਾਰਟੀ ਦੀ ਪਕੜ ਹੋਰ ਮਜ਼ਬੂਤ ਹੋਈ

Ad Position 21
No active advertisement
ਅਜੀਤ ਡੈਸਕ 31-12-2023

ਹਰ ਵਰ੍ਹਾ ਬਹੁਤ ਸਾਰੀਆਂ ਖੱਟੀਆਂ-ਮਿੱਠੀਆਂ, ਕੌੜੀਆਂ-ਕੁਸੈਲੀਆਂ ਅਤੇ ਖ਼ੁਸ਼ੀ ਦੇਣ ਵਾਲੀਆਂ ਘਟਨਾਵਾਂ ਸਾਡੇ ਪੱਲੇ ਵਿਚ ਪਾ ਕੇ ਰੁਖ਼ਸਤ ਹੋ ਜਾਂਦਾ ਹੈ। ਬੀਤ ਰਹੇ ਵਰ੍ਹੇ ਦੇ ਆਖ਼ਰੀ ਦਿਨਾਂ ਵਿਚ ਅਕਸਰ ਅਸੀਂ ਇਕ ਵਾਰ ਫਿਰ ਪਿੱਛੇ ਵੱਲ ਝਾਤ ਪਾ ਕੇ ਇਹ ਦੇਖਦੇ ਹਾਂ ਕਿ ਇਸ ਵਿਚ ਕੀ ਚੰਗਾ, ਕੀ ਮੰਦਾ ਹੋਇਆ ਹੈ। ਇਸ ਸੰਦਰਭ ਵਿਚ ਹੀ ਜੇਕਰ ਅਸੀਂ ਆਪਣੇ ਦੇਸ਼ ਭਾਰਤ ਦੀ ਗੱਲ ਕਰੀਏ ਤਾਂ ਸਾਲ 2023 ਵਿਚ ਬਹੁਤ ਕੁਝ ਮਾੜਾ-ਚੰਗਾ ਵਾਪਰਿਆ ਹੈ, ਜਿਸ 'ਤੇ ਇਨ੍ਹਾਂ ਕਾਲਮਾਂ ਵਿਚ ਇਕ ਝਾਤ ਪਾਉਣ ਦੀ ਕੋਸ਼ਿਸ਼ ਕਰਾਂਗੇ।
ਜੇਕਰ ਰਾਜਨੀਤੀ ਦੀ ਗੱਲ ਕਰੀਏ ਤਾਂ ਇਸ ਸਾਲ ਵਿਚ ਪਹਿਲਾਂ ਤ੍ਰਿਪੁਰਾ, ਮੇਘਾਲਿਆ, ਨਾਗਾਲੈਂਡ ਆਦਿ ਉੱਤਰ-ਪੂਰਬੀ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਹੋਈਆਂ। ਤ੍ਰਿਪੁਰਾ ਵਿਚ ਭਾਜਪਾ ਮੁੜ ਆਪਣੀ ਸਰਕਾਰ ਬਣਾਉਣ ਵਿਚ ਸਫ਼ਲ ਹੋਈ। ਮੇਘਾਲਿਆ ਅਤੇ ਨਾਗਾਲੈਂਡ ਵਿਚ ਉਹ ਸਥਾਨਕ ਪਾਰਟੀਆਂ ਨਾਲ ਦੂਜੇ ਦਰਜੇ ਦੀ ਭਾਈਵਾਲ ਵਜੋਂ ਉਥੋਂ ਦੀਆਂ ਸਰਕਾਰਾਂ ਵਿਚ ਸ਼ਾਮਿਲ ਹੋਈ। ਇਸ ਸਾਲ ਕਰਨਾਟਕ ਵਿਧਾਨ ਸਭਾ ਦੀ ਹੋਈ ਚੋਣ ਵਿਚ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਕਾਂਗਰਸ ਪਾਰਟੀ ਆਪਣੀ ਸਰਕਾਰ ਬਣਾਉਣ ਵਿਚ ਸਫ਼ਲ ਰਹੀ। ਨਵੰਬਰ ਮਹੀਨੇ ਵਿਚ 5 ਰਾਜਾਂ ਦੀਆਂ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਮੱਧ ਪ੍ਰਦੇਸ਼ ਵਿਚ ਮੁੜ ਸੱਤਾ ਵਿਚ ਆ ਗਈ ਅਤੇ ਇਸ ਤੋਂ ਇਲਾਵਾ ਇਸ ਨੇ ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਕਾਂਗਰਸ ਨੂੰ ਹਰਾ ਕੇ ਸੱਤਾ 'ਤੇ ਕਬਜ਼ਾ ਕਰ ਲਿਆ ਅਤੇ ਤੇਲੰਗਾਨਾ ਵਿਚ ਕਾਂਗਰਸ ਪਾਰਟੀ ਭਾਰਤ ਰਾਸ਼ਟਰ ਸਮਿਤੀ ਅਤੇ ਭਾਜਪਾ ਨੂੰ ਹਰਾ ਕੇ ਸੱਤਾਧਾਰੀ ਹੋ ਗਈ। ਮਿਜ਼ੋਰਮ ਵਿਚ ਇਕ ਨਵੀਂ ਸਥਾਨਕ ਪਾਰਟੀ ਜ਼ੋਰਮ ਪੀਪਲਜ਼ ਮੂਵਮੈਂਟ ਸੱਤਾ 'ਤੇ ਕਾਬਜ਼ ਹੋਣ ਵਿਚ ਸਫ਼ਲ ਹੋ ਗਈ। ਸਮੁੱਚੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਇਸ ਸਾਲ ਦੇਸ਼ ਵਿਚ ਹੋਈਆਂ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਕਾਂਗਰਸ ਦੇ ਮੁਕਾਬਲੇ ਭਾਰਤੀ ਜਨਤਾ ਪਾਰਟੀ ਦਾ ਹੱਥ ਉੱਪਰ ਰਿਹਾ ਤੇ ਇਸ ਕਾਰਨ 2024 ਦੀਆਂ ਲੋਕ ਸਭਾ ਚੋਣਾਂ ਲਈ ਵੀ ਉਸ ਦੇ ਹੱਕ ਵਿਚ ਹਵਾ ਬਣਦੀ ਨਜ਼ਰ ਆ ਰਹੀ ਹੈ। ਦੂਜੇ ਪਾਸੇ ਕਾਂਗਰਸ ਸਮੇਤ ਦੇਸ਼ ਦੀਆਂ 28 ਦੇ ਲਗਭਗ ਪਾਰਟੀਆਂ ਨੇ ਭਾਜਪਾ ਦਾ ਲੋਕ ਸਭਾ ਚੋਣਾਂ 'ਚ ਸਾਹਮਣਾ ਕਰਨ ਲਈ 'ਇੰਡੀਆ' ਗੱਠਜੋੜ ਕਾਇਮ ਕੀਤਾ ਹੈ। ਪਰ 5 ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਹੋਈਆਂ ਚੋਣਾਂ ਦੌਰਾਨ ਇਸ ਗੱਠਜੋੜ ਦੀਆਂ ਸਰਗਰਮੀਆਂ ਨਾ-ਮਾਤਰ ਹੀ ਰਹੀਆਂ। ਕਾਂਗਰਸ ਨੇ ਇਸ ਗੱਠਜੋੜ ਵਿਚ ਸ਼ਾਮਿਲ ਪਾਰਟੀਆਂ ਨੂੰ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਕੋਈ ਜ਼ਿਆਦਾ ਮਹੱਤਵ ਨਹੀਂ ਦਿੱਤਾ। ਵਿਧਾਨ ਸਭਾਵਾਂ ਦੀਆਂ ਚੋਣਾਂ ਦੇ 3 ਦਸੰਬਰ ਨੂੰ ਨਤੀਜੇ ਨਿਕਲਣ ਤੋਂ ਬਾਅਦ 'ਇੰਡੀਆ' ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਮੁੜ ਸਰਗਰਮ ਹੋਈਆਂ ਹਨ। ਪਰ ਅਜੇ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਸੀਟਾਂ ਦੀ ਸੁਚੱਜੇ ਢੰਗ ਨਾਲ ਵੰਡ ਕਰਕੇ, ਲੋਕਪੱਖੀ ਚੋਣ ਏਜੰਡਾ ਬਣਾ ਕੇ ਅਤੇ ਚੋਣਾਂ ਲੜਨ ਲਈ ਢੁੱਕਵੀਂ ਰਣਨੀਤੀ ਬਣਾਉਣ ਦੇ ਨਾਲ-ਨਾਲ ਵਿੱਤੀ ਸਾਧਨ ਜੁਟਾ ਕੇ ਇਹ ਪਾਰਟੀਆਂ ਭਾਜਪਾ ਨੂੰ ਕਿੰਨੀ ਕੁ ਵੱਡੀ ਚੁਣੌਤੀ ਦੇ ਸਕਣਗੀਆਂ?
ਇਸ ਸਾਲ ਦੀਆਂ ਕੁਝ ਹੋਰ ਰਾਜਨੀਤਕ ਅਤੇ ਗ਼ੈਰ-ਰਾਜਨੀਤਕ ਘਟਨਾਵਾਂ ਦੀ ਗੱਲ ਕਰੀਏ ਤਾਂ ਜਨਵਰੀ ਵਿਚ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜਭੂਸ਼ਨ ਸ਼ਰਨ ਸਿੰਘ ਵਿਰੁੱਧ ਅਨੇਕਾਂ ਪਹਿਲਵਾਨ ਅਤੇ ਮਹਿਲਾ ਪਹਿਲਵਾਨ ਅੰਦੋਲਨ ਕਰਦੇ ਨਜ਼ਰ ਆਏ। ਉਨ੍ਹਾਂ ਨੇ ਬ੍ਰਿਜਭੂਸ਼ਨ ਸ਼ਰਨ ਸਿੰਘ 'ਤੇ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕਰਨ ਦੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਨੇ ਉਸ ਵਿਰੁੱਧ ਕਾਰਵਾਈ ਕਰਨ ਲਈ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਪਰ ਉਨ੍ਹਾਂ ਦੀ ਸੁਣਵਾਈ ਨਾ ਹੋਣ ਕਾਰਨ ਉਹ ਜੰਤਰ ਮੰਤਰ 'ਤੇ ਧਰਨੇ 'ਤੇ ਬੈਠ ਗਏ। ਇਨ੍ਹਾਂ ਪਹਿਲਵਾਨਾਂ ਦੀ ਅਗਵਾਈ ਕਰਨ ਵਾਲਿਆਂ ਵਿਚ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਆਦਿ ਪਹਿਲਵਾਨ ਸ਼ਾਮਿਲ ਸਨ। ਦਿੱਲੀ ਪੁਲਿਸ ਨੇ ਇਕ ਸਮੇਂ ਇਨ੍ਹਾਂ 'ਤੇ ਕਾਰਵਾਈ ਕਰਕੇ ਇਨ੍ਹਾਂ ਦੇ ਧਰਨੇ ਨੂੰ ਉਖਾੜ ਦਿੱਤਾ ਸੀ ਪਰ ਬਾਅਦ 'ਚ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜਭੂਸ਼ਨ ਸ਼ਰਨ ਸਿੰਘ ਵਿਰੁੱਧ ਸੁਪਰੀਮ ਕੋਰਟ ਦੇ ਦਖਲ ਉਪਰੰਤ ਕੇਸ ਦਰਜ ਹੋਣ ਨਾਲ ਪਹਿਲਵਾਨ ਕੁਝ ਸ਼ਾਂਤ ਹੋ ਗਏ, ਪਰ ਹਾਲ ਹੀ ਵਿਚ ਕੁਸ਼ਤੀ ਸੰਘ ਦੀਆਂ ਹੋਈਆਂ ਨਵੀਆਂ ਚੋਣਾਂ ਵਿਚ ਬ੍ਰਿਜਭੂਸ਼ਨ ਸ਼ਰਨ ਸਿੰਘ ਦੇ ਧੜੇ ਦੇ ਸੰਜੈ ਸਿੰਘ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸਾਕਸ਼ੀ ਮਲਿਕ ਨੇ ਕੁਸ਼ਤੀ ਤੋਂ ਸੇਵਾਮੁਕਤ ਹੋਣ ਦਾ ਐਲਾਨ ਕਰ ਦਿੱਤਾ। ਇਸ ਉਪਰੰਤ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਅਤੇ ਇਕ ਹੋਰ ਪਹਿਲਵਾਨ ਨੇ ਆਪਣੇ ਪਦਮਸ੍ਰੀ ਸਨਮਾਨ ਵਾਪਸ ਕਰਨ ਦਾ ਫ਼ੈਸਲਾ ਕਰ ਲਿਆ। ਕੇਂਦਰੀ ਸਰਕਾਰ ਨੇ ਕੁਸ਼ਤੀ ਸੰਘ ਦੀ ਨਵੀਂ ਕਾਰਜਕਾਰਨੀ ਨੂੰ ਮੁਅੱਤਲ ਕਰ ਦਿੱਤਾ ਹੈ। ਪਰ ਇਹ ਵਿਵਾਦ ਅਜੇ ਵੀ ਬਣਿਆ ਹੋਇਆ ਹੈ।
ਆਮ ਆਦਮੀ ਪਾਰਟੀ ਲਈ ਇਹ ਸਾਲ ਔਕੜਾਂ ਭਰਿਆ ਹੀ ਰਿਹਾ। ਇਸ ਦੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸ਼ਰਾਬ ਘੁਟਾਲੇ ਵਿਚ ਗ੍ਰਿਫ਼ਤਾਰ ਹੋ ਗਏ ਜਦੋਂ ਕਿ ਇਸ ਦੇ ਇਕ ਮੰਤਰੀ ਸਤਿੰਦਰ ਜੈਨ ਪਹਿਲਾਂ ਹੀ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਜੇਲ੍ਹ ਵਿਚ ਰਹੇ ਹਨ ਅਤੇ ਇਸ ਸਮੇਂ ਜ਼ਮਾਨਤ 'ਤੇ ਹਨ। ਇਸ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੂੰ ਵੀ ਈ.ਡੀ. ਨੇ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਈ.ਡੀ. ਵਲੋਂ ਦਿੱਲੀ ਦੇ ਮੁੱਖ ਮੰਤਰੀ ਨੂੰ ਵੀ ਪੇਸ਼ ਹੋਣ ਲਈ ਕਈ ਨੋਟਿਸ ਜਾਰੀ ਕੀਤੇ ਗਏ ਹਨ।
ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਇਸ ਸਾਲ ਨਿਰੰਤਰ ਖ਼ਬਰਾਂ ਵਿਚ ਰਹੇ। ਉਨ੍ਹਾਂ ਨੇ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਲੰਮੀ 'ਭਾਰਤ ਜੋੜੋ ਯਾਤਰਾ' ਕੀਤੀ। ਇਸ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਪਰ ਉਨ੍ਹਾਂ ਨੂੰ ਮਿਲਿਆ ਇਹ ਹੁੰਗਾਰਾ ਕਾਂਗਰਸ ਲਈ ਵੋਟਾਂ ਵਿਚ ਕੁਝ ਖ਼ਾਸ ਤਬਦੀਲ ਨਹੀਂ ਹੋ ਸਕਿਆ। ਹੁਣ ਕਾਂਗਰਸ ਨੇ ਰਾਹੁਲ ਗਾਂਧੀ ਦੀ ਅਗਵਾਈ ਵਿਚ ਉੱਤਰ-ਪੂਰਬੀ ਰਾਜ ਮਨੀਪੁਰ ਤੋਂ ਮਹਾਰਾਸ਼ਟਰ ਤੱਕ 'ਨਿਆਂ ਯਾਤਰਾ' ਆਰੰਭ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਨੂੰ ਲੋਕਾਂ ਦਾ ਕਿੰਨਾ ਕੁ ਹੁੰਗਾਰਾ ਮਿਲਦਾ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ। ਰਾਹੁਲ ਗਾਂਧੀ ਨੂੰ ਇਸ ਸਾਲ ਮੋਦੀ 'ਸਰਨੇਮ' ਦੇ ਨਾਂਅ ਨਾਲ ਜਾਣੇ ਜਾਣ ਵਾਲੇ ਕੇਸ ਵਿਚ ਸੂਰਤ ਦੀ ਇਕ ਅਦਾਲਤ ਨੇ 2 ਸਾਲ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਸੀ, ਜਿਸ ਕਾਰਨ ਉਨ੍ਹਾਂ ਦੀ ਲੋਕ ਸਭਾ ਦੀ ਮੈਂਬਰੀ ਵੀ ਜਾਂਦੀ ਰਹੀ ਪਰ ਸੁਪਰੀਮ ਕੋਰਟ ਦੇ ਦਖ਼ਲ ਕਾਰਨ ਉਨ੍ਹਾਂ ਦੀ ਮੈਂਬਰੀ ਮੁੜ ਬਹਾਲ ਹੋ ਗਈ।
ਇਸ ਸਾਲ ਮਈ ਵਿਚ ਉੱਤਰ-ਪੂਰਬੀ ਰਾਜ ਮਨੀਪੁਰ ਵਿਚ ਮੈਦਾਨਾਂ ਵਿਚ ਰਹਿਣ ਵਾਲੇ ਮੈਤੇਈ ਫ਼ਿਰਕੇ ਦੇ ਲੋਕਾਂ ਅਤੇ ਪਹਾੜਾਂ ਵਿਚ ਰਹਿਣ ਵਾਲੇ ਕੁੱਕੀ ਕਬੀਲੇ ਦੇ ਲੋਕਾਂ ਵਿਚਕਾਰ ਹਿੰਸਕ ਟਕਰਾਅ ਹੋ ਗਿਆ ਅਤੇ ਇਸ ਨਾਲ ਮਨੀਪੁਰ ਦੇ ਵੱਡੇ ਇਲਾਕੇ ਵਿਚ ਹਿੰਸਾ ਅਤੇ ਕਤਲੋਗਾਰਤ ਦਾ ਦੌਰ ਚਲਦਾ ਰਿਹਾ। ਉਥੋਂ ਦੀ ਭਾਜਪਾ ਦੀ ਅਗਵਾਈ ਵਾਲੀ ਰਾਜ ਸਰਕਾਰ ਅਤੇ ਕੇਂਦਰ ਦੀ ਸਰਕਾਰ ਮਹੀਨਿਆਂ ਤੱਕ ਉਥੇ ਫੈਲੀ ਹਿੰਸਾ 'ਤੇ ਕਾਬੂ ਨਾ ਪਾ ਸਕੀਆਂ। ਉਥੇ ਔਰਤਾਂ ਦੀ ਵੱਡੀ ਪੱਧਰ 'ਤੇ ਬੇਹੁਰਮਤੀ ਸੰਬੰਧੀ ਵਾਇਰਲ ਹੋਈਆਂ ਵੀਡੀਓਜ਼ ਨਾਲ ਦੋਵਾਂ ਕਬੀਲਿਆਂ ਦੇ ਲੋਕਾਂ ਵਿਚ ਤਣਾਅ ਤੇ ਟਕਰਾਅ ਹੋਰ ਵੀ ਵਧ ਗਿਆ ਅਤੇ ਇਹ ਤਣਾਅ ਅਜੇ ਵੀ ਬਣਿਆ ਹੋਇਆ ਹੈ।
ਇਸ ਸਾਲ ਜੁਲਾਈ-ਅਗਸਤ ਮਹੀਨੇ ਵਿਚ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਨੂੰ ਭਿਆਨਕ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ। ਵਧੇਰੇ ਨੁਕਸਾਨ ਹਿਮਾਚਲ ਵਿਚ ਹੋਇਆ ਜਿਥੇ ਢਿਗਾਂ ਡਿਗਣ ਨਾਲ ਬਹੁਤ ਸਾਰੀਆਂ ਇਮਾਰਤਾਂ ਡਿਗ ਪਈਆਂ। ਬਹੁਤ ਸਾਰੀਆਂ ਸੜਕਾਂ ਤੇ ਪੁਲ ਤਬਾਹ ਹੋ ਗਏ। ਮੰਡੀ, ਕੁੱਲੂ, ਮਨਾਲੀ, ਸ਼ਿਮਲਾ ਅਤੇ ਕਾਂਗੜਾ ਵਿਚ ਵਿਸ਼ੇਸ਼ ਤੌਰ 'ਤੇ ਵਧੇਰੇ ਤਬਾਹੀ ਹੋਈ। ਕੁੱਲ 360 ਲੋਕ ਮਾਰੇ ਗਏ ਅਤੇ 12000 ਦੇ ਲਗਭਗ ਲੋਕਾਂ ਦੇ ਘਰ ਤਬਾਹ ਹੋ ਗਏ। ਸਰਕਾਰੀ ਅੰਦਾਜ਼ੇ ਦੇ ਮੁਤਾਬਿਕ ਇਨ੍ਹਾਂ ਹੜ੍ਹਾਂ ਵਿਚ ਕੁੱਲ 12 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ।
ਇਸ ਸਾਲ ਦੇਸ਼ ਨੇ ਕੁਝ ਅਹਿਮ ਪ੍ਰਾਪਤੀਆਂ ਵੀ ਹਾਸਿਲ ਕੀਤੀਆਂ, ਜਿਨ੍ਹਾਂ ਦਾ ਇਥੇ ਜ਼ਿਕਰ ਕਰਨਾ ਬਣਦਾ ਹੈ। ਦੇਸ਼ ਨੂੰ ਪਾਰਲੀਮੈਂਟ ਦੀ ਨਵੀਂ ਇਮਾਰਤ ਮਿਲੀ, ਜਿਸ ਦਾ 28 ਮਈ ਨੂੰ ਪ੍ਰਧਾਨ ਮੰਤਰੀ ਵਲੋਂ ਉਦਘਾਟਨ ਕੀਤਾ ਗਿਆ। ਪਰ ਇਸ ਸਮਾਗਮ ਵਿਚ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਨਾ ਬੁਲਾਉਣ ਕਾਰਨ ਵਿਰੋਧੀ ਦਲਾਂ ਵਲੋਂ ਸਮਾਗਮ ਦਾ ਬਾਈਕਾਟ ਕੀਤਾ ਗਿਆ। ਅਗਸਤ ਮਹੀਨੇ ਵਿਚ ਪੁਲਾੜ ਖੋਜ ਦੇ ਖੇਤਰ ਵਿਚ ਦੇਸ਼ ਨੇ ਇਕ ਵੱਡੀ ਪੁਲਾਂਘ ਪੁੱਟੀ। ਚੰਦਰਯਾਨ-3 ਚੰਦਰਮਾ ਦੇ ਨੇੜੇ ਪੁੱਜ ਗਿਆ ਅਤੇ ਉਹ ਸਫ਼ਲਤਾ ਨਾਲ ਵਿਕਰਮ ਲੈਂਡਰ ਨੂੰ ਚੰਦਰਮਾ ਦੇ ਦੱਖਣੀ ਭਾਗ 'ਤੇ ਉਤਾਰਨ ਵਿਚ ਸਫ਼ਲ ਰਿਹਾ ਅਤੇ ਵਿਕਰਮ ਲੈਂਡਰ ਤੋਂ ਵੱਖ ਹੋ ਕੇ ਰੋਵਰ ਨੇ ਚੰਦਰਮਾ ਦੀ ਸਤ੍ਹਾ 'ਤੇ ਵਿਚਰਦਿਆਂ ਕਈ ਤਜਰਬੇ ਕੀਤੇ। ਇਸ ਸਾਲ ਸਤੰਬਰ ਮਹੀਨੇ ਵਿਚ ਦਿੱਲੀ 'ਚ ਜੀ-20 ਦੇ ਮੈਂਬਰ ਦੇਸ਼ਾਂ ਦਾ ਸਿਖ਼ਰ ਸੰਮੇਲਨ ਹੋਇਆ, ਜਿਸ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੇ ਰੁਤਬੇ ਵਿਚ ਚੋਖਾ ਵਾਧਾ ਹੋਇਆ। ਇਸੇ ਸਾਲ ਸੁਪਰੀਮ ਕੋਰਟ ਵਲੋਂ ਕੁਝ ਮਹੱਤਵਪੂਰਨ ਫ਼ੈਸਲੇ ਸੁਣਾਏ ਗਏ ਜਿਨ੍ਹਾਂ ਵਿਚੋਂ ਦੋ ਫ਼ੈਸਲੇ ਵਧੇਰੇ ਚਰਚਿਤ ਰਹੇ। ਸੁਪਰੀਮ ਕੋਰਟ ਨੇ ਸਮਲਿੰਗੀਆਂ ਦੇ ਵਿਆਹਾਂ ਨੂੰ ਮਾਨਤਾ ਦੇਣ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਇਸ ਸੰਬੰਧੀ ਵਿਧਾਨ ਪਾਲਿਕਾ ਹੀ ਕੋਈ ਫ਼ੈਸਲਾ ਲੈ ਸਕਦੀ ਹੈ। ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਲੰਮੀ ਸੁਣਵਾਈ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਕੇਂਦਰ ਸਰਕਾਰ ਵਲੋਂ ਹਟਾਈ ਗਈ ਧਾਰਾ 370 ਦੇ ਹੱਕ ਵਿਚ ਫ਼ੈਸਲਾ ਕੀਤਾ ਅਤੇ ਇਸ ਸੰਬੰਧੀ ਦਾਖਲ ਕੀਤੀਆਂ ਪੁਟੀਸ਼ਨਾਂ ਨੂੰ ਰੱਦ ਕਰ ਦਿੱਤਾ।
ਇਸ ਸਾਲ 2 ਜੂਨ ਨੂੰ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਵਿਚ ਕੋਰੋਮੰਡਲ ਐਕਸਪ੍ਰੈੱਸ ਅਤੇ ਐਸ.ਐਮ.ਬੀ.ਟੀ. ਬੰਗਲੁਰੂ-ਹਾਵੜਾ ਐਕਸਪ੍ਰੈੱਸ ਗੱਡੀਆਂ ਆਪਸ ਵਿਚ ਟਕਰਾ ਗਈਆਂ ਤੇ ਇਸ ਹਾਦਸੇ ਵਿਚ 280 ਲੋਕ ਮਾਰੇ ਗਏ ਅਤੇ 850 ਤੋਂ ਵੱਧ ਜ਼ਖ਼ਮੀ ਹੋ ਗਏ।
ਉੱਤਰ ਪ੍ਰਦੇਸ਼ ਵਿਚ ਭਾਵੇਂ ਅਦੱਤਿਆਨਾਥ ਯੋਗੀ ਦੀ ਸਰਕਾਰ ਨੇ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਫ਼ੀ ਹੱਦ ਤੱਕ ਸੁਧਾਰਨ ਦਾ ਦਾਅਵਾ ਕੀਤਾ ਹੈ ਪਰ ਫਿਰ ਵੀ ਇਸ ਸਾਲ ਅਪ੍ਰੈਲ ਵਿਚ ਇਕ ਸਨਸਨੀਖੇਜ਼ ਘਟਨਾ ਇਹ ਵਾਪਰੀ ਕਿ ਗੈਂਗਸਟਰ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਨੂੰ ਪ੍ਰਯਾਗਰਾਜ ਵਿਚ ਪੁਲਿਸ ਦੀ ਹਾਜ਼ਰੀ ਵਿਚ ਕੁਝ ਲੋਕਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਇਸ ਨਾਲ ਪੂਰੇ ਰਾਜ ਵਿਚ ਦਹਿਸ਼ਤ ਫੈਲ ਗਈ। ਉੱਤਰਾਖੰਡ ਵਿਚ ਨਵੰਬਰ ਮਹੀਨੇ ਦੌਰਾਨ ਇਕ ਉਸਾਰੀ ਅਧੀਨ ਸੁਰੰਗ ਵਿਚ ਢਿਗਾਂ ਡਿਗਣ ਨਾਲ 41 ਮਜ਼ਦੂਰ ਘਿਰ ਗਏ ਤੇ ਉਨ੍ਹਾਂ ਨੂੰ ਬਚਾਉਣ ਲਈ ਕਈ ਦਿਨਾਂ ਤੱਕ ਰਾਹਤ ਆਪ੍ਰੇਸ਼ਨ ਚਲਾਉਣਾ ਪਿਆ ਜੋ ਕਿ ਨਿਰੰਤਰ 400 ਘੰਟਿਆਂ ਤੱਕ ਜਾਰੀ ਰਿਹਾ। ਇਸ ਦੌਰਾਨ ਆਧੁਨਿਕ ਮਸ਼ੀਨਾਂ ਦੀ ਵਰਤੋਂ ਵੀ ਕੀਤੀ ਗਈ ਤੇ ਅਖੀਰ ਵਿਚ 14 ਖੁਦਾਈ ਕਰਨ ਵਾਲਿਆਂ ਨੇ ਰਿਵਾਇਤੀ ਢੰਗ ਨਾਲ ਚੂਹਿਆਂ ਦੀ ਤਰ੍ਹਾਂ ਖੁਦਾਈ ਕਰਦਿਆਂ 41 ਮਜ਼ਦੂਰਾਂ ਤੱਕ ਪਹੁੰਚ ਬਣਾਈ ਤੇ ਆਪ੍ਰੇਸ਼ਨ ਸਫ਼ਲ ਰਿਹਾ।
ਜੇਕਰ ਖੇਡਾਂ ਦੀ ਗੱਲ ਕਰੀਏ ਤਾਂ ਇਸ ਸਾਲ ਚੀਨ ਵਿਚ ਹੋਈਆਂ ਏਸ਼ੀਅਨ ਖੇਡਾਂ ਅਤੇ ਕਈ ਹੋਰ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਭਾਰਤ ਦੇ ਖਿਡਾਰੀਆਂ ਨੇ ਵੱਡੀਆਂ ਮੱਲਾਂ ਮਾਰੀਆਂ। ਇਕੱਲੀਆਂ ਏਸ਼ੀਅਨ ਖੇਡਾਂ ਵਿਚ 100 ਤੋਂ ਵੱਧ ਤਗਮੇ ਜਿੱਤਣ ਵਿਚ ਖਿਡਾਰੀ ਸਫ਼ਲ ਰਹੇ। ਪਰ ਭਾਰਤ ਵਿਚ ਹੋਏ ਇਕ ਦਿਨਾ ਵਿਸ਼ਵ ਕ੍ਰਿਕਟ ਕੱਪ ਦੇ ਫਾਈਨਲ ਵਿਚ ਪਹੁੰਚਣ ਦੇ ਬਾਵਜੂਦ ਵਿਸ਼ਵ ਕੱਪ ਜਿੱਤਣ ਤੋਂ ਭਾਰਤ ਦੀ ਕ੍ਰਿਕਟ ਟੀਮ ਖੁੰਝ ਗਈ ਤੇ ਇਹ ਸਫ਼ਲਤਾ ਆਸਟ੍ਰੇਲੀਆ ਦੀ ਟੀਮ ਨੂੰ ਹਾਸਿਲ ਹੋਈ।
ਇਸ ਸਾਲ ਦੇ ਅਖ਼ੀਰ ਵਿਚ ਭਾਰਤ ਦੀ ਨਵੀਂ ਬਣੀ ਪਾਰਲੀਮੈਂਟ ਦੀ ਸੁਰੱਖਿਆ ਦੇ ਮਾਮਲੇ ਵਿਚ ਇਕ ਵੱਡੀ ਕੁਤਾਹੀ ਸਾਹਮਣੇ ਆਈ। ਦੋ ਨੌਜਵਾਨ ਦਰਸ਼ਕ ਗੈਲਰੀ ਤੋਂ ਛਾਲਾਂ ਮਾਰ ਕੇ ਲੋਕ ਸਭਾ ਦੇ ਚੈਂਬਰ ਵਿਚ ਦਾਖਲ ਹੋ ਗਏ ਅਤੇ ਉਨ੍ਹਾਂ ਨੇ ਦੋ ਕਨਸਤਰਾਂ ਵਿਚੋਂ ਪੀਲੀ ਜਿਹੀ ਗੈਸ ਛੱਡ ਦਿੱਤੀ ਅਤੇ ਨਾਅਰੇਬਾਜ਼ੀ ਕੀਤੀ। ਇਨ੍ਹਾਂ ਨੌਜਵਾਨਾਂ ਦੇ ਦੋ ਹੋਰ ਸਾਥੀਆਂ ਨੇ ਪਾਰਲੀਮੈਂਟ ਦੇ ਬਾਹਰ ਇਸੇ ਤਰ੍ਹਾਂ ਦੇ ਕਨਸਤਰਾਂ ਵਿਚੋਂ ਪੀਲੀ ਗੈਸ ਛੱਡੀ ਅਤੇ ਸਰਕਾਰ ਵਿਰੁੱਧ ਨਾਅਰੇ ਲਗਾਏ। ਜਦੋਂ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਸੰਸਦ ਦੀ ਸੁਰੱਖਿਆ ਦੇ ਮਾਮਲੇ ਵਿਚ ਹੋਈ ਇਸ ਕੁਤਾਹੀ ਦਾ ਮੁੱਦਾ ਉਠਾ ਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਿਆਨ ਦੀ ਮੰਗ ਕੀਤੀ ਤਾਂ ਵਿਰੋਧੀ ਪਾਰਟੀਆਂ ਨਾਲ ਸੰਬੰਧਿਤ 148 ਦੇ ਲਗਭਗ ਰਾਜ ਸਭਾ ਅਤੇ ਲੋਕ ਸਭਾ ਦੇ ਮੈਂਬਰਾਂ ਨੂੰ ਪੂਰੇ ਸੈਸ਼ਨ ਲਈ ਬਰਖ਼ਾਸਤ ਕਰ ਦਿੱਤਾ ਗਿਆ। ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚ ਹੀ ਕੇਂਦਰੀ ਸਰਕਾਰ ਨੇ ਤਿੰਨ ਫ਼ੌਜਦਾਰੀ ਬਿੱਲਾਂ ਸਮੇਤ ਹੋਰ ਕਈ ਅਹਿਮ ਬਿੱਲ ਸੰਸਦ ਵਿਚੋਂ ਪਾਸ ਕਰਵਾ ਲਏ। ਕੇਂਦਰੀ ਸਰਕਾਰ ਦੇ ਇਸ ਵਤੀਰੇ ਨਾਲ ਦੇਸ਼ ਵਿਚ ਲੋਕਤੰਤਰ ਦੇ ਭਵਿੱਖ ਸੰਬੰਧੀ ਵਿਰੋਧੀ ਹਲਕਿਆਂ ਦੇ ਦਿਲਾਂ ਵਿਚ ਸ਼ੰਕੇ ਮੁੜ ਉੱਭਰੇ ਹਨ। ਕੇਂਦਰ ਸਰਕਾਰ ਦੇ ਇਸ ਵਤੀਰੇ ਵਿਰੁੱਧ ਵਿਰੋਧੀ ਪਾਰਟੀਆਂ ਰੋਸ ਪ੍ਰਗਟ ਕਰ ਰਹੀਆਂ ਹਨ।

-ਅਜੀਤ ਬਿਊਰੋ

Ad Position 22
No active advertisement
ਪਿਛਲੀ ਖ਼ਬਰ ਯੂਕਰੇਨ ਤੋਂ ਗਾਜ਼ਾ ਪੱਟੀ ਤੱਕ-ਬਰਬਾਦੀ ਨੇ ਦੁਨੀਆ ਨੂੰ ਝੰਜੋੜਿਆ ਅਗਲੀ ਖ਼ਬਰ ਟਕਰਾਵਾਂ, ਜੁਰਮਾਂ ਤੇ ਵਿਵਾਦਾਂ ਦੇ ਨਾਂਅ ਰਿਹਾ ਇਹ ਸਾਲ
Ad Position 24
No active advertisement