ਨਿਤਿਸ਼ ਕੁਮਾਰ, ਜੇ.ਪੀ. ਨੱਢਾ ਅਤੇ ਹੋਰ ਆਗੂਆਂ ਵਲੋਂ ਚੋਣ ਮਨੋਰਥ ਪੱਤਰ ਜਾਰੀ
ਪਟਨਾ, 31 ਅਕਤੂਬਰ (ਪੀ.ਟੀ.ਆਈ.)-ਐਨ.ਡੀ.ਏ. ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ (ਮੈਨੀਫੈਸਟੋ) ਜਾਰੀ ਕੀਤਾ ਹੈ, ਜਿਸ 'ਚ 1 ਕਰੋੜ ਨੌਜਵਾਨਾਂ ਨੂੰ ਨੌਕਰੀਆਂ, ਇਕ ਕਰੋੜ 'ਲਖਪਤੀ ਦੀਦੀ' ਬਣਾਉਣ, ਚਾਰ ਹੋਰ ਸ਼ਹਿਰਾਂ 'ਚ ਮੈਟਰੋ ਰੇਲ ਸੇਵਾਵਾਂ ਤੇ ਰਾਜ 'ਚ 7 ਅੰਤਰਰਾਸ਼ਟਰੀ ਹਵਾਈ ਅੱਡੇ, 7 ਐਕਸਪ੍ਰੈਸਵੇਅ, 10 ਉਦਯੋਗਿਕ ਪਾਰਕ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ | ਕੇ.ਜੀ. ਤੋਂ ਪੀ.ਜੀ. ਤੱਕ ਮੁਫ਼ਤ ਗੁਣਵੱਤਾ ਵਾਲੀ ਸਿੱਖਿਆ ਤੇ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਪ੍ਰਤੀ ਮਹੀਨਾ 2000 ਰੁਪਏ ਦੀ ਸਹਾਇਤਾ ਮਨੋਰਥ ਪੱਤਰ ਦੀਆਂ ਕੁਝ ਹੋਰ ਵਿਸ਼ੇਸ਼ਤਾਵਾਂ ਹਨ | ਮੁੜ ਸੱਤਾ 'ਚ ਆਉਣ 'ਤੇ ਸੱਤਾਧਾਰੀ ਐਨ.ਡੀ.ਏ. ਦੇ 69 ਪੰਨਿਆਂ ਦੇ ਮੈਨੀਫੈਸਟੋ ਅਨੁਸਾਰ ਇਕ ਵਿਸ਼ਵ ਪੱਧਰੀ ਮੈਡੀਸਿਟੀ, ਹਰੇਕ ਜ਼ਿਲ੍ਹੇ 'ਚ ਇਕ ਮੈਡੀਕਲ ਕਾਲਜ, ਮੁਫ਼ਤ ਰਾਸ਼ਨ, 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਤੇ 50 ਲੱਖ ਹੋਰ ਪੱਕੇ ਘਰ ਵੀ ਸਥਾਪਿਤ ਕੀਤੇ ਜਾਣਗੇ | ਸੀਤਾਮੜੀ ਜ਼ਿਲ੍ਹੇ 'ਚ ਇਕ ਹਿੰਦੂ ਤੀਰਥ ਸਥਾਨ ਪੁਨੌਰਾ ਧਾਮ ਜਾਨਕੀ ਮੰਦਰ, ਜਿਸ ਨੂੰ ਦੇਵੀ ਸੀਤਾ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ, ਦਾ ਨਾਂਅ ਸੀਤਾਪੁਰਮ ਰੱਖਿਆ ਜਾਵੇਗਾ | ਇਹ ਮਨੋਰਥ ਪੱਤਰ ਇਕ ਪ੍ਰੈੱਸ ਕਾਨਫਰੰਸ ਦੌਰਾਨ ਜਾਰੀ ਕੀਤਾ ਗਿਆ, ਜਿਸ 'ਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ, ਉਪ-ਮੁੱਖ ਮੰਤਰੀ ਸਮਰਾਟ ਚੌਧਰੀ, ਭਾਜਪਾ ਪ੍ਰਧਾਨ ਜੇ.ਪੀ. ਨੱਢਾ, ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ, ਜੀਤਨ ਰਾਮ ਮਾਂਝੀ, ਚਿਰਾਗ ਪਾਸਵਾਨ ਤੇ ਗੱਠਜੋੜ ਭਾਈਵਾਲਾਂ ਦੇ ਨੇਤਾ ਸ਼ਾਮਿਲ ਸਨ | ਚੌਧਰੀ ਨੇ ਕਿਹਾ ਕਿ ਐਨ.ਡੀ.ਏ. 1 ਕਰੋੜ ਤੋਂ ਵੱਧ ਸਰਕਾਰੀ ਨੌਕਰੀਆਂ ਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰੇਗਾ, ਹੁਨਰ-ਆਧਾਰਿਤ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਇਕ ਹੁਨਰ ਜਨਗਣਨਾ ਕਰਵਾਏਗਾ ਤੇ ਹਰੇਕ ਜ਼ਿਲ੍ਹੇ 'ਚ ਮੈਗਾ ਹੁਨਰ ਕੇਂਦਰ ਸਥਾਪਿਤ ਕਰੇਗਾ, ਜਿਨ੍ਹਾਂ ਨੂੰ ਗਲੋਬਲ ਹੁਨਰ ਕੇਂਦਰਾਂ 'ਚ ਵਿਕਸਿਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਤਹਿਤ ਜੇਕਰ ਐਨ.ਡੀ.ਏ. ਸੱਤਾ 'ਚ ਵਾਪਸ ਆਉਂਦਾ ਹੈ ਤਾਂ ਖੁਸ਼ਹਾਲੀ ਤੇ ਸਵੈ-ਨਿਰਭਰਤਾ ਲਈ ਔਰਤਾਂ ਨੂੰ 2 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ | ਮੈਨੀਫੈਸਟੋ ਅਨੁਸਾਰ ਐਨ.ਡੀ.ਏ. ਦੁਆਰਾ 1 ਕਰੋੜ ਲਖਪਤੀ ਦੀਦੀ ਵੀ ਬਣਾਈ ਜਾਵੇਗੀ ਤੇ ਮਿਸ਼ਨ ਕਰੋੜਪਤੀ ਪਹਿਲਕਦਮੀ ਰਾਹੀਂ ਅਸੀਂ ਚੋਣਵੇਂ ਮਹਿਲਾ ਉੱਦਮੀਆਂ ਨੂੰ ਕਰੋੜਪਤੀ ਬਣਾਉਣ ਲਈ ਕੰਮ ਕਰਾਂਗੇ | ਐਨ.ਡੀ.ਏ. ਨੇ ਇਹ ਵੀ ਵਾਅਦਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਅਧੀਨ ਵਿੱਤੀ ਸਹਾਇਤਾ 6000 ਰੁਪਏ ਤੋਂ ਵਧਾ ਕੇ 9000 ਰੁਪਏ ਸਾਲਾਨਾ ਕੀਤੀ ਜਾਵੇਗੀ | ਮਛੇਰਿਆਂ ਲਈ ਸਹਾਇਤਾ 4500 ਰੁਪਏ ਤੋਂ ਵਧਾ ਕੇ 9000 ਰੁਪਏ ਸਾਲਾਨਾ ਕੀਤੀ ਜਾਵੇਗੀ ਤੇ ਸਾਰੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਜਾਵੇਗਾ |
ਬਿਹਾਰ 'ਚ ਐਨ.ਡੀ.ਏ. ਵਲੋਂ 1 ਕਰੋੜ ਨੌਜਵਾਨਾਂ ਨੂੰ ਨੌਕਰੀਆਂ, ਮੁਫ਼ਤ ਸਿੱਖਿਆ, ਬੁਨਿਆਦੀ ਢਾਂਚੇ ਦੇ ਵਿਕਾਸ ਦਾ ਵਾਅਦਾ
ਅਜੀਤ ਡੈਸਕ
01-11-2025