ਚੰਡੀਗੜ੍ਹ, 2 ਸਤੰਬਰ (ਰਾਮ ਸਿੰਘ ਬਰਾੜ)-ਹਰਿਆਣਾ ਸਰਕਾਰ ਨੇ ਭਾਰੀ ਮੀਂਹ ਨਾਲ ਆਏ ਹੜ੍ਹਾਂ ਕਾਰਨ ਬਣੀ ਆਫ਼ਤ ਦੀ ਸਥਿਤੀ ਦੀ ਮਾਰ ਝੱਲ ਰਹੇ ਪੰਜਾਬ ਤੇ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਡੰੂਘੀ ਇਕਜੁੱਟਤਾ ਪ੍ਰਗਟਾਉਂਦਿਆਂ ਮੁੱਖ ਮੰਤਰੀ ਰਾਹਤ ਫ਼ੰਡ ਤੋਂ ਦੋਵੇਂ ਸੂਬਿਆਂ ਨੂੰ ਪੰਜ-ਪੰਜ ਕਰੋੜ ਰੁਪਏ ਦੀ ਸਹਾਇਤਾ ਰਕਮ ਜਾਰੀ ਕੀਤੀ ਹੈ | ਇਸ ਸਹਾਇਤਾ ਰਕਮ ਦਾ ਉਦੇਸ਼ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਰਾਹਤ ਪਹੁੰਚਾਉਣਾ ਅਤੇ ਦੋਵੇਂ ਸੂਬਿਆਂ 'ਚ ਚਲਾਏ ਜਾ ਰਹੇ ਬਚਾਅ ਅਤੇ ਪੁਨਰਵਾਸ ਕੰਮਾਂ ਨੂੰ ਮਜ਼ਬੂਤ ਬਣਾਉਣਾ ਹੈ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਲਿਖੇ ਪੱਤਰ 'ਚ ਕਿਹਾ ਕਿ ਕੁਦਰਤੀ ਆਫਤ ਦੇ ਇਸ ਸਮੇਂ 'ਚ ਹਰਿਆਣਾ ਸਰਕਾਰ ਅਤੇ ਸੂਬੇ ਦੀ ਜਨਤਾ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ |