06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਰਾਜਪਾਲ ਵਲੋਂ ਤਰਨ ਤਾਰਨ, ਅੰਮਿ੍ਤਸਰ ਅਤੇ ਫ਼ਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ

Ad Position 21
No active advertisement
ਅਜੀਤ ਡੈਸਕ 03-09-2025

• ਚੱਲ ਰਹੇ ਰਾਹਤ ਕਾਰਜਾਂ ਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ
• ਪੀੜਤਾਂ ਦੀਆਂ ਸਮੱਸਿਆਵਾਂ ਸੁਣੀਆਂ • ਸਹਾਇਤਾ ਦਾ ਦਿੱਤਾ ਭਰੋਸਾ

ਤਰਨ ਤਾਰਨ/ਹਰੀਕੇ ਪੱਤਣ/ ਅਜਨਾਲਾ/ ਚਮਿਆਰੀ/ ਗਗੋਮਾਹਲ/ ਰਮਦਾਸ/ ਫ਼ਿਰੋਜ਼ਪੁਰ, 2 ਸਤੰਬਰ (ਹਰਿੰਦਰ ਸਿੰਘ, ਸੰਜੀਵ ਕੁੰਦਰਾ, ਗੁਰਪ੍ਰੀਤ ਸਿੰਘ ਢਿੱਲੋਂ, ਜਗਪ੍ਰੀਤ ਸਿੰਘ ਜੌਹਲ, ਬਲਵਿੰਦਰ ਸਿੰਘ ਸੰਧੂ, ਜਸਵੰਤ ਸਿੰਘ ਵਾਹਲਾ, ਗੁਰਿੰਦਰ ਸਿੰਘ)-ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਜ਼ਿਲ੍ਹਾ ਤਰਨ ਤਾਰਨ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ | ਉਨ੍ਹਾਂ ਨੇ ਹਰੀਕੇ ਹੈੱਡਵਰਕਸ ਦੇ ਸਤਲੁਜ ਦਰਿਆ 'ਤੇ ਬਣੇ ਪੁਲ ਉਪਰ ਪਹੁੰਚ ਕੇ ਹਰੀਕੇ ਹੈੱਡਵਰਕਸ ਤੋਂ ਡਾਊਨ ਸਟਰੀਮ ਨੂੰ ਛੱਡੇ ਜਾ ਰਹੇ ਪਾਣੀ ਸੰਬੰਧੀ ਜ਼ਿਲ੍ਹਾ ਅਧਿਕਾਰੀਆਂ ਤੋਂ ਜਾਣਕਾਰੀ ਹਾਸਿਲ ਕੀਤੀ ਅਤੇ ਉਨ੍ਹਾਂ ਨੂੰ ਹਦਾਇਤਾਂ ਦਿੱਤੀਆਂ | ਇਸ ਤੋਂ ਪਹਿਲਾਂ ਸਵੇਰੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬਾਰੇ ਕੇ ਸਕੂਲ ਵਿਖੇ ਹੜ੍ਹ ਪੀੜਤਾਂ ਲਈ ਬਣਾਏ ਗਏ ਰਾਹਤ ਕੇਂਦਰ 'ਚ ਪਹੁੰਚ ਕੇ ਉਨ੍ਹਾਂ ਹੜ੍ਹ ਪੀੜਤਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ | ਜ਼ਿਲ੍ਹਾ ਤਰਨ ਤਾਰਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਪੁੱਜੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਬਿਆਸ ਤੇ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡਵਰਕਸ ਦੇ ਸਤਲੁਜ 'ਤੇ ਬਣੇ ਪੁਲ ਉਪਰ ਪਹੁੰਚ ਕੇ ਹਰੀਕੇ ਹੈੱਡਵਰਕਸ ਤੋਂ ਡਾਊਨ ਸਟਰੀਮ ਨੂੰ ਛੱਡੇ ਜਾ ਰਹੇ ਪਾਣੀ ਸੰਬੰਧੀ ਜ਼ਿਲ੍ਹਾ ਅਧਿਕਾਰੀਆਂ ਤੋਂ ਜਾਣਕਾਰੀ ਲਈ | ਡਿਪਟੀ ਕਮਿਸ਼ਨਰ ਰਾਹੁਲ ਨੇ ਰਾਜਪਾਲ ਨੂੰ ਦੱਸਿਆ ਕਿ ਹਰੀਕੇ ਹੈੱਡਵਰਕਸ ਤੋਂ ਡਾਊਨ ਸਟਰੀਮ ਨੂੰ ਛੱਡੇ ਜਾ ਰਹੇ ਪਾਣੀ ਕਾਰਨ ਜ਼ਿਲ੍ਹਾ ਤਰਨ ਤਾਰਨ ਦੇ ਦਰਜਨਾਂ ਪਿੰਡਾਂ ਦੀ ਜ਼ਮੀਨ ਦਰਿਆਈ ਪਾਣੀ ਦੀ ਮਾਰ ਹੇਠ ਹੈ | ਰਾਜਪਾਲ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੁਦਰਤੀ ਆਫ਼ਤ ਦੀ ਇਸ ਔਖੀ ਘੜੀ ਮੌਕੇ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨਾ ਪਹਿਲ ਦੇ ਆਧਾਰ 'ਤੇ ਯਕੀਨੀ ਬਣਾਇਆ ਜਾਵੇ ਅਤੇ ਪਸ਼ੂ ਧਨ ਨੂੰ ਵੀ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਜਾਵੇ | ਉਨ੍ਹਾਂ ਕਿਹਾ ਕਿ ਜਿਥੇ ਬੰਨ੍ਹ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਹੈ, ਉਨ੍ਹਾਂ ਸਥਾਨਾਂ ਨੂੰ ਮਜ਼ਬੂਤ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਵਲੋਂ ਦਰਿਆਈ ਪਾਣੀ ਦੀ ਮਾਰ ਹੇਠ ਆਉਣ ਕਾਰਨ ਫ਼ਸਲਾਂ ਅਤੇ ਹੋਰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦਾ ਮੁਲਾਂਕਣ ਕਰਕੇ ਉੱਚਿਤ ਮੁਆਵਜ਼ਾ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਦੇ ਲਗਪਗ 66 ਪਿੰਡ ਦਰਿਆਈ ਪਾਣੀ ਦੀ ਮਾਰ ਝੱਲ ਰਹੇ ਹਨ ਤੇ ਤਕਰੀਬਨ 28 ਹਜ਼ਾਰ ਏਕੜ ਫ਼ਸਲ ਨੂੰ ਨੁਕਸਾਨ ਪਹੁੰਚਿਆ ਹੈ | ਉਪਰੰਤ ਰਾਜਪਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਹੜ੍ਹਾਂ ਸੰਬੰਧੀ ਬਣੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਸਮੂਹ ਜ਼ਿਲ੍ਹਾ ਅਧਿਕਾਰੀਆਂ ਤੇ ਬੀ.ਐੱਸ.ਐੱਫ਼. ਦੇ ਅਫ਼ਸਰਾਂ ਨਾਲ ਵੀ ਵਿਸ਼ੇਸ਼ ਮੀਟਿੰਗ ਕੀਤੀ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਸਰਕਾਰ ਵਲੋਂ ਚੱਲ ਰਹੇ ਪ੍ਰਬੰਧਾਂ ਸੰਬੰਧੀ ਜਾਣਕਾਰੀ ਲਈ | ਮੀਟਿੰਗ ਦੌਰਾਨ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵੀ ਮੌਜੂਦ ਸਨ |
ਅਸਲ ਚੁਣੌਤੀ ਹੜ੍ਹ ਦਾ ਪਾਣੀ ਘਟਣ ਤੋਂ ਬਾਅਦ ਸ਼ੁਰੂ ਹੋਵੇਗੀ-ਰਾਜਪਾਲ
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਸ਼ਾਮ ਜ਼ਿਲ੍ਹਾ ਅੰਮਿ੍ਤਸਰ ਦੇ ਹੜ੍ਹ ਪ੍ਰਭਾਵਿਤ ਖੇਤਰ ਅਜਨਾਲਾ ਵਿਧਾਨ ਸਭਾ ਹਲਕੇ ਦੇ ਪਿੰਡ ਮਾਕੋਵਾਲ ਤੇ ਚਮਿਆਰੀ ਦਾ ਦੌਰਾ ਕੀਤਾ | ਉਨ੍ਹਾਂ ਚੱਲ ਰਹੇ ਰਾਹਤ ਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ | ਮਾਕੋਵਾਲ ਦੇ ਆਰਮੀ ਬੇਸ ਕੈਂਪ ਵਿਖੇ ਸੀਨੀਅਰ ਫ਼ੌਜੀ ਅਧਿਕਾਰੀਆਂ ਨੇ ਰਾਜਪਾਲ ਨੂੰ ਰਾਵੀ ਦਰਿਆ ਨਾਲ ਲਗਦੇ ਹੜ੍ਹ ਪ੍ਰਭਾਵਿਤ ਖੇਤਰ 'ਚ ਕੀਤੇ ਗਏ ਵੱਡੇ ਪੱਧਰ 'ਤੇ ਬਚਾਅ ਕਾਰਜਾਂ ਬਾਰੇ ਜਾਣੂ ਕਰਵਾਇਆ | ਉਨ੍ਹਾਂ ਨੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ, ਐਸ.ਐਸ.ਪੀ. ਦਿਹਾਤੀ ਮਨਿੰਦਰ ਸਿੰਘ ਦੁਆਰਾ ਆਪਸੀ ਤਾਲਮੇਲ ਤੇ ਨਿਰੰਤਰ ਮਿਹਨਤ ਨਾਲ ਬਚਾਈਆਂ ਗਈਆਂ ਸੈਂਕੜੇ ਮਨੁੱਖੀ ਜਾਨਾਂ ਦਾ ਵਿਸ਼ੇਸ਼ ਜ਼ਿਕਰ ਕੀਤਾ | ਰਾਜਪਾਲ ਨੇ ਜ਼ੋਰ ਦੇ ਕੇ ਕਿਹਾ ਕਿ ਅਸਲ ਚੁਣੌਤੀ ਹੜ੍ਹਾਂ ਦਾ ਪਾਣੀ ਘਟਣ ਬਾਅਦ ਸ਼ੁਰੂ ਹੋਵੇਗੀ, ਕਿਉਂਕਿ ਫਿਰ ਧਿਆਨ ਮੁੜ ਵਸੇਬੇ, ਫਸਲਾਂ ਅਤੇ ਜਾਇਦਾਦ ਦੇ ਨੁਕਸਾਨ ਦਾ ਮੁਲੰਕਣ ਅਤੇ ਸਮੇਂ ਸਿਰ ਮੁਆਵਜ਼ਾ ਦੇਣ ਵੱਲ ਕੇਂਦਰਿਤ ਹੋਵੇਗਾ | ਉਨ੍ਹਾਂ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਫੈਲਣ ਨੂੰ ਰੋਕਣ ਲਈ ਮੈਡੀਕਲ ਟੀਮਾਂ ਤਾਇਨਾਤ ਕਰਨ ਦੀ ਤੁਰੰਤ ਲੋੜ 'ਤੇ ਜ਼ੋਰ ਦਿੱਤਾ ਤੇ ਪ੍ਰਸ਼ਾਸਨ ਨੂੰ ਪ੍ਰਭਾਵਿਤ ਖੇਤਰਾਂ 'ਚ ਸੱਪ ਦੇ ਕੱਟਣ ਤੇ ਲੋਕਾਂ ਦੀ ਸੁਰੱਖਿਆ ਲਈ ਢੁਕਵੇਂ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ | ਦੇਰ ਸ਼ਾਮ ਚਮਿਆਰੀ ਦੀ ਦਾਣਾ ਮੰਡੀ 'ਚ ਰਾਹਤ ਕੈਂਪ ਪੁੱਜੇ ਰਾਜਪਾਲ ਹੜ੍ਹਾਂ ਕਾਰਨ ਬੇਘਰ ਹੋਏ ਪਰਿਵਾਰਾਂ ਨੂੰ ਮਿਲੇ ਤੇ ਉਨ੍ਹਾਂ ਦੀ ਪ੍ਰਸ਼ਾਸਨ ਵਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ | ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਉਨ੍ਹਾਂ ਨੂੰ ਜੀ ਆਇਆਂ ਆਖਿਆ ਤੇ ਹੜ੍ਹ ਪੀੜਤ ਹਲਕਾ ਵਾਸੀਆਂ ਦੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ |
ਸਰਹੱਦੀ ਖੇਤਰਾਂ ਦੇ ਕਾਸ਼ਤਕਾਰਾਂ ਨੂੰ ਜ਼ਮੀਨਾਂ ਦੀ ਪੱਕੀ ਮਾਲਕੀ ਦੇਣ ਦੀ ਮੰਗ ਜਾਇਜ਼-ਰਾਜਪਾਲ
ਫਿਰੋਜ਼ਪੁਰ ਜ਼ਿਲ੍ਹੇ 'ਚ ਪੁੱਜੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਹੱਦੀ ਖੇਤਰਾਂ ਦੇ ਕਾਸ਼ਤਕਾਰਾਂ ਨੂੰ ਜ਼ਮੀਨਾਂ ਦੀ ਪੱਕੀ ਮਾਲਕੀ ਦੇਣ, ਗਿਰਦਾਵਰੀ ਰਾਹੀਂ ਉਨ੍ਹਾਂ ਦੀਆਂ ਫ਼ਸਲਾਂ ਦਾ ਮੁਆਵਜ਼ਾ ਤੇ ਸਰਕਾਰੀ ਸਕੀਮਾਂ ਦਾ ਲਾਭ ਮਿਲਣ ਸੰਬੰਧੀ ਕਿਸਾਨਾਂ ਦੀ ਮੰਗ ਬਿਲਕੁਲ ਜਾਇਜ਼ ਹੈ ਤੇ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ 'ਚ ਲਿਆਉਣ ਦੇ ਨਾਲ-ਨਾਲ ਪੱਕੇ ਤੌਰ 'ਤੇ ਇਸ ਦਾ ਹੱਲ ਕਰਵਾਉਣ ਦਾ ਯਤਨ ਕੀਤਾ ਜਾਵੇਗਾ | ਰਾਜਪਾਲ ਸਵੇਰੇ ਜ਼ਿਲ੍ਹੇ ਦੇ ਪਿੰਡ ਬਾਰੇ ਕੇ ਸਕੂਲ ਵਿਖੇ ਹੜ੍ਹ ਪੀੜਤਾਂ ਲਈ ਬਣਾਏ ਗਏ ਰਾਹਤ ਕੈਂਪ 'ਚ ਪਹੁੰਚੇ, ਜਿਥੇ ਉਨ੍ਹਾਂ ਨੇ ਹੜ੍ਹ ਪੀੜਤ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ |

Ad Position 22
No active advertisement
ਪਿਛਲੀ ਖ਼ਬਰ ਪਹਿਲਾਂ ਤੇਲ ਨੂੰ 'ਕਾਲਾ ਸੋਨਾ' ਕਹਿੰਦੇ ਸੀ, ਹੁਣ ਸੈਮੀਕੰਡਕਟਰ ਚਿਪ ਹੈ 'ਡਿਜੀਟਲ ਹੀਰਾ'-ਮੋਦੀ ਅਗਲੀ ਖ਼ਬਰ ਮੇਰੀ ਮਾਂ ਨੂੰ ਦਿੱਤੀਆਂ ਗਾਲਾਂ ਹਰ ਮਾਂ-ਭੈਣ ਅਤੇ ਧੀ ਦਾ ਅਪਮਾਨ-ਮੋਦੀ
Ad Position 24