ਨਵੀਂ ਦਿੱਲੀ, 2 ਸਤੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਸੈਮੀਕਾਨ ਇੰਡੀਆ 2025' ਦਾ ਉਦਘਾਟਨ ਕਰਦਿਆਂ ਤੇਲ ਨੂੰ ਪਿਛਲੀ ਸਦੀ ਦਾ ਸੋਨਾ ਦੱਸਦਿਆਂ ਕਿਹਾ ਕਿ ਸੈਮੀਕੰਡਕਟਰ ਚਿਪ ਹੁਣ ਡਿਜੀਟਲ ਯੁੱਗ ਦਾ ਹੀਰਾ ਹੈ | ਉਨ੍ਹਾਂ ਭਾਰਤ ਦੀ ਆਲਮੀ ਪੱਧਰ 'ਤੇ ਅਹਿਮੀਅਤ 'ਤੇ ਵੀ ਜ਼ੋਰ ਦਿੰਦਿਆਂ ਕਿਹਾ ਕਿ ਇਕ ਖਰਾਬ ਅਮਰੀਕੀ ਡਾਲਰ ਦੇ ਸੈਮੀਕੰਡਕਟਰ ਸੈਕਟਰ 'ਚ ਭਾਰਤ ਅਹਿਮ ਭੂਮਿਕਾ ਨਿਭਾਉਣ ਲਈ ਤਿਆਰ ਹੈ | ਮੋਦੀ ਨੇ ਆਪਣੇ ਭਾਸ਼ਨ 'ਚ ਅਮਰੀਕਾ ਦਾ ਨਾਂਅ ਲਏ ਬਿਨਾਂ ਰਾਸ਼ਟਰਪਤੀ ਟਰੰਪ ਵਲੋਂ ਲਾਏ ਕਈ ਇਲਜ਼ਾਮਾਂ ਦਾ ਅਸਿੱਧੇ ਢੰਗ ਨਾਲ ਜਵਾਬ ਦਿੱਤਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਭਾਰਤ 'ਤੇ ਭਰੋਸਾ ਕਰਦੀ ਹੈ ਅਤੇ ਦੁਨੀਆ ਭਾਰਤ ਨਾਲ ਮਿਲ ਕੇ ਸੈਮੀਕੰਡਕਟਰ ਦਾ ਭਵਿੱਖ ਬਣਾਉਣ ਲਈ ਤਿਆਰ ਹੈ, ਜੋ ਕਿ ਭਾਰਤ ਵਲੋਂ ਰੂਸੀ ਤੇਲ ਦੀ ਖਰੀਦ ਨੂੰ ਲੈ ਕੇ ਹਮਲਾਵਰ ਹੈ, ਨੂੰ ਅਸਿੱਧੇ ਢੰਗ ਨਾਲ ਜਵਾਬ ਦਿੰਦਿਆਂ ਇਹ ਵੀ ਕਿਹਾ ਕਿ ਸਾਡੀ ਪਿਛਲੀ ਸਦੀ ਤੇਲ ਤੋਂ ਪ੍ਰਭਾਵਿਤ ਸੀ, ਪਰ 21ਵੀਂ ਸਦੀ ਦੀ ਤਾਕਤ ਇਕ ਛੋਟੀ ਜਿਹੀ ਚਿਪ 'ਚ ਸਿਮਟੀ ਹੈ | ਇਹ ਚਿਪ ਭਾਵੇਂ ਛੋਟੀ ਹੈ ਪਰ ਇਸ 'ਚ ਦੁਨੀਆ ਦੇ ਵਿਕਾਸ ਨੂੰ ਇਕ ਵੱਡੀ ਗਤੀ ਦੇਣ ਦੀ ਤਾਕਤ ਹੈ | ਇਸੇ ਲਈ ਅੱਜ ਸੈਮੀਕੰਡਕਟਰ ਦਾ ਆਲਮੀ ਬਾਜ਼ਾਰ 600 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਰਿਹਾ ਹੈ ਅਤੇ ਅਗਲੇ ਕੁਝ ਸਾਲਾਂ ਤੱਕ ਪਹੁੰਚ ਰਿਹਾ ਹੈ ਅਤੇ ਅਗਲੇ ਕੁਝ ਸਾਲਾਂ 'ਚ ਇਹ ਇਕ ਖਰਬ ਅਮਰੀਕੀ ਡਾਲਰ ਵੀ ਪਾਰ ਕਰ ਜਾਏਗਾ | ਉਨ੍ਹਾਂ ਵਿਸ਼ਵਾਸ ਪ੍ਰਗਟਾਉਂਦਿਆਂ ਕਿਹਾ ਕਿ ਜਿਸ ਗਤੀ ਨਾਲ ਭਾਰਤ ਸੈਮੀਕੰਡਕਟਰ ਖੇਤਰ 'ਚ ਤਰੱਕੀ ਕਰ ਰਿਹਾ ਹੈ, ਇਸ ਦੀ ਇਸ ਇਕ ਖਰਾਬ ਅਮਰੀਕੀ ਡਾਲਰ ਦੇ ਬਾਜ਼ਾਰ 'ਚ ਅਹਿਮ ਹਿੱਸੇਦਾਰੀ ਹੋਵੇਗੀ |
ਭਾਰਤ 'ਚ ਬਣੀ ਪਹਿਲੀ 32 ਬਿਟ ਸੈਮੀਕੰਡਕਟਰ ਚਿਪ ਦਾ ਪੰਜਾਬ ਨਾਲ ਹੈ ਨਾਤਾ
ਮੋਦੀ ਨੇ ਪ੍ਰੋਗਰਾਮ 'ਚ ਪਹਿਲੀ ਭਾਰਤੀ ਚਿਪ ਦਾ ਵੀ ਉਦਘਾਟਨ ਕੀਤਾ | ਇਸਰੋ ਦੀ ਲੈਬ 'ਚ ਬਣੀ ਇਸ ਚਿਪ ਦਾ ਪੰਜਾਬ ਨਾਲ ਵੀ ਨਾਤਾ ਹੈ | ਵਿਕਰਮ ਨਾਂਅ ਦੀ ਚਿਪ ਦੇ ਫੈਬਰੀਕੇਸ਼ਨ ਅਤੇ ਪੈਕਜਿੰਗ ਦਾ ਕੰਮ ਪੰਜਾਬ ਦੇ ਮੁਹਾਲੀ 'ਚ ਪੂਰਾ ਕੀਤਾ ਗਿਆ ਹੈ | ਇਸ ਚਿਪ ਦੀ ਵਰਤੋਂ ਰਾਕੇਟਾਂ 'ਚ ਕੀਤੀ ਜਾਵੇਗੀ |
ਪਹਿਲਾਂ ਤੇਲ ਨੂੰ 'ਕਾਲਾ ਸੋਨਾ' ਕਹਿੰਦੇ ਸੀ, ਹੁਣ ਸੈਮੀਕੰਡਕਟਰ ਚਿਪ ਹੈ 'ਡਿਜੀਟਲ ਹੀਰਾ'-ਮੋਦੀ
ਅਜੀਤ ਡੈਸਕ
03-09-2025