ਨਵੀਂ ਦਿੱਲੀ, 3 ਜੂਨ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੜ੍ਹ ਪ੍ਰਭਾਵਿਤ ਉੱਤਰ-ਪੂਰਬੀ ਸੂਬਿਆਂ ਦੀ ਸਥਿਤੀ ਦਾ ਜਾਇਜ਼ਾ ਲਿਆ | ਮੋੋਦੀ ਨੇ ਇਸ ਸੰਖੇਪ 'ਚ ਅਸਾਮ ਦੇ ਮੁੱਖ ਮੰਤਰੀ ਹੇਮੰਤ ਵਿਸ਼ਵਾ ਸਰਮਾ, ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਅਤੇ ਮਣੀਪੁਰ ਦੇ ਰਾਜਪਾਲ ਅਜੈ ਭੱਲਾ ਨਾਲ ਫ਼ੋਨ 'ਤੇ ਗੱਲਬਾਤ ਕੀਤੀ | ਹਾਸਿਲ ਜਾਣਕਾਰੀ ਮੁਤਾਬਿਕ ਪ੍ਰਧਾਨ ਮੰਤਰੀ ਨੇ ਫ਼ੋਨ 'ਤੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਤੋਂ ਭਾਰੀ ਬਾਰਿਸ਼ ਅਤੇ ਹੜ੍ਹਾਂ ਦੇ ਕਾਰਨ ਪੈਦਾ ਹੋਈ ਸਥਿਤੀ ਬਾਰੇ ਜਾਣਕਾਰੀ ਲਈ | ਮੋਦੀ ਨੇ ਉਨ੍ਹਾਂ ਨੂੰ ਹਰ ਸੰਭਵ ਮਦਦ ਅਤੇ ਕੇਂਦਰ ਦੇ ਸਮਰਥਨ ਦਾ ਭਰੋਸਾ ਦੁਆਇਆ | ਅਸਾਮ ਦੇ ਮੁੱਖ ਮੰਤਰੀ ਸਰਮਾ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਸ ਸੰਬੰਧ 'ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਅਸਾਮ ਦੇ ਹੜ੍ਹ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਲੈਣ ਲਈ ਫੋਨ ਕੀਤਾ | ਸਰਮਾ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਕਿਸ ਤਰ੍ਹਾਂ ਅਸਾਮ ਅਤੇ ਆਸ-ਪਾਸ ਦੇ ਰਾਜਾਂ 'ਚ ਲਗਾਤਾਰ ਬਾਰਿਸ਼ ਕਾਰਨ ਹੜ੍ਹ ਆਏ ਹਨ ਅਤੇ ਇਸ ਨਾਲ ਕਈ ਲੋਕਾਂ ਦੀ ਜਾਨ 'ਤੇ ਅਸਰ ਪਿਆ ਹੈ | ਸਰਮਾ ਨੇ ਉਨ੍ਹਾਂ ਨੂੰ ਰਾਜ ਸਰਕਾਰ ਵਲੋਂ ਚਲਾਈ ਰਾਹਤ ਮੁਹਿੰਮ ਬਾਰੇ ਦੱਸਿਆ, ਜਿਸ 'ਤੇ ਪ੍ਰਧਾਨ ਮੰਤਰੀ ਨੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਵਲੋਂ ਪੂਰਨ ਸਮਰਥਨ ਦਾ ਭਰੋਸਾ ਦੁਆਇਆ | ਜ਼ਿਕਰਯੋਗ ਹੈ ਕਿ 29 ਮਈ ਤੋਂ ਵੱਖ-ਵੱਖ ਉੱਤਰ-ਪੂਰਬੀ ਖੇਤਰਾਂ 'ਚ ਜਾਰੀ ਬਾਰਿਸ਼ ਅਤੇ ਹੜ੍ਹਾਂ ਕਾਰਨ 34 ਲੋਕਾਂ ਦੀ ਮੌਤ ਹੋਈ ਹੈ | ਇਹ ਮੌਤਾਂ ਡੱੁਬਣ, ਢਿਗਾਂ ਡਿਗਣ ਅਤੇ ਪਾਣੀ ਭਰਨ ਕਾਰਨ ਹੋਈਆਂ ਹਨ |