ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸਰਦਾਰ ਪਟੇਲ ਪੂਰੇ ਕਸ਼ਮੀਰ ਨੂੰ ਭਾਰਤ ਨਾਲ ਜੋੜਨਾ ਚਾਹੁੰਦੇ ਸਨ, ਨਹਿਰੂ ਨੇ ਇਜਾਜ਼ਤ ਨਹੀਂ ਦਿੱਤੀ-ਮੋਦੀ

Ad Position 21
No active advertisement
ਅਜੀਤ ਡੈਸਕ 01-11-2025

ਸਰਦਾਰ ਪਟੇਲ ਦੀ 150ਵੀਂ ਜੈਅੰਤੀ 'ਤੇ ਰਾਸ਼ਟਰੀ ਏਕਤਾ ਦਿਵਸ ਪਰੇਡ
ਏਕਤਾ ਨਗਰ (ਗੁਜਰਾਤ), 31 ਅਕਤੂਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਦਾਰ ਪਟੇਲ ਪੂਰੇ ਕਸ਼ਮੀਰ ਨੂੰ ਭਾਰਤ ਨਾਲ ਜੋੜਨਾ ਚਾਹੁੰਦੇ ਸਨ, ਜਿਵੇਂ ਉਹ ਹੋਰ ਰਿਆਸਤਾਂ ਨਾਲ ਕਰਦੇ ਸਨ, ਪਰ ਉਦੋਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਅਜਿਹਾ ਨਹੀਂ ਹੋਣ ਦਿੱਤਾ | ਸਰਦਾਰ ਪਟੇਲ ਦੀ 150ਵੀਂ ਜੈਅੰਤੀ 'ਤੇ ਇਥੇ ਰਾਸ਼ਟਰੀ ਏਕਤਾ ਦਿਵਸ ਪਰੇਡ ਤੋਂ ਬਾਅਦ ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਘੁਸਪੈਠ ਭਾਰਤ ਦੇ ਜਨਸੰਖਿਆ ਸੰਤੁਲਨ ਨੂੰ ਵਿਗਾੜ ਰਹੀ ਹੈ, ਜਿਸ ਨੇ ਇਸ ਵਿਰੁੱਧ ਫ਼ੈਸਲਾਕੁੰਨ ਲੜਾਈ ਲੜਨ ਦਾ ਫ਼ੈਸਲਾ ਕੀਤਾ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਦਾਰ ਪਟੇਲ ਦਾ ਮੰਨਣਾ ਸੀ ਕਿ ਇਤਿਹਾਸ ਲਿਖਣ 'ਚ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ, ਪਰ ਸਾਨੂੰ ਇਤਿਹਾਸ ਸਿਰਜਣ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਨੇ ਆਜ਼ਾਦੀ ਤੋਂ ਬਾਅਦ 550 ਤੋਂ ਵੱਧ ਰਿਆਸਤਾਂ ਨੂੰ ਇਕਜੁੱਟ ਕਰਨ ਦੇ ਅਸੰਭਵ ਕੰਮ ਨੂੰ ਪੂਰਾ ਕੀਤਾ | ਸਰਦਾਰ ਪਟੇਲ ਨੇ ਜੋ ਨੀਤੀਆਂ ਬਣਾਈਆਂ, ਉਨ੍ਹਾਂ ਜੋ ਫ਼ੈਸਲੇ ਲਏ, ਉਨ੍ਹਾਂ ਨਵਾਂ ਇਤਿਹਾਸ ਸਿਰਜਿਆ | ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਭਾਰਤ, ਸ਼ਾਨਦਾਰ ਭਾਰਤ ਦਾ ਵਿਚਾਰ ਉਨ੍ਹਾਂ ਲਈ ਸਭ ਤੋਂ ਮਹੱਤਵਪੂਰਨ ਸੀ | ਕਾਂਗਰਸ 'ਤੇ ਹਮਲਾ ਬੋਲਦਿਆਂ ਮੋਦੀ ਨੇ ਕਿਹਾ ਕਿ ਕਸ਼ਮੀਰ ਤੇ ਦੇਸ਼ ਨੇ ਇਸ ਮੁੱਦੇ ਨੂੰ ਸੰਭਾਲਣ 'ਚ ਪਾਰਟੀ ਦੀਆਂ ਗਲਤੀਆਂ ਦੀ ਭਾਰੀ ਕੀਮਤ ਚੁਕਾਈ ਹੈ | ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਚਾਹੁੰਦੇ ਸਨ ਕਿ ਪੂਰਾ ਕਸ਼ਮੀਰ ਖੇਤਰ ਭਾਰਤ 'ਚ ਸ਼ਾਮਿਲ ਹੋ ਜਾਵੇ, ਜਿਵੇਂ ਉਨ੍ਹਾਂ ਹੋਰ ਰਿਆਸਤਾਂ ਨੂੰ ਜੋੜਿਆ ਸੀ, ਪਰ ਨਹਿਰੂ ਜੀ ਨੇ ਉਨ੍ਹਾਂ ਦੀ ਇੱਛਾ ਪੂਰੀ ਨਹੀਂ ਹੋਣ ਦਿੱਤੀ | ਕਸ਼ਮੀਰ ਵੰਡਿਆ ਗਿਆ, ਇਕ ਵੱਖਰਾ ਸੰਵਿਧਾਨ ਤੇ ਇਕ ਵੱਖਰਾ ਝੰਡਾ ਦਿੱਤਾ ਗਿਆ ਤੇ ਕਾਂਗਰਸ ਦੀ ਗਲਤੀ ਕਾਰਨ ਦੇਸ਼ ਨੂੰ ਦਹਾਕਿਆਂ ਤੱਕ ਦੁੱਖ ਝੱਲਣਾ ਪਿਆ | ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਲਈ ਦੇਸ਼ ਦੀ ਪ੍ਰਭੂਸੱਤਾ ਸਭ ਤੋਂ ਉੱਪਰ ਸੀ, ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਦੇ ਸਾਲਾਂ 'ਚ ਸਰਕਾਰਾਂ ਨੇ ਲਗਾਤਾਰ ਦੇਸ਼ ਦੀ ਪ੍ਰਭੂਸੱਤਾ ਪ੍ਰਤੀ ਉਹ ਗੰਭੀਰਤਾ ਨਹੀਂ ਦਿਖਾਈ | ਉਨ੍ਹਾਂ ਕਿਹਾ ਕਿ ਕਸ਼ਮੀਰ 'ਚ ਕੀਤੀਆਂ ਗਈਆਂ ਗਲਤੀਆਂ, ਉੱਤਰ-ਪੂਰਬ 'ਚ ਪੈਦਾ ਹੋਈਆਂ ਸਮੱਸਿਆਵਾਂ ਤੇ ਦੇਸ਼ ਭਰ 'ਚ ਫੈਲਿਆ ਨਕਸਲਵਾਦੀ-ਮਾਓਵਾਦੀ ਅੱਤਵਾਦ ਇਹ ਸਾਰੀਆਂ ਦੇਸ਼ ਦੀ ਪ੍ਰਭੂਸੱਤਾ ਲਈ ਗੰਭੀਰ ਚੁਣੌਤੀਆਂ ਸਨ | ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਦਾਰ ਪਟੇਲ ਦੀਆਂ ਨੀਤੀਆਂ ਦੀ ਪਾਲਣਾ ਕਰਨ ਦੀ ਬਜਾਏ ਉਸ ਸਮੇਂ ਦੀਆਂ ਸਰਕਾਰਾਂ ਨੇ ਇਕ ਰੀੜ੍ਹ ਦੀ ਹੱਡੀ ਰਹਿਤ ਪਹੁੰਚ ਚੁਣੀ | ਕਾਂਗਰਸ ਦੀਆਂ ਕਮਜ਼ੋਰ ਨੀਤੀਆਂ ਕਾਰਨ, ਕਸ਼ਮੀਰ ਦਾ ਇਕ ਹਿੱਸਾ ਪਾਕਿਸਤਾਨ ਦੇ ਗੈਰ-ਕਾਨੂੰਨੀ ਕਬਜ਼ੇ ਹੇਠ ਚਲਾ ਗਿਆ, ਜਿਸ ਨੇ ਫਿਰ ਰਾਜ-ਸਮਰਥਤ ਅੱਤਵਾਦ ਨੂੰ ਹਵਾ ਦਿੱਤੀ | ਕਸ਼ਮੀਰ ਤੇ ਦੇਸ਼ ਨੇ ਭਾਰੀ ਕੀਮਤ ਚੁਕਾਈ, ਫਿਰ ਵੀ ਕਾਂਗਰਸ ਹਮੇਸ਼ਾ ਅੱਤਵਾਦ ਅੱਗੇ ਝੁਕਦੀ ਰਹੀ | ਇਹ ਸਰਦਾਰ ਪਟੇਲ ਦੇ ਦਿ੍ਸ਼ਟੀਕੋਣ ਨੂੰ ਭੁੱਲ ਗਈ, ਪਰ ਅਸੀਂ ਨਹੀਂ | ਪ੍ਰਧਾਨ ਮੰਤਰੀ ਨੇ ਕਿਹਾ ਕਿ ਧਾਰਾ 370 ਦੀਆਂ ਬੇੜੀਆਂ ਤੋੜ ਕੇ ਕਸ਼ਮੀਰ ਨੂੰ ਪੂਰੀ ਤਰ੍ਹਾਂ ਮੁੱਖ ਧਾਰਾ 'ਚ ਸ਼ਾਮਿਲ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਅੱਜ ਪਾਕਿਸਤਾਨ ਤੇ ਅੱਤਵਾਦੀ ਵੀ ਜਾਣਦੇ ਹਨ ਕਿ ਭਾਰਤ ਦੀ ਅਸਲ ਤਾਕਤ ਕੀ ਹੈ | ਆਪ੍ਰੇਸ਼ਨ ਸੰਧੂਰ 'ਚ ਦੁਨੀਆ ਨੇ ਦੇਖਿਆ ਕਿ ਜੇਕਰ ਕੋਈ ਭਾਰਤ 'ਤੇ ਬੁਰੀ ਨਜ਼ਰ ਪਾਉਂਦਾ ਹੈ ਤਾਂ ਅਸੀਂ ਉਨ੍ਹਾਂ ਦੇ ਘਰਾਂ 'ਚ ਦਾਖ਼ਲ ਹੋ ਕੇ ਉਨ੍ਹਾਂ ਨੂੰ ਖ਼ਤਮ ਕਰ ਦੇਵਾਂਗੇ | ਇਹ ਸਰਦਾਰ ਪਟੇਲ ਦਾ ਭਾਰਤ ਹੈ |

Ad Position 22
No active advertisement
ਪਿਛਲੀ ਖ਼ਬਰ ਬਿਹਾਰ 'ਚ ਐਨ.ਡੀ.ਏ. ਵਲੋਂ 1 ਕਰੋੜ ਨੌਜਵਾਨਾਂ ਨੂੰ ਨੌਕਰੀਆਂ, ਮੁਫ਼ਤ ਸਿੱਖਿਆ, ਬੁਨਿਆਦੀ ਢਾਂਚੇ ਦੇ ਵਿਕਾਸ ਦਾ ਵਾਅਦਾ ਅਗਲੀ ਖ਼ਬਰ ਭਾਰਤ ਤੇ ਅਮਰੀਕਾ ਵਲੋਂ 10 ਸਾਲਾ ਰੱਖਿਆ ਸਮਝੌਤੇ 'ਤੇ ਦਸਤਖ਼ਤ
Ad Position 24
No active advertisement