ਅੰਮਿ੍ਤਸਰ, 22 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਹਵਾਈ ਫ਼ੌਜ 'ਤੇ ਆਪਣੇ ਹੀ ਲੋਕਾਂ 'ਤੇ ਬੰਬਾਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ | ਅੱਜ ਜਾਰੀ ਕੀਤੀਆਂ ਗਈਆਂ ਕੁਝ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਹਵਾਈ ਫ਼ੌਜ ਨੇ ਖ਼ੈਬਰ ਪਖਤੂਨਖਵਾ ਸੂਬੇ ਦੇ ਵਜ਼ੀਰਸਤਾਨ ਦੀ ਤਿਰਾਹ ਘਾਟੀ ਦੇ ਪਿੰਡ ਮਾਤਰੇ ਦਾਰਾ 'ਚ ਬਿਨਾਂ ਕਿਸੇ ਚਿਤਾਵਨੀ ਦੇ ਬੰਬ ਸੁੱਟੇ, ਜਿਸ 'ਚ 30 ਲੋਕ ਮਾਰੇ ਗਏ | ਮਿ੍ਤਕਾਂ 'ਚ ਛੋਟੇ ਬੱਚੇ ਤੇ ਔਰਤਾਂ ਵੀ ਸ਼ਾਮਿਲ ਹਨ | ਦੱਸਿਆ ਜਾ ਰਿਹਾ ਹੈ ਕਿ ਇਹ ਬੰਬਾਰੀ ਹਵਾਈ ਫ਼ੌਜ ਦੇ ਜੇ. ਐੱਫ.-17 ਜਹਾਜ਼ ਦੁਆਰਾ ਕੀਤੀ ਗਈ | ਸੁੱਟੇ ਗਏ ਬੰਬ ਚੀਨ ਦੇ ਬਣੇ ਘਾਤਕ ਐੱਲ. ਐਕਸ.-6 ਬੰਬ ਸਨ | ਇਹ ਘਟਨਾ ਐਤਵਾਰ ਰਾਤ ਨੂੰ ਲਗਭਗ 2 ਵਜੇ ਵਾਪਰੀ | ਉੱਥੋਂ ਦੇ ਸਥਾਨਕ ਅਧਿਕਾਰੀਆਂ ਨੇ ਤਬਾਹੀ ਦੀ ਤੀਬਰਤਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਧਮਾਕੇ ਇੰਨੇ ਸ਼ਕਤੀਸ਼ਾਲੀ ਸਨ ਕਿ ਨੇੜਲੇ ਕਈ ਘਰ ਵੀ ਤਬਾਹ ਹੋ ਗਏ | ਹਮਲੇ 'ਚ ਵੱਡੀ ਗਿਣਤੀ 'ਚ ਲੋਕ ਜ਼ਖ਼ਮੀ ਵੀ ਹੋਏ ਹਨ | ਪਾਕਿ ਦੀਆਂ ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਹਵਾਈ ਫ਼ੌਜ ਇਨ੍ਹਾਂ ਹਮਲਿਆਂ ਰਾਹੀਂ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ | ਹਾਲਾਂਕਿ ਹਮਲੇ 'ਚ ਜ਼ਿਆਦਾਤਰ ਮਾਰੇ ਗਏ ਲੋਕ ਅੱਤਵਾਦੀਆਂ ਦੀ ਬਜਾਏ ਆਮ ਨਾਗਰਿਕ ਸਨ | ਵਜ਼ੀਰਸਤਾਨ ਦੇ ਸੀਨੀਅਰ ਪੁਲਿਸ ਅਧਿਕਾਰੀ ਜ਼ਫ਼ਰ ਖਾਨ ਅਨੁਸਾਰ ਧਮਾਕੇ 'ਚ ਨੁਕਸਾਨੇ ਗਏ ਕੰਪਲੈਕਸ ਦੀ ਵਰਤੋਂ ਦੋ ਪਾਕਿਸਤਾਨੀ ਤਾਲਿਬਾਨ ਕਮਾਂਡਰ ਅਮਨ ਗੁਲ ਤੇ ਮਸੂਦ ਖਾਨ ਕਰ ਰਹੇ ਸਨ, ਜਿਨ੍ਹਾਂ ਇਸ ਨੂੰ ਸੜਕ ਕਿਨਾਰੇ ਬੰਬ ਬਣਾਉਣ ਵਾਲੀ ਫ਼ੈਕਟਰੀ 'ਚ ਬਦਲ ਦਿੱਤਾ ਸੀ | ਖਾਨ ਨੇ ਪਾਕਿਸਤਾਨੀ ਕੱਟੜਪੰਥੀਆਂ 'ਤੇ ਦੋਸ਼ ਲਗਾਇਆ ਕਿ ਉਹ ਨਾਗਰਿਕਾਂ ਨੂੰ ਮਨੁੱਖੀ ਢਾਲ ਵਜੋਂ ਵਰਤਦੇ ਹਨ ਤੇ ਦੂਜੇ ਜ਼ਿਲਿ੍ਹਆਂ 'ਚ ਮਸਜਿਦਾਂ 'ਚ ਹਥਿਆਰ ਲੁਕਾਉਂਦੇ ਹਨ, ਜਿਸ ਨਾਲ ਖੇਤਰ 'ਚ ਅੱਤਵਾਦ ਦਾ ਮੁਕਾਬਲਾ ਕਰਨ ਦੀਆਂ ਕੋਸ਼ਿਸ਼ਾਂ ਹੋਰ ਵੀ ਗੁੰਝਲਦਾਰ ਹੋ ਜਾਂਦੀਆਂ ਹਨ | ਅਜੇ ਤੱਕ ਇਸ ਘਟਨਾ ਬਾਰੇ ਪਾਕਿਸਤਾਨੀ ਸਰਕਾਰ ਵਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ |
ਪਾਕਿ ਹਵਾਈ ਫ਼ੌਜ ਵਲੋਂ ਆਪਣੇ ਹੀ ਲੋਕਾਂ 'ਤੇ ਬੰਬਾਰੀ-30 ਮੌਤਾਂ <br/>
ਅਜੀਤ ਡੈਸਕ
23-09-2025