ਭਾਖੜਾ ਡੈਮ 'ਚ ਪਾਣੀ ਦਾ ਪੱਧਰ 1678.07 ਫੁੱਟ ਹੋਇਆ
ਅਜੀਤ ਡੈਸਕ
07-09-2025
ਨੰਗਲ, 6 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਹਿਮਾਚਲ ਪ੍ਰਦੇਸ਼ ਦੇ ਉਤਲੇ ਪਹਾੜੀ ਇਲਾਕਿਆਂ 'ਚ ਪਿਛਲੇ ਦੋ ਤਿੰਨ ਦਿਨਾਂ ਤੋਂ ਮਿਲੀ ਕੁਝ ਮੀਂਹ ਤੋਂ ਰਾਹਤ ਕਾਰਨ ਭਾਖੜਾ ਡੈਮ ਦੇ ਪਿੱਛੇ ਗੋਬਿੰਦ ਸਾਗਰ ਝੀਲ ਵਿਚ ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ | ਅੱਜ 6 ਸਤੰਬਰ ਸ਼ਾਮ ਨੂੰ ਬੀ.ਬੀ.ਐਮ.ਬੀ. ਦੇ ਆਲਾ ਮਿਆਰੀ ਸੂਤਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1678.07 ਫੁੱਟ ਦਰਜ ਕੀਤਾ ਗਿਆ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਮਹਿਜ 1.93 ਫੁੱਟ (ਲਗਭਗ ਦੋ ਫੁੱਟ) ਹੀ ਘੱਟ ਰਹਿ ਗਿਆ ਹੈ | ਭਾਖੜਾ ਡੈਮ ਵਿਚ ਪਾਣੀ ਦੀ ਆਮਦ 62226 ਕਿਊਸਿਕ ਦਰਜ ਕੀਤੀ ਗਈ ਹੈ ਜਦੋਂ ਕਿ ਨੰਗਲ ਡੈਮ ਨੂੰ 70000 ਕਿਊਸਿਕ ਪਾਣੀ ਅੱਜ ਛੱਡਿਆ ਜਾ ਰਿਹਾ | ਦੱਸਣ ਯੋਗ ਹੈ ਕਿ ਬੀ.ਬੀ.ਐਮ.ਬੀ. ਵਲੋਂ ਭਾਖੜਾ ਡੈਮ ਦੇ ਫਲੱਡ ਗੇਟ ਪਿਛਲੇ ਕਰੀਬ 20 ਦਿਨਾਂ ਤੋਂ ਲਗਾਤਾਰ ਖੋਲੇ੍ਹ ਹੋਏ ਹਨ ਜੋ ਕਿ ਪਿਛਲੇ ਦਿਨਾਂ ਦੌਰਾਨ ਕੁਝ ਵਧਾਏ ਅਤੇ ਘਟਾਏ ਵੀ ਜਾਂਦੇ ਰਹੇ ਹਨ ਪਰ ਅੱਜ ਸਨਿਚਰਵਾਰ ਨੂੰ ਸ਼ਾਮ ਤੱਕ ਅੱਜ 7 ਫੁੱਟ ਤੱਕ ਖੁੱਲੇ੍ਹ ਰਹੇ |