ਜਗਰਾਉਂ (ਲੁਧਿਆਣਾ), 31 ਅਕਤੂਬਰ (ਗੁਰਦੀਪ ਸਿੰਘ ਮਲਕ)-ਜਗਰਾਉਂ ਸ਼ਹਿਰ 'ਚ 2 ਨੌਜਵਾਨਾਂ ਦੇ ਧੜਿਆਂ ਦਰਮਿਆਨ ਹੋਏ ਤਕਰਾਰ ਦੌਰਾਨ ਇਕ ਕਬੱਡੀ ਖਿਡਾਰੀ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਪ੍ਰਾਪਤ ਜਾਣਕਾਰੀ ਅਨੁਸਾਰ ਕਬੱਡੀ ਖਿਡਾਰੀ ਤੇਜਪਾਲ ਸਿੰਘ (30) ਪੁੱਤਰ ਰਘਬੀਰ ਸਿੰਘ ਵਾਸੀ ਪਿੰਡ ਗਿੱਦੜਵਿੰਡੀ ਆਪਣੇ 2 ਸਾਥੀਆਂ ਸਮੇਤ ਜਗਰਾਉਂ ਦੇ ਡਾਕਟਰ ਹਰੀ ਸਿੰਘ ਰੋਡ 'ਤੇ ਸਥਿਤ ਪ੍ਰਸਿੱਧ ਸੁਨਹਿਰੀ ਕਿਰਨ ਤੇਲ ਫੈਕਟਰੀ ਤੋਂ ਪਸ਼ੂਆਂ ਲਈ ਖਲ ਦੀ ਬੋਰੀ ਲੈਣ ਆਇਆ ਸੀ, ਜਿੱਥੇ ਚਾਰ ਦੇ ਕਰੀਬ ਨੌਜਵਾਨ ਆਏ, ਜਿਨ੍ਹਾਂ ਵਲੋਂ ਆਉਂਦੇ ਸਾਰ ਤੇਜਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਇਸ ਮੌਕੇ ਦੋਵਾਂ ਧਿਰ ਵਿਚਕਾਰ ਕੁਝ ਸਮਾਂ ਹੱਥੋਪਾਈ ਹੋਈ ਅਤੇ ਇਸ ਦੌਰਾਨ ਹਨੀ ਰੂਮੀ ਵਲੋਂ ਆਪਣਾ ਪਿਸਤੌਲ ਕੱਢ ਕੇ ਤੇਜਪਾਲ ਸਿੰਘ ਦੀ ਛਾਤੀ ਵਿਚ ਗੋਲੀ ਮਾਰ ਦਿੱਤੀ ਅਤੇ ਗੋਲੀ ਮਾਰਨ ਉਪਰੰਤ ਉਕਤ ਸਾਰੇ ਮੁਲਜ਼ਮ ਆਪਣੀ ਕਾਰ ਵਿਚ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ | ਜ਼ਖ਼ਮੀ ਨੌਜਵਾਨ ਖਿਡਾਰੀ ਤੇਜਪਾਲ ਸਿੰਘ ਨੂੰ ਤੁਰੰਤ ਉਸ ਦੇ ਸਾਥੀਆਂ ਵਲੋਂ ਸਿਵਲ ਹਸਪਤਾਲ ਜਗਰਾਉਂ ਵਿਖੇ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਘਟਨਾ ਦੀ ਸੂਚਨਾ ਮਿਲਣ 'ਤੇ ਡੀ.ਐੱਸ.ਪੀ. ਜਸਵਿੰਦਰ ਸਿੰਘ ਢੀਂਡਸਾ, ਐੱਸ.ਐੱਚ.ਓ. ਪਰਮਿੰਦਰ ਸਿੰਘ ਰਾਏ ਮੌਕੇ 'ਤੇ ਪਹੁੰਚੇ | ਇਸ ਘਟਨਾ ਸੰਬੰਧੀ ਜ਼ਿਲ੍ਹਾ ਪੁਲਿਸ ਮੁਖੀ ਡਾ. ਅੰਕੁਰ ਗੁਪਤਾ ਨੇ ਕਿਹਾ ਕਿ ਮੁਲਜ਼ਮਾਂ ਦੀ ਸ਼ਨਾਖਤ ਹੋ ਚੁੱਕੀ ਹੈ, ਜਿਨ੍ਹਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ |