ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2023

ਯੂਕਰੇਨ ਤੋਂ ਗਾਜ਼ਾ ਪੱਟੀ ਤੱਕ-ਬਰਬਾਦੀ ਨੇ ਦੁਨੀਆ ਨੂੰ ਝੰਜੋੜਿਆ

Ad Position 21
No active advertisement
ਅਜੀਤ ਡੈਸਕ 31-12-2023

ਇਸ ਸਾਲ ਸਤੰਬਰ ਦੇ ਆਖਰੀ ਦਿਨਾਂ ਵਿਚ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੇਵਨ ਕਾਫੀ ਸੰਤੁਸ਼ਟ ਨਜ਼ਰ ਆ ਰਹੇ ਸਨ। ਅਜਿਹਾ ਹੋਣਾ ਸੁਭਾਵਿਕ ਸੀ ਕਿਉਂਕਿ ਆਖਰਕਾਰ ਅਮਰੀਕੀ ਕੂਟਨੀਤੀ ਲਈ ਹਮੇਸ਼ਾ ਸਿਰਦਰਦੀ ਬਣੀ ਰਹਿਣ ਵਾਲੀ ਮੱਧ ਪੂਰਬ ਦੀ ਸਥਿਤੀ ਇਸ ਪੂਰੇ ਸਾਲ ਵਿਚ ਕਾਫੀ ਆਸ ਭਰਪੂਰ ਸੀ। ਅਬਰਾਹਮ ਸਮਝੌਤੇ ਨਾਲ ਇਜ਼ਰਾਈਲ ਅਤੇ ਅਰਬ ਦੇਸ਼ਾਂ ਵਿਚਾਲੇ ਸੰਬੰਧ ਲਗਾਤਾਰ ਬਿਹਤਰ ਹੁੰਦੇ ਜਾ ਰਹੇ ਸਨ। ਇਸ ਸਮਝੌਤੇ ਦੇ ਚਲਦਿਆਂ ਨਾ ਸਿਰਫ਼ ਸੰਯੁਕਤ ਅਰਬ ਅਮੀਰਾਤ ਨੇ ਹੈਰਾਨੀਜਨਕ ਰੂਪ 'ਚ ਇਜ਼ਰਾਈਲ ਨੂੰ ਮਾਨਤਾ ਦਿੱਤੀ ਬਲਕਿ ਇਹ ਅਟਕਲਾਂ ਵੀ ਤੇਜ਼ ਸਨ ਕਿ ਇਜ਼ਰਾਈਲ ਇਸੇ ਸਾਲ ਦੇ ਅੰਤ ਤੱਕ ਸਾਊਦੀ ਅਰਬ ਨਾਲ ਵੀ ਰਾਜਨੀਤਕ ਸੰਬੰਧ ਸਥਾਪਿਤ ਕਰ ਸਕਦਾ ਹੈ। ਇਸ ਸਾਲ ਯਮਨ 'ਚ ਵੀ ਭਿਆਨਕ ਗ੍ਰਹਿ ਯੁੱਧ ਤੋਂ ਰਾਹਤ ਮਿਲੀ ਸੀ, ਕਿਉਂਕਿ ਯੁੱਧਬੰਦੀ ਲਗਾਤਾਰ ਸਫਲਤਾ ਨਾਲ ਜਾਰੀ ਸੀ। ਇਨ੍ਹਾਂ ਹਾਲਤਾਂ ਨੂੰ ਦੇਖ ਕੇ ਹੀ ਸੁਲੇਵਨ ਨੇ ਇਕ ਵਾਰਤਾ 'ਚ ਕਿਹਾ, 'ਮੱਧ ਪੂਰਬ ਖੇਤਰ 'ਚ ਪਿਛਲੇ ਦੋ ਸਾਲਾਂ ਤੋਂ ਕਾਫੀ ਹੱਦ ਤੱਕ ਅਮਨ ਹੈ'। ਪਰ ਲਗਦਾ ਹੈ ਇਸ ਜੁਮਲੇ ਨਾਲ ਮੱਧ ਪੂਰਬ ਦੀ ਸ਼ਾਂਤੀ ਨੂੰ ਨਜ਼ਰ ਲੱਗ ਗਈ ਕਿਉਂਕਿ ਇਸ ਜੁਮਲੇ ਦੇ ਅੱਠਵੇਂ ਦਿਨ ਹੀ ਉਹ ਹੋ ਗਿਆ, ਜੋ ਪਹਿਲਾਂ ਕਦੀ ਨਹੀਂ ਹੋਇਆ ਸੀ। 7 ਅਕਤੂਬਰ ਨੂੰ ਫਿਲਸਤੀਨੀ ਹਥਿਆਰਬੰਦ ਗਰੁੱਪ 'ਹਮਾਸ' ਨੇ ਗਾਜ਼ਾਪੱਟੀ 'ਚ ਅਚਾਨਕ ਇਜ਼ਰਾਈਲ ਉਤੇ ਰਾਕੇਟ ਹਮਲਿਆਂ ਨਾਲ ਮੂਸਲਾਧਾਰ ਮੀਂਹ ਵਰ੍ਹਾ ਦਿੱਤਾ। ਆਪ੍ਰੇਸ਼ਨ ਅਲ ਅਕਸਾ ਫਲੱਡ ਦਾ ਐਲਾਨ ਕਰਦੇ ਹੋਏ ਹਮਾਸ ਨੇ ਮਹਿਜ਼ 20 ਮਿੰਟਾਂ 'ਚ ਗਾਜ਼ਾ ਪੱਟੀ ਤੋਂ ਇਜ਼ਰਾਈਲ 'ਤੇ 3000 ਤੋਂ ਜ਼ਿਆਦਾ ਰਾਕੇਟ ਦਾਗ਼ ਦਿੱਤੇ। ਏਨਾ ਹੀ ਨਹੀਂ ਹਮਾਸ ਦੀਆਂ ਪੰਜ ਆਤਮਘਾਤੀ ਟੀਮਾਂ, ਇਜ਼ਰਾਈਲ ਦੇ ਅੰਦਰ ਤੱਕ ਵੜ ਗਈਆਂ। ਇਨ੍ਹਾਂ ਆਤਮਘਾਤੀ ਟੀਮਾਂ ਨੇ ਔਰਤਾਂ ਤੋਂ ਲੈ ਕੇ ਬਜ਼ੁਰਗਾਂ ਅਤੇ ਬੱਚਿਆਂ ਤੱਕ ਨਾਲ ਉਹ ਹੈਵਾਨੀਅਤ ਭਰਿਆ ਤੇ ਵਹਿਸ਼ੀਪੁਣੇ ਵਾਲਾ ਕਾਰਾ ਕੀਤਾ, ਜਿਸ ਨੂੰ ਦੇਖ ਕੇ ਕਿਸੇ ਵੀ ਦੇਸ਼ ਦੀ ਰੂਹ ਕੰਬ ਜਾਵੇ। ਕੁਝ ਹੀ ਘੰਟਿਆਂ ਵਿਚ ਲਗਭਗ 1200 ਇਜ਼ਰਾਈਲੀ ਜਿਨ੍ਹਾਂ ਵਿਚ ਬਜ਼ੁਰਗ, ਬੱਚੇ ਅਤੇ ਔਰਤਾਂ ਸਨ, ਮੌਤ ਦੇ ਘਾਟ ਉਤਾਰ ਦਿੱਤੇ ਗਏ ਅਤੇ ਕਰੀਬ 240 ਲੋਕਾਂ ਨੂੰ ਅਗਵਾ ਕਰ ਲਿਆ ਗਿਆ। ਇਜ਼ਰਾਈਲ ਦੇ ਇਤਿਹਾਸ ਵਿਚ ਇਹ ਸਭ ਤੋਂ ਕਾਲਾ ਦਿਨ ਸੀ ਪਰ ਹਮਾਸ ਦੀ ਇਹ ਇਕਤਰਫ਼ਾ ਕਾਰਵਾਈ ਬਸ ਕੁਝ ਹੀ ਘੰਟਿਆਂ ਤੱਕ ਸੀਮਤ ਸੀ। ਇਸ ਤੋਂ ਬਾਅਦ ਸ਼ੁਰੂ ਹੋਇਆ ਇਜ਼ਰਾਈਲੀ ਫ਼ੌਜਾਂ ਦਾ ਕਹਿਰ, ਜੋ ਇਨ੍ਹਾਂ ਸਤਰਾਂ ਦੇ ਲਿਖੇ ਜਾਣ ਤੱਕ ਵੀ ਜਾਰੀ ਹੈ। ਇਜ਼ਰਾਈਲ ਦੀ ਨੇਤਨਯਾਹੂ ਦੀ ਸਰਕਾਰ ਨੇ ਹਮਾਸ ਨੂੰ ਜੜ੍ਹ ਤੋਂ ਪੁੱਟ ਦੇਣ ਦਾ ਨਿਸ਼ਚਾ ਕੀਤਾ ਹੋਇਆ ਹੈ। ਇਸ ਦੇ ਚਲਦਿਆਂ 10 ਦਸੰਬਰ, 2023 ਤੱਕ 13,600 ਤੋਂ ਜ਼ਿਆਦਾ ਫਿਲਸਤੀਨੀ ਮਾਰੇ ਜਾ ਚੁੱਕੇ ਸਨ, ਜਿਨ੍ਹਾਂ 'ਚ 6100 ਤੋਂ ਜ਼ਿਆਦਾ ਮਾਸੂਮ ਬੱਚੇ ਸਨ। ਹਮਾਸ ਦੇ ਹਮਲੇ ਤੋਂ ਕੁਝ ਹੀ ਘੰਟਿਆਂ ਬਾਅਦ ਇਜ਼ਰਾਈਲ ਨੇ ਗਾਜ਼ਾ ਪੱਟੀ ਦੇ ਵੱਡੇ ਖੇਤਰ ਨੂੰ ਬੰਬਾਂ ਅਤੇ ਗੋਲੇ-ਬਾਰੂਦ ਨਾਲ ਤਬਾਹ ਕਰ ਦਿੱਤਾ। ਅਸਲ 'ਚ ਇਜ਼ਰਾਈਲ 'ਤੇ ਹਮਾਸ ਦਾ ਕਹਿਰ ਕੁਝ ਘੰਟਿਆਂ ਤੱਕ ਹੀ ਰਿਹਾ, ਇਸ ਤੋਂ ਬਾਅਦ ਹੁਣ ਤੱਕ ਇਜ਼ਰਾਈਲ ਦਾ ਗਾਜ਼ਾ ਉਤੇ ਕਹਿਰ ਜਾਰੀ ਹੈ।
ਹਮਾਸ-ਇਜ਼ਰਾਈਲ ਜੰਗ ਜਿਥੇ ਇਸ ਸਾਲ ਅੰਤਰਰਾਸ਼ਟਰੀ ਪੱਧਰ 'ਤੇ ਸਭ ਤੋਂ ਵੱਡੀ ਅਤੇ ਵਧੇਰੇ ਸੁਰਖੀਆਂ ਲੈਣ ਵਾਲੀ ਅਚਾਨਕ ਵਾਪਰੀ ਘਟਨਾ ਰਹੀ, ਉਥੇ ਧਰਤੀ ਦਾ ਬਿਨਾਂ ਰੁਕੇ ਲਗਾਤਾਰ ਵਧ ਰਿਹਾ ਤਾਪਮਾਨ ਇਸ ਸਾਲ ਦੁਨੀਆ ਨੂੰ ਸਭ ਤੋਂ ਜ਼ਿਆਦਾ ਹੈਰਾਨ ਅਤੇ ਚਿੰਤਤ ਕਰਨ ਵਾਲੀ ਦੂਜੀ ਘਟਨਾ ਰਹੀ। ਵਧਦੇ ਹੋਏ ਵਿਸ਼ਵ ਵਿਆਪੀ ਤਾਪਮਾਨ ਨੇ ਇਸ ਸਾਲ ਸਾਰੇ ਰਿਕਾਰਡ ਤੋੜ ਦਿੱਤੇ। ਜਲਵਾਯੂ ਤਬਦੀਲੀ ਹੁਣ ਭਵਿੱਖ ਦਾ ਖ਼ਤਰਾ ਨਹੀਂ ਹੈ, ਸਗੋਂ ਦਹਿਲੀਜ਼ 'ਤੇ ਖੜ੍ਹਾ ਵਰਤਮਾਨ ਦਾ ਸੰਕਟ ਹੈ, ਝੁਲਸਦੀ ਧਰਤੀ ਦੁਨੀਆ ਦੀ ਨਵੀਂ ਅਸਲੀਅਤ ਹੈ। ਜਦੋਂ ਤੋਂ ਦੁਨੀਆ ਦਾ ਤਾਪਮਾਨ ਰਿਕਾਰਡ ਕੀਤਾ ਜਾ ਰਿਹਾ ਹੈ, ਸਾਲ 2023 ਹੁਣ ਤੱਕ ਦਾ ਸਭ ਤੋਂ ਗਰਮ ਸਾਲ ਰਿਹਾ ਹੈ। ਵਿਗਿਆਨੀਆਂ ਦੀ ਮੰਨੀਏ ਤਾਂ 1,25,000 ਸਾਲਾਂ 'ਚ ਧਰਤੀ ਦਾ ਤਾਪਮਾਨ ਕਦੀ ਵੀ ਏਨਾ ਗਰਮ ਨਹੀਂ ਰਿਹਾ। ਸਾਲ 2015 'ਚ ਪੈਰਿਸ ਸਮਝੌਤੇ ਸਮੇਂ ਵਿਨਾਸ਼ ਦਾ ਤੌਖਲਾ ਪੈਦਾ ਕਰਨ ਵਾਲਾ, ਧਰਤੀ ਦੇ ਤਾਪਮਾਨ 'ਚ 2 ਡਿਗਰੀ ਸੈਲਸੀਅਸ ਦਾ ਵਾਧਾ ਆਸ ਤੋਂ ਪਹਿਲਾਂ ਹੀ ਆ ਧਮਕਿਆ ਹੈ। ਇਸ ਕਾਰਨ ਹੀ ਜਿਥੇ ਜੰਗਲ 'ਚ ਅੱਗ ਲੱਗਣ ਦੀਆਂ ਇਸ ਸਾਲ ਅਨੇਕਾਂ ਘਟਨਾਵਾਂ ਵਾਪਰੀਆਂ, ਉਥੇ ਦੁਨੀਆ ਦੇ ਕਈ ਹਿੱਸਿਆਂ 'ਚ ਇਕੱਠੇ ਸੋਕੇ ਅਤੇ ਹੜ੍ਹਾਂ ਦੀ ਮਾਰ ਨੇ ਵੀ ਰਿਕਾਰਡ ਬਣਾਇਆ ਹੈ। ਇਹ ਪਹਿਲਾ ਸਾਲ ਹੈ, ਜਦੋਂ ਦੁਨੀਆ ਨੇ ਦੇਖਿਆ ਅਤੇ ਸਮਝਿਆ ਕਿ ਕਿਸ ਤਰ੍ਹਾਂ ਉੱਚ ਪੱਧਰ ਦੀ ਨਮੀ ਭਾਵ ਵਾਸ਼ਪੀਕਰਨ ਨਾਲ ਉੱਚ ਤਾਪਮਾਨ ਵੀ ਮੌਤ ਦਾ ਕਾਰਨ ਬਣ ਸਕਦਾ ਹੈ। ਇਸ ਸਭ 'ਤੇ ਚਰਚਾ ਕਰਨ ਲਈ 28ਵੀਂ ਸੀ.ਓ.ਪੀ.-28 ਦੀ ਬੈਠਕ 1 ਤੋਂ 2 ਦਸੰਬਰ ਤੱਕ ਦੁਬਈ 'ਚ ਹੋਈ ਸੀ।
ਪਿਛਲੇ ਸਾਲ ਜਦੋਂ ਰੂਸ ਨੇ ਯੂਕਰੇਨ 'ਤੇ ਹਮਲਾ ਕੀਤਾ ਸੀ, ਉਦੋਂ ਕਿਸੇ ਨੂੰ ਖਿਆਲ ਵੀ ਨਹੀਂ ਸੀ, ਕਿ ਇਹ ਜੰਗ ਇਕ ਪੰਦ੍ਹਰਵਾੜੇ ਤੋਂ ਜ਼ਿਆਦਾ ਚੱਲੇਗੀ, ਪਰ ਯੂਕਰੇਨ ਨੇ ਪੱਛਮੀ ਦੇਸ਼ਾਂ ਦੀ ਮਦਦ ਨਾਲ ਨਾ ਸਿਰਫ਼ ਰੂਸ ਨੂੰ ਲਗਾਤਾਰ ਨਿਰਣਾਇਕ ਜਿੱਤ ਲਈ ਨਿਰਾਸ਼ ਕੀਤਾ ਬਲਕਿ ਇਸ ਸਾਲ ਦੀ ਸ਼ੁਰੂਆਤ ਵਿਚ ਉਮੀਦ ਇਹ ਲਗਾ ਲਈ ਗਈ ਕਿ ਯੂਕਰੇਨ ਦਾ ਜਵਾਬੀ ਹਮਲਾ ਪੂਰਬੀ ਯੂਕਰੇਨ ਅਤੇ ਸੰਭਾਵਿਤ ਕ੍ਰੀਮੀਆ 'ਤੇ ਰੂਸ ਦੀ ਪਕੜ ਨੂੰ ਤੋੜ ਸਕਦਾ ਹੈ। ਇਹ ਜਵਾਬੀ ਕਾਰਵਾਈ ਜੂਨ ਦੇ ਸ਼ਰੂਆਤ ਵਿਚ ਹੋਈ ਸੀ। ਪਰ ਸੈਨਿਕਾਂ ਨੂੰ ਵੱਡੀ ਪੱਧਰ 'ਤੇ ਨੁਕਸਾਨ ਪਹੁੰਚਾਉਣ ਦੇ ਬਾਵਜੂਦ ਯੁੱਧ ਰੇਖਾ ਮੁਸ਼ਕਿਲ ਨਾਲ ਹੀ ਅੱਗੇ ਵਧੀ। ਰੂਸੀ ਫ਼ੌਜ ਨੇ ਸਰਦੀਆਂ ਅਤੇ ਬਸੰਤ ਨੂੰ ਕਾਰਵਾਈ ਲਈ ਚੁਣਿਆ ਕਿਉਂਕਿ ਇਹ ਸਮਾਂ ਜਿੱਤ ਦੀ ਵਿਊ ਰਚਨਾ ਲਈ ਢੁਕਵਾਂ ਸੀ।
ਪੂਰੀ ਦੁਨੀਆ ਦਾ ਧਿਆਨ ਖਿੱਚਣ ਵਾਲੀ ਇਸ ਸਾਲ ਦੀ ਇਕ ਵੱਡੀ ਘਟਨਾ ਇਹ ਰਹੀ ਕਿ ਭਾਰਤ ਦੁਨੀਆ 'ਚ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਦੇਸ਼ ਦੇ ਰੂਪ ਵਿਚ ਚੀਨ ਤੋਂ ਅੱਗੇ ਨਿਕਲ ਗਿਆ। ਪਿਛਲੀ ਸਦੀ ਵਿਚ ਕਾਫ਼ੀ ਲੰਬੇ ਸਮੇਂ ਤੱਕ ਅਤੇ ਮੌਜੂਦਾ ਸਦੀ ਦੇ ਲਗਭਗ ਸਾਢੇ 23 ਸਾਲਾਂ ਤੱਕ ਚੀਨ ਦੇ ਸਿਰ 'ਤੇ ਸਭ ਤੋਂ ਜ਼ਿਆਦਾ ਆਬਾਦੀ ਦਾ ਤਾਜ ਰਿਹਾ ਹੈ। ਆਮ ਗਿਆਨ ਭਾਵ ਜਨਰਲ ਨਾਲੇਜ ਦੀਆਂ ਕਿਤਾਬਾਂ ਵਿਚ ਦਹਾਕਿਆਂ ਤੱਕ ਇਹ ਅੰਕੜਾ ਮੌਜੂਦ ਰਿਹਾ, ਪਰ ਹੁਣ ਇਹ ਅੰਕੜਾ ਬਦਲ ਗਿਆ ਹੈ। ਅੱਜ ਭਾਰਤ ਦੀ ਦੁਨੀਆ 'ਚ ਸਭ ਤੋਂ ਜ਼ਿਆਦਾ ਲਗਭਗ 1.43 ਅਰਬ ਦੀ ਆਬਾਦੀ ਹੈ ਅਤੇ ਆਸ ਹੈ ਕਿ ਅਗਲੇ ਦਹਾਕਿਆਂ ਤੱਕ ਇਹ ਤਾਜ ਭਾਰਤ ਦੇ ਸਿਰ 'ਤੇ ਸਜਿਆ ਰਹੇਗਾ। ਮਾਹਿਰਾਂ ਦਾ ਅੰਦਾਜ਼ਾ ਹੈ ਕਿ ਭਾਰਤ ਦੀ ਆਬਾਦੀ ਔਸਤ 29 ਸਾਲਾਂ ਦੀ ਉਮਰ ਨਾਲ ਸਦੀ ਦੇ ਅੱਧ ਤੱਕ 1.7 ਅਰਬ ਤੱਕ ਪਹੁੰਚ ਜਾਵੇਗੀ।
ਸਾਲ 2023 ਨੂੰ ਫਿਰ ਤੋਂ ਸ਼ੁਰੂ ਹੋਈ ਪੁਲਾੜ 'ਚ ਜਾਣ ਦੀ ਹੋੜ ਵਜੋਂ ਜਾਣਿਆ ਜਾਵੇਗਾ। ਨਾ ਸਿਰਫ਼ ਵੱਖ-ਵੱਖ ਦੇਸ਼ਾਂ ਬਲਕਿ ਦਰਜਨਾਂ ਕਾਰਪੋਰੇਟ ਕੰਪਨੀਆਂ ਵੀ ਇਸ ਦੌੜ 'ਚ ਸ਼ਾਮਿਲ ਹੋ ਗਈਆਂ ਹਨ। ਪੁਲਾੜ ਸੈਰ-ਸਪਾਟੇ ਦਾ ਨਵਾਂ ਸੁਪਨਮਈ ਥਾਂ ਬਣ ਗਿਆ ਹੈ। ਵੱਖ-ਵੱਖ ਦੇਸ਼ ਅਤੇ ਅਨੇਕਾਂ ਵੱਡੀਆਂ ਕਾਰਪੋਰੇਟ ਕੰਪਨੀਆਂ ਅੱਜਕਲ੍ਹ ਪੁਲਾੜ 'ਤੇ ਵੱਡਾ ਦਾਅ ਖੇਡ ਰਹੀਆਂ ਹਨ। ਅੱਜ ਦੁਨੀਆ ਦੇ 77 ਦੇਸ਼ਾਂ ਵਿਚ ਪੁਲਾੜ ਏਜੰਸੀਆਂ ਹਨ। 16 ਦੇਸ਼ ਪੁਲਾੜ ਵਿਚ ਪੇਲੋਡ ਲਾਂਚ ਕਰ ਸਕਦੇ ਹਨ। ਚੰਦਰਮਾ ਇਸ ਸਾਲ ਪੁਲਾੜ ਵਿਗਿਆਨੀਆਂ ਦੀ ਹੀ ਨਹੀਂ, ਬਹੁਤ ਸਾਰੇ ਦੇਸ਼ਾਂ ਦੇ ਸ਼ਾਸਕਾਂ ਦੀ ਵੀ ਵਿਸ਼ੇਸ਼ ਰੁਚੀ ਦਾ ਵਿਸ਼ਾ ਬਣ ਗਿਆ। ਇਸ ਸਾਲ ਰੂਸ ਦਾ ਚੰਦਰਮਾ 'ਤੇ ਫ਼ਤਹਿ ਪਾਉਣ ਦਾ ਇਕ ਹੋਰ ਯਤਨ ਨਿਰਾਸ਼ਾ ਨਾਲ ਸਮਾਪਤ ਹੋ ਗਿਆ, ਜਦੋਂ ਉਸ ਦਾ ਲੈਂਡਰ ਚੰਦਰਮਾ ਦੀ ਸਤ੍ਹਾ 'ਤੇ ਦੁਰਘਟਨਾਗ੍ਰਸਤ ਹੋ ਗਿਆ। ਪਰ ਇਸ ਤੋਂ ਕੁਝ ਹੀ ਦਿਨਾਂ ਬਾਅਦ ਭਾਰਤ ਚੰਦਰਮਾ 'ਤੇ ਮਨੁੱਖ ਤੋਂ ਬਿਨਾਂ ਲੈਂਡਰ ਯਾਨ ਉਤਾਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਗਿਆ। ਜਦੋਂ ਕਿ ਚੰਦਰਮਾ ਦੇ ਦੱਖਣੀ ਧਰੁਵੀ ਖੇਤਰ ਦੇ ਨੇੜੇ ਅਜਿਹਾ ਕਰਨ ਵਾਲਾ ਦੁਨੀਆ ਦਾ ਉਹ ਸਭ ਤੋਂ ਪਹਿਲਾ ਦੇਸ਼ ਬਣ ਗਿਆ। ਦੋ ਹਫ਼ਤੇ ਬਾਅਦ ਭਾਰਤ ਨੇ ਸੂਰਜ ਦਾ ਅਧਿਐਨ ਕਰਨ ਲਈ ਜੋ ਅਦਿੱਤਿਆ ਐਲ-1 ਮਿਸ਼ਨ ਭੇਜਿਆ, ਉਸ ਦਾ ਵੀ ਪੂਰੀ ਦੁਨੀਆ ਨੇ ਮਹੱਤਵਪੂਰਨ ਕਦਮ ਦੇ ਰੂਪ ਵਿਚ ਨੋਟਿਸ ਲਿਆ। ਚੀਨ ਅਤੇ ਅਮਰੀਕਾ ਨੇ ਵੀ ਆਪਣੀਆਂ ਚੰਦਰਮਾ ਸੰਬੰਧੀ ਮਹੱਤਵਪੂਰਨ ਯੋਜਨਾਵਾਂ ਦਾ ਇਸ ਸਾਲ ਐਲਾਨ ਕੀਤਾ ਹੈ। ਨਾਸਾ ਦਾ ਨਿਸ਼ਾਨਾ 2025 ਤੱਕ ਚੰਦਰਮਾ 'ਤੇ ਪੁਲਾੜ ਯਾਤਰੀਆਂ ਨੂੰ ਭੇਜ ਕੇ ਵਾਪਸ ਲਿਆਉਣ ਦਾ ਹੈ। ਹਾਲਾਂਕਿ ਇਸ ਸਾਲ ਪੁਲਾੜ 'ਚ ਪਹੁੰਚਣ ਦੀ ਨਵੀਂ ਹੋੜ ਨੇ ਇਹ ਖ਼ਦਸ਼ਾ ਪੈਦਾ ਕਰ ਦਿੱਤਾ ਹੈ ਕਿ ਇਸ ਨਾਲ ਭੂ-ਰਾਜਨੀਤਕ ਮੁਕਾਬਲੇਬਾਜ਼ੀ ਅਤੇ ਪੁਲਾੜ ਦੇ ਫੌਜੀਕਰਨ ਨੂੰ ਵੀ ਤਰਜੀਹ ਮਿਲੇਗੀ।
ਸਮੁੰਦਰੀ ਖੋਜ ਅਤੇ ਸੈਰ-ਸਪਾਟੇ ਲਈ ਇਹ ਸਾਲ ਬਹੁਤ ਹੀ ਦੁੱਖ ਭਰਿਆ ਸਾਬਤ ਹੋਇਆ। ਜਦੋਂ ਓਸ਼ਨਗੇਟ ਕੰਪਨੀ ਵਲੋਂ ਬਣਾਈ ਗਈ ਟਾਈਟਨ ਸਬਮਰੀਨ ਪਨਡੁੱਬੀ ਜੋ ਕਿ ਅਮੀਰ ਲੋਕਾਂ ਨੂੰ ਡੁੱਬੇ ਹੋਏ ਟਾਈਟੈਨਿਕ ਜਹਾਜ਼ ਦਾ ਮਲਬਾ ਦਿਖਾਉਣ ਲਈ ਉਨ੍ਹਾਂ ਨੂੰ ਸਮੁੰਦਰ ਅੰਦਰ ਤੱਕ ਲੈ ਜਾਂਦੀ ਸੀ, ਲਾਪਤਾ ਹੋ ਗਈ। ਇਸ ਨੂੰ ਲੱਭਣ ਲਈ 4 ਦਿਨ ਤੋਂ ਜ਼ਿਆਦਾ ਸਮਾਂ ਲੱਗਾ। ਇਸ ਪਨਡੁੱਬੀ 'ਚ ਪੰਜ ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ ਇਕ ਦੀ ਉਮਰ ਮਹਿਜ਼ 19 ਜਾਂ ਇਸ ਤੋਂ ਥੋੜ੍ਹੀ ਜ਼ਿਆਦਾ ਸੀ। ਅਸਲ 'ਚ ਪਾਣੀ ਦੇ ਅੰਦਰ ਵਧੇਰੇ ਦਬਾਅ ਦੇ ਕਾਰਨ ਇਹ ਸਬਮਰੀਨ ਫਟ ਗਈ ਸੀ ਅਤੇ ਇਸ ਦਾ ਮਲਬਾ ਕਈ ਕਿੱਲੋਮੀਟਰ ਤੱਕ ਫੈਲ ਗਿਆ ਸੀ। ਇਨ੍ਹਾਂ ਅਮੀਰ ਲੋਕਾਂ ਦੀ ਮੌਤ ਤੋਂ ਦੁਖੀ ਸੈਰ-ਸਪਾਟੇ ਦੇ ਮਾਹਿਰਾਂ ਨੇ ਇਕ ਸੁਰ 'ਚ ਕਿਹਾ ਸੀ ਕਿ ਜੇਕਰ ਇਸ ਨਮੋਸ਼ੀਜਨਕ, ਨਿਰਾਥਰਕ ਸੈਰ-ਸਪਾਟੇ ਨੂੰ ਸਮਾਪਤ ਕਰ ਦਿੱਤਾ ਜਾਵੇ ਤਾਂ ਉਨ੍ਹਾਂ ਦੀ ਮੌਤ ਵਿਅਰਥ ਨਹੀਂ ਜਾਵੇਗੀ। ਇਸ ਸਾਲ ਦੀਆਂ ਦੁਨੀਆ ਨੂੰ ਹੈਰਾਨ ਕਰਨ ਦੇਣ ਵਾਲੀਆਂ ਘਟਨਾਵਾਂ 'ਚ ਤੁਰਕੀ-ਸੀਰੀਆ 'ਚ ਆਇਆ ਭੁਚਾਲ ਵੀ ਰਿਹਾ, ਜਿਥੇ ਅਸਮਾਨ ਛੂੰਹਦੀਆਂ ਇਮਾਰਤਾਂ ਵਾਕਈ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ। ਇਸ ਵਿਨਾਸ਼ਕਾਰੀ ਭੁਚਾਲ ਦੀ ਗਤੀ ਰੈਕਟਰ ਸਕੇਲ 'ਤੇ 7.8 ਸੀ। ਇਸ ਭੁਚਾਲ 'ਚ ਅਣਗਿਣਤ ਜਾਨਾਂ ਗਈਆਂ। ਇਹ 2010 'ਚ ਹੈਤੀ 'ਚ ਆਏ ਭੁਚਾਲ ਤੋਂ ਬਾਅਦ ਦੁਨੀਆ ਦੇ ਕਿਸੇ ਵੀ ਕੋਨੇ 'ਚ ਆਏ ਭੁਚਾਲ ਤੋਂ ਬਹੁਤ ਜ਼ਿਆਦਾ ਘਾਤਕ ਸਾਬਤ ਹੋਇਆ ਸੀ। ਇਸ ਸਾਲ ਦੀਆਂ ਕਈ ਹੋਰ ਵਿਸ਼ਵ ਦੀਆਂ ਮਹੱਤਵਪੂਰਨ ਘਟਨਾਵਾਂ 'ਚ ਮੈਨਹੈਟਨ, ਗ੍ਰੈਂਡ ਜਿਊਰੀ ਵਲੋਂ ਰਾਸ਼ਟਰਪਤੀ ਟਰੰਪ 'ਤੇ ਲਗਾਇਆ ਗਿਆ ਮਹਾਂਦੋਸ਼, ਭਾਰਤ 'ਚ ਜੀ-20 ਦਾ ਸ਼ਾਨਦਾਰ ਸੰਮੇਲਨ ਜਿਸ ਦੇ ਬਾਅਦ ਨਿਊਯਾਰਕ 'ਚ ਭਾਰਤ, ਇਜ਼ਰਾਈਲ, ਯੂ.ਏ.ਈ. ਅਤੇ ਅਮਰੀਕਾ ਵਿਚਾਲੇ ਆਈ-2 ਯੂ-2 ਸਮੂਹ ਵਲੋਂ ਸਾਂਝੇ ਪੁਲਾੜ ਸਹਿਯੋਗ ਦਾ ਐਲਾਨ ਅਤੇ 14 ਜੁਲਾਈ ਨੂੰ ਫਰਾਂਸ ਦੀ ਬੇਸਤਿਲ ਡੇ ਪਰੇਡ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ਾਮਿਲ ਹੋਣਾ ਰਿਹਾ।
-ਇਮੇਜ ਰਿਫਲੈਕਸ਼ਨ ਸੈਂਟਰ

Ad Position 22
No active advertisement
ਪਿਛਲੀ ਖ਼ਬਰ ਘਟਨਾਕ੍ਰਮ-2023 ਅਗਲੀ ਖ਼ਬਰ ਦੇਸ਼ 'ਤੇ ਭਾਰਤੀ ਜਨਤਾ ਪਾਰਟੀ ਦੀ ਪਕੜ ਹੋਰ ਮਜ਼ਬੂਤ ਹੋਈ
Ad Position 24
No active advertisement