• ਤਰਨ ਤਾਰਨ ਤੇ ਬਰਨਾਲਾ ਜ਼ਿਲਿ੍ਹਆਂ ਤੋਂ ਹੋਵੇਗੀ ਸ਼ੁਰੂਆਤ
• 10 ਲੱਖ ਤੱਕ ਦਾ ਨਕਦੀ ਰਹਿਤ ਹੋਵੇਗਾ ਇਲਾਜ
ਚੰਡੀਗੜ੍ਹ, 22 ਸਤੰਬਰ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਨੇ ਅੱਜ ਐਲਾਨ ਕੀਤਾ ਕਿ ਸੂਬੇ 'ਚ ਪ੍ਰਤੀ ਪਰਿਵਾਰ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਲਾਗੂ ਕਰਨ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 23 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ | ਪਹਿਲੇ ਪੜਾਅ 'ਚ ਤਰਨ ਤਾਰਨ ਤੇ ਬਰਨਾਲਾ ਵਿਖੇ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਇਸ ਦੇ ਤਜਰਬਿਆਂ ਦੇ ਆਧਾਰ 'ਤੇ ਬਾਕੀ ਸਾਰੇ ਸੂਬੇ 'ਚ ਇਹ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ | ਜਿਸ ਤੋਂ ਬਾਅਦ ਇਹ ਸਕੀਮ ਲਾਗੂ ਹੋਵੇਗੀ | ਮੁੱਖ ਮੰਤਰੀ ਭਗਵੰਤ ਮਾਨ ਦੱਸਿਆ ਕਿ ਇਨ੍ਹਾਂ ਦੋਵੇਂ ਜ਼ਿਲਿ੍ਹਆਂ 'ਚ 2-3 ਦਿਨਾਂ ਲਈ ਸਵਾ-ਸਵਾ ਸੌ ਕੈਂਪ ਵੀ ਲਗਾਏ ਜਾਣਗੇ | ਉਨ੍ਹਾਂ ਕਿਹਾ ਕਿ ਇਹ ਸਕੀਮ ਸਾਰੇ ਸਰਕਾਰੀ ਮੁਲਾਜ਼ਮਾਂ, ਆਂਗਣਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ 'ਤੇ ਵੀ ਲਾਗੂ ਹੋਵੇਗੀ ਤੇ ਇਸ ਮੰਤਵ ਲਈ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਕੋਈ 1000 ਨਿੱਜੀ ਹਸਪਤਾਲ ਵੀ ਪੈਨਲ 'ਚ ਸ਼ਾਮਿਲ ਕੀਤੇ ਜਾਣਗੇ ਤੇ 500 ਅਜਿਹੇ ਹਸਪਤਾਲਾਂ ਦੀ ਚੋਣ ਕਰ ਵੀ ਲਈ ਗਈ ਹੈ | ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਦੇਸ਼ 'ਚ ਇਹ ਪਹਿਲੀ ਅਜਿਹੀ ਕੈਸ਼ਲੈੱਸ ਸਿਹਤ ਬੀਮਾ ਯੋਜਨਾ ਲਾਗੂ ਹੋਣ ਜਾ ਰਹੀ ਹੈ | ਸਰਕਾਰ ਨੇ ਕਿਸ ਬੀਮਾ ਕੰਪਨੀ ਨਾਲ ਇਸ ਮੰਤਵ ਲਈ ਕਰਾਰ ਕੀਤਾ ਹੈ, ਸੰਬੰਧੀ ਜਾਣਕਾਰੀ ਬਾਅਦ 'ਚ ਦੇਣ ਦੀ ਗੱਲ ਕਹੀ | ਉਨ੍ਹਾਂ ਕਿਹਾ ਕਿ ਦੂਜੇ ਸੂਬਿਆਂ ਦੇ ਲੋਕ ਰਾਜ ਦੀ ਇਸ ਸਕੀਮ ਦਾ ਫ਼ਾਇਦਾ ਨਹੀਂ ਲੈ ਸਕਣਗੇ | ਮੁੱਖ ਮੰਤਰੀ ਨੇ ਅੱਜ ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ ਸੰਬੰਧੀ ਕੇਂਦਰ ਸਰਕਾਰ ਦੇ ਇਤਰਾਜ਼ਾਂ ਸੰਬੰਧੀ 6 ਮਹੀਨੇ ਦਾ ਹੋਰ ਸਮਾਂ ਮੰਗਣ ਸੰਬੰਧੀ ਕੇਂਦਰ ਨੂੰ ਲਿਖੇ ਪੱਤਰ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਆਉਣ ਵਾਲਾ ਕੁਝ ਸਮਾਂ ਰਾਜ ਦੀ ਅਫ਼ਸਰਸ਼ਾਹੀ ਅਤੇ ਮੁਲਾਜ਼ਮ ਹੜ੍ਹ ਪੀੜਤਾਂ ਦੇ ਰਾਜ ਕਾਰਜਾਂ 'ਚ ਲੱਗੇ ਹੋਣਗੇ | ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਕੇਂਦਰ ਦੇ ਇਤਰਾਜ਼ਾਂ ਅਨੁਸਾਰ ਕਾਰਡ ਕੱਟੇ ਨਹੀਂ ਜਾਣਗੇ ਅਤੇ ਇਸ ਲਈ ਨਿਯਮਾਂ ਅਨੁਸਾਰ ਪੂਰੀ ਛਾਣਬੀਣ ਹੋਵੇਗੀ | ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਹੜ੍ਹਾਂ ਕਾਰਨ ਫ਼ਸਲਾਂ ਦੇ ਖਰਾਬੇ ਲਈ ਮੁਆਵਜ਼ਾ ਅਸਲ ਕਾਸ਼ਤਕਾਰ ਨੂੰ ਦਿੱਤਾ ਜਾਵੇਗਾ ਭਾਵੇਂ ਉਸ ਨੇ ਜ਼ਮੀਨ ਠੇਕੇ 'ਤੇ ਲਈ ਹੋਵੇ | ਉਨ੍ਹਾਂ ਇਹ ਵੀ ਕਿਹਾ ਕਿ ਮੁਆਵਜ਼ਾ ਦੇਣ ਸੰਬੰਧੀ 5 ਏਕੜ ਵਰਗੀ ਕੋਈ ਸ਼ਰਤ ਨਹੀਂ ਹੈ | ਜਿਸ ਦੀ ਜ਼ਮੀਨ ਦਾ ਖ਼ਰਾਬਾ ਹੋਇਆ ਹੈ,ਤ ਉਸ ਦੀ ਜ਼ਮੀਨ 5 ਏਕੜ ਤੋਂ ਘੱਟ ਹੋਵੇ ਜਾਂ ਵੱਧ, ਮੁਆਵਜ਼ਾ ਮਿਲੇਗਾ | ਉਨ੍ਹਾਂ ਕਿਹਾ ਕਿ ਤੂੜੀ ਨਾ ਸਾੜਨ ਸੰਬੰਧੀ ਸੁਪਰੀਮ ਕੋਰਟ ਦੇ ਹੁਕਮਾਂ ਦਾ ਅਸੀਂ ਪੂਰਾ ਸਤਿਕਾਰ ਕਰਦੇ ਹਾਂ, ਜਿਨ੍ਹਾਂ ਨੂੰ ਮੰਨਣਾ ਜ਼ਰੂਰੀ ਵੀ ਹੈ | ਪਰ ਅੰਨਦਾਤਾ ਨੂੰ ਅਪਰਾਧੀ ਵੀ ਨਹੀਂ ਬਣਾ ਸਕਦੇ | ਇਹ ਵੀ ਠੀਕ ਨਹੀਂ ਕਿ ਅੰਨਦਾਤਾ ਤੋਂ ਫ਼ਸਲ ਲੈ ਕੇ ਉਸ 'ਤੇ ਅਪਰਾਧਿਕ ਕੇਸ ਬਣਾ ਦਿੱਤਾ ਜਾਵੇ | ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਵਿਧਾਨ ਸਭਾ ਦਾ ਇਜਲਾਸ ਮੁੱਖ ਤੌਰ 'ਤੇ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਤੇ ਰਾਹਤ ਦੇ ਮੁੱਦੇ ਨੂੰ ਕਾਨੂੰਨੀ ਮਾਨਤਾ ਦੇਣ ਲਈ ਸੱਦਿਆ ਗਿਆ ਹੈ | ਉਨ੍ਹਾਂ ਵਿਰੋਧੀ ਧਿਰ ਨੂੰ ਵੀ ਕਿਹਾ ਕਿ ਉਹ ਪੰਜਾਬ ਦੇ ਮੁੱਦਿਆਂ ਲਈ ਸੰਜੀਦਾ ਹੋਣ | ਮਾਧੋਪੁਰ ਹੈੱਡ ਵਰਕਸ ਸੰਬੰਧੀ ਭਾਜਪਾ ਆਗੂ ਸੁਨੀਲ ਜਾਖੜ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਵਿਖੇ ਹੜ੍ਹਾਂ ਦਾ ਪਾਣੀ 26-27 ਅਗਸਤ ਨੂੰ ਆ ਗਿਆ ਸੀ ਜਦੋਂ ਕਿ ਮਾਧੋਪੁਰ ਹੈੱਡ ਵਰਕਸ ਦਾ ਗੇਟ ਉਸ ਤੋਂ ਬਾਅਦ ਟੁੱਟਾ ਹੈ | ਉਨ੍ਹਾਂ ਕਿਹਾ ਕਿ ਹਿਮਾਚਲ ਜਾਂ ਉੱਤਰਾਖੰਡ 'ਚ ਕਿਹੜਾ ਫਲੱਡ ਗੇਟ ਟੁੱਟਾ ਸੀ, ਜਿਥੇ ਏਨਾ ਨੁਕਸਾਨ ਹੋਇਆ ਹੈ | ਮੁੱਖ ਮੰਤਰੀ ਨੇ ਮਸਤੂਆਣਾ ਮੈਡੀਕਲ ਕਾਲਜ ਦੇ ਕੰਮ 'ਚ ਰੁਕਾਵਟਾਂ ਖੜ੍ਹੀਆਂ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਦੋਸ਼ ਲਗਾਏ ਪਰ ਕਿਹਾ ਕਿ ਸਰਕਾਰ ਇਸ ਲਈ ਕੁੱਝ ਜ਼ਮੀਨ ਇੱਧਰ-ਉੱਧਰ ਪ੍ਰਾਪਤ ਕਰਕੇ ਛੇਤੀ ਹੀ ਇਸ ਕੰਮ ਨੂੰ ਸਮੇਂ ਸਿਰ ਨੇਪਰੇ ਚੜ੍ਹਾਅ ਦੇਵੇਗੀ | ਮੁੱਖ ਮੰਤਰੀ ਨੇ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਦਾ ਨਾਂਅ ਲਏ ਬਿਨਾਂ ਕਿਹਾ ਕਿ ਅਸੀਂ ਤਾਂ ਕਿਸੇ ਖ਼ਿਲਾਫ਼ ਕੁੱਝ ਕੀਤਾ ਨਹੀਂ ਪਰ ਕਈ ਲੋਕ ਪਹਿਲਾਂ ਹੀ ਰੂਪੋਸ਼ ਹੋਏ ਫਿਰਦੇ ਹਨ | ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਸਵਦੇਸ਼ੀ ਦੇ ਨਾਅਰੇ ਨੂੰ ਢੌਂਗ ਦੱਸਿਆ ਤੇ ਕਿਹਾ ਕਿ ਉਹ ਤਾਂ ਸਭ ਕੁਝ ਬਾਹਰ ਦੀਆਂ ਚੀਜ਼ਾਂ ਵਰਤ ਰਹੇ ਹਨ ਪਰ ਲੋਕਾਂ ਨੂੰ ਸਵਦੇਸ਼ੀ ਚੀਜ਼ਾਂ ਦੀ ਵਰਤੋਂ ਦੇ ਨਾਅਰੇ ਦੇ ਰਹੇ ਹਨ |
ਮੰਤਰੀ ਮੰਡਲ ਦੀ ਬੈਠਕ ਕੱਲ੍ਹ
ਵਿਧਾਨ ਸਭਾ ਨਾਲ ਸੰਬੰਧਿਤ ਏਜੰਡਿਆਂ ਨੂੰ ਪ੍ਰਵਾਨਗੀ ਸੰਭਵ
ਮੁੱਖ ਮੰਤਰੀ ਵਲੋਂ 24 ਸਤੰਬਰ ਨੂੰ ਪੰਜਾਬ ਮੰਤਰੀ ਮੰਡਲ ਦੀ ਇਕ ਬੈਠਕ ਸੱਦੀ ਗਈ ਹੈ, ਜਿਸ ਲਈ ਭਾਵੇਂ ਏਜੰਡਾ ਜਾਰੀ ਨਹੀਂ ਕੀਤਾ ਗਿਆ ਪਰ ਸਮਝਿਆ ਜਾਂਦਾ ਹੈ ਕਿ ਇਸ ਮੀਟਿੰਗ ਦੌਰਾਨ ਵਿਧਾਨ ਸਭਾ ਦੇ 26 ਤੇ 29 ਸਤੰਬਰ ਨੂੰ ਹੋਣ ਵਾਲੇ ਵਿਸ਼ੇਸ਼ ਇਜਲਾਸ ਦੇ ਏਜੰਡਿਆਂ ਨੂੰ ਪ੍ਰਵਾਨਗੀ ਦਿੱਤੀ ਜਾਣੀ ਹੈ | ਰਾਜ ਸਰਕਾਰ ਇਸ ਇਜਲਾਸ 'ਚ ਰਾਹਤ ਕਾਰਜਾਂ ਅਤੇ ਮੁਆਵਜ਼ਿਆਂ ਨਾਲ ਸੰਬੰਧਿਤ ਕਈ ਮੌਜੂਦਾ ਨਿਯਮਾਂ ਤੇ ਕਾਨੂੰਨਾਂ 'ਚ ਸੋਧਾਂ ਲਈ ਇਜਲਾਸ ਦੀ ਪ੍ਰਵਾਨਗੀ ਲੈਣਾ ਚਾਹੁੰਦੀ ਹੈ |
ਸਿਹਤ ਬੀਮਾ ਮੁਫ਼ਤ 'ਚ ਉਪਲਬਧ ਕਰਵਾਉਣ ਵਾਲਾ ਪੰਜਾਬ ਦੁਨੀਆ ਦਾ ਪਹਿਲਾ ਸੂਬਾ ਬਣਿਆ-ਕੇਜਰੀਵਾਲ
ਚੰਡੀਗੜ੍ਹ, (ਅਜੀਤ ਬਿਊਰੋ)-ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੂਬੇ ਦੇ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਫ਼ਤ ਸਿਹਤ ਬੀਮਾ ਪ੍ਰਦਾਨ ਕਰਨ ਦੇ ਇਤਿਹਾਸਕ ਫ਼ੈਸਲੇ ਲਈ ਸ਼ਲਾਘਾ ਕੀਤੀ ਹੈ ¢ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਨਾ ਸਿਰਫ਼ ਭਾਰਤ ਵਿਚ, ਸਗੋਂ ਦੁਨੀਆ ਭਰ 'ਚ ਪਹਿਲਾ ਸੂਬਾ ਬਣ ਗਿਆ ਹੈ, ਜਿਸ ਨੇ ਆਪਣੇ ਲੋਕਾਂ ਲਈ ਅਜਿਹੀ ਵਿਆਪਕ ਸਿਹਤ ਬੀਮਾ ਯੋਜਨਾ ਯਕੀਨੀ ਬਣਾਈ ਹੈ¢ ਉਨ੍ਹਾਂ ਕਿਹਾ ਕਿ ਸਿਰਫ਼ ਇਕ ਇਮਾਨਦਾਰ ਸਰਕਾਰ ਹੀ ਅਜਿਹੇ ਦਲੇਰਾਨਾ ਅਤੇ ਲੋਕ-ਪੱਖੀ ਫ਼ੈਸਲੇ ਲੈ ਸਕਦੀ ਹੈ¢ ਉਨ੍ਹਾਂ ਕਿਹਾ ਕਿ 'ਆਪ' ਸ਼ਾਸਨ ਦਾ ਮਤਲਬ, ਲੋਕਾਂ ਦਾ ਪੈਸਾ ਲੋਕਾਂ ਦੀ ਭਲਾਈ ਲਈ ਖਰਚ ਕਰਨਾ ਹੈ |
ਮੁੱਖ ਮੰਤਰੀ ਸਿਹਤ ਯੋਜਨਾ' ਦੀ ਰਜਿਸਟ੍ਰੇਸ਼ਨ ਅੱਜ ਤੋਂ <br/>
ਅਜੀਤ ਡੈਸਕ
23-09-2025