ਨਵੀਂ ਦਿੱਲੀ, 1 ਸਤੰਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸਪੱਸ਼ਟ ਕੀਤਾ ਕਿ ਅਧਿਆਪਕ ਯੋਗਤਾ ਪ੍ਰੀਖਿਆ (ਟੀ.ਈ.ਟੀ.) ਅਧਿਆਪਨ ਸੇਵਾ ਵਿਚ ਬਣੇ ਰਹਿਣ ਜਾਂ ਤਰੱਕੀ ਪ੍ਰਾਪਤ ਕਰਨ ਲਈ ਇੱਕ ਲਾਜ਼ਮੀ ਯੋਗਤਾ ਹੈ¢ ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਆਗਸਟੀਨ ਜਾਰਜ ਮਸੀਹ ਦੇ ਬੈਂਚ ਨੇ ਕਿਹਾ ਕਿ ਜਿਨ੍ਹਾਂ ਅਧਿਆਪਕਾਂ ਦੀ ਸੇਵਾਮੁਕਤੀ ਤੋਂ ਪਹਿਲਾਂ ਪੰਜ ਸਾਲ ਤੋਂ ਵੱਧ ਸੇਵਾ ਬਾਕੀ ਹੈ, ਉਨ੍ਹਾਂ ਨੂੰ ਸੇਵਾ ਵਿਚ ਜਾਰੀ ਰਹਿਣ ਲਈ ਟੀ.ਈ.ਟੀ. ਪਾਸ ਕਰਨੀ ਪਵੇਗੀ¢ ਜਿਹੜੇ ਅਧਿਆਪਕ ਟੀ.ਈ.ਟੀ. ਪਾਸ ਨਹੀਂ ਕਰਨਾ ਚਾਹੁੰਦੇ ਜਾਂ ਅਜਿਹਾ ਕਰਨ ਵਿਚ ਅਸਮਰੱਥ ਹਨ, ਉਹ ਸਵੈ-ਇੱਛਾ ਨਾਲ ਅਸਤੀਫ਼ਾ ਦੇ ਸਕਦੇ ਹਨ ਜਾਂ ਲਾਜ਼ਮੀ ਸੇਵਾਮੁਕਤੀ ਲੈ ਕੇ ਸਾਰੇ ਸੇਵਾਮੁਕਤੀ ਲਾਭ ਪ੍ਰਾਪਤ ਕਰ ਸਕਦੇ ਹਨ¢ ਅਦਾਲਤ ਨੇ ਉਨ੍ਹਾਂ ਅਧਿਆਪਕਾਂ ਨੂੰ ਰਾਹਤ ਦਿੱਤੀ, ਜਿਨ੍ਹਾਂ ਦੀ ਸੇਵਾਮੁਕਤੀ ਲਈ ਸਿਰਫ਼ ਪੰਜ ਸਾਲ ਬਾਕੀ ਹਨ¢ ਅਜਿਹੇ ਅਧਿਆਪਕ ਟੀ.ਈ.ਟੀ. ਪਾਸ ਕੀਤੇ ਬਿਨਾਂ ਵੀ ਸੇਵਾ ਵਿਚ ਜਾਰੀ ਰਹਿ ਸਕਦੇ ਹਨ¢ਇਹ ਫ਼ੈਸਲਾ ਤਾਮਿਲਨਾਡੂ ਅਤੇ ਮਹਾਰਾਸ਼ਟਰ ਸਮੇਤ ਕਈ ਰਾਜਾਂ ਤੋਂ ਦਾਇਰ ਪਟੀਸ਼ਨਾਂ 'ਤੇ ਆਇਆ, ਜਿਸ ਵਿਚ ਇਹ ਸਵਾਲ ਉਠਾਇਆ ਗਿਆ ਸੀ ਕਿ, ਕੀ ਸਕੂਲ ਸੇਵਾ ਵਿਚ ਟੀ.ਈ.ਟੀ. ਨੂੰ ਲਾਜ਼ਮੀ ਬਣਾਇਆ ਜਾ ਸਕਦਾ ਹੈ?