ਨਵੀਂ ਦਿੱਲੀ, 31 ਮਈ (ਉਪਮਾ ਡਾਗਾ ਪਾਰਥ)- ਭਾਰਤ 'ਚ ਇਕ ਵਾਰ ਫਿਰ ਕੋਰੋਨਾ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਵੇਖਣ ਨੂੰ ਮਿਲ ਰਿਹਾ ਹੈ | ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਿਕ ਦੇਸ਼ 'ਚ ਕੋਵਿਡ 19 ਦੇ ਸਰਗਰਮ ਮਾਮਲਿਆਂ ਦੀ ਗਿਣਤੀ 3395 ਤੱਕ ਪਹੁੰਚ ਗਈ ਹੈ, ਜਿਸ 'ਚ ਕੇਰਲ, ਮਹਾਰਾਸ਼ਟਰ ਅਤੇ ਦਿੱਲੀ ਸਭ ਤੋਂ ਵੱਧ ਪ੍ਰਭਾਵਿਤ ਹੈ, ਹਾਲਾਂਕਿ ਸਿਹਤ ਮੰਤਰਾਲੇ ਨੇ ਜ਼ਿਆਦਾਤਰ ਮਾਮਲੇ ਹਲਕੇ ਦੱਸਦਿਆਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ | ਹਾਸਿਲ ਜਾਣਕਾਰੀ ਮੁਤਾਬਿਕ ਸਨਿਚਰਵਾਰ ਨੂੰ ਦਿੱਲੀ 'ਚ ਇਕ 60 ਸਾਲਾ ਕੋਵਿਡ ਦੀ ਸ਼ਿਕਾਰ ਔਰਤ ਦੀ ਮੌਤ ਹੋ ਗਈ | ਹਾਲਾਂਕਿ ਔਰਤ ਨੂੰ ਅੰਤੜੀਆਂ ਦੀ ਸਮੱਸਿਆ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ | ਪਰ ਜਦੋਂ ਉਸ ਦੀ ਜਾਂਚ ਕੀਤੀ ਗਈ ਤਦ ਪਤਾ ਲਗਾ ਕਿ ਉਸ ਨੂੰ ਕੋਵਿਡ ਵੀ ਹੈ | ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਲੋਕਾਂ ਨੂੰ ਹੌਸਲਾ ਬਣਾਏ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਦਿੱਲੀ ਦੀ ਸਰਕਾਰ ਅਤੇ ਹਸਪਤਾਲ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ |