ਤਿਆਨਜਿਨ (ਚੀਨ), 1 ਸਤੰਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਕਿਹਾ ਹੈ ਕਿ ਭਾਰਤ ਤੇ ਰੂਸ ਹਮੇਸ਼ਾ ਸਭ ਤੋਂ ਮੁਸ਼ਕਿਲ ਹਾਲਾਤ 'ਚ ਵੀ 'ਮੋਢੇ ਨਾਲ ਮੋਢਾ ਜੋੜ ਕੇ' ਖੜ੍ਹੇ ਰਹੇ ਹਨ | ਉਨ੍ਹਾਂ ਕਿਹਾ ਕਿ ਭਾਰਤ ਤੇ ਰੂਸ ਦੇ ਸੰਬੰਧ ਖੇਤਰੀ ਤੇ ਕੌਮਾਂਤਰੀ ਸਥਿਰਤਾ ਦਾ ਥੰਮ੍ਹ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਦੱਸਿਆ ਕਿ ਇਹ ਮਨੁੱਖਤਾ ਦਾ ਸੱਦਾ ਹੈ ਕਿ ਯੂਕਰੇਨ ਸੰਘਰਸ਼ ਜਲਦ ਤੋਂ ਜਲਦ ਖ਼ਤਮ ਕੀਤਾ ਜਾਵੇ | ਮੋਦੀ ਤੇ ਪੁਤਿਨ ਨੇ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਸਾਲਾਨਾ ਸੰਮੇਲਨ ਦੇ ਹਾਸ਼ੀਏ 'ਤੇ ਮੁਲਾਕਾਤ ਕੀਤੀ, ਜੋ ਕਿ ਦੋ ਦਹਾਕਿਆਂ ਤੋਂ ਵੱਧ ਸਮੇਂ 'ਚ ਭਾਰਤ-ਅਮਰੀਕਾ ਸੰਬੰਧਾਂ 'ਚ ਸੰਭਾਵਿਤ ਤੌਰ 'ਤੇ ਸਭ ਤੋਂ ਮੁਸ਼ਕਿਲ ਪੜਾਅ ਦੀ ਪਿੱਠਭੂਮੀ 'ਚ ਹੋਈ ਹੈ, ਜਿਸ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਰਿਫ ਨੀਤੀ ਤੇ ਉਨ੍ਹਾਂ ਦੇ ਪ੍ਰਸ਼ਾਸਨ ਦੁਆਰਾ ਨਵੀਂ ਦਿੱਲੀ ਦੀ ਲਗਾਤਾਰ ਆਲੋਚਨਾ ਕਾਰਨ ਤਣਾਅ ਵਧ ਗਿਆ ਹੈ | ਭਾਰਤੀ ਬਿਆਨ ਅਨੁਸਾਰ ਪ੍ਰਧਾਨ ਮੰਤਰੀ ਤੇ ਰੂਸੀ ਰਾਸ਼ਟਰਪਤੀ ਨੇ ਆਰਥਿਕ, ਵਿੱਤੀ ਤੇ ਊਰਜਾ ਵਰਗੇ ਖੇਤਰਾਂ 'ਚ ਦੁਵੱਲੇ ਸਹਿਯੋਗ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਤੇ ਇਨ੍ਹਾਂ ਖੇਤਰਾਂ 'ਚ ਦੁਵੱਲੇ ਸੰਬੰਧਾਂ 'ਚ ਨਿਰੰਤਰ ਵਿਕਾਸ 'ਤੇ ਸੰਤੁਸ਼ਟੀ ਪ੍ਰਗਟ ਕੀਤੀ |
ਭਾਰਤ ਤੇ ਰੂਸ ਦੇ ਸੰਬੰਧ ਖੇਤਰੀ ਤੇ ਕੌਮਾਂਤਰੀ ਸਥਿਰਤਾ ਦੇ ਥੰਮ੍ਹ-ਮੋਦੀ <br/>
ਅਜੀਤ ਡੈਸਕ
02-09-2025