ਪਟੇਲ ਦੀ ਵਿਰਾਸਤ ਦਾ ਅਪਮਾਨ ਕਰ ਰਹੀ ਹੈ ਭਾਜਪਾ-ਖੜਗੇ
ਨਵੀਂ ਦਿੱਲੀ, 31 ਅਕਤੂਬਰ (ਉਪਮਾ ਡਾਗਾ ਪਾਰਥ)-ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਸਰਦਾਰ ਵੱਲਭਭਾਈ ਪਟੇਲ ਜੈਅੰਤੀ ਮੌਕੇ ਇਕ ਵਾਰ ਫਿਰ ਰਾਸ਼ਟਰੀ ਸਵੈ-ਸੇਵਕ ਸੰਘ (ਆਰ.ਐਸ.ਐਸ.) 'ਤੇ ਪਾਬੰਦੀ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਰਦਾਰ ਪਟੇਲ ਦੇ ਵਿਚਾਰਾਂ ਦਾ ਸਨਮਾਨ ਕਰਦੇ ਹਨ, ਤਾਂ ਉਹ ਅਜਿਹਾ ਕਰਨ | ਦੇਸ਼ 'ਚ ਭਾਜਪਾ ਆਰ.ਐਸ.ਐਸ. ਦੇ ਕਾਰਨ ਕਾਨੂੰਨ ਵਿਵਸਥਾ ਦੀਆਂ ਦਿੱਕਤਾਂ ਹੋ ਰਹੀਆਂ ਹਨ | ਖੜਗੇ ਨੇ ਸ਼ੁੱਕਰਵਾਰ ਨੂੰ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਇਕ ਪੱਤਰਕਾਰ ਵਲੋਂ ਪੁੱਛੇ ਸਵਾਲ ਦੇ ਜਵਾਬ 'ਚ ਉਕਤ ਬਿਆਨ ਦਿੱਤਾ | ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਕਰਨਾਟਕ 'ਚ ਕਾਂਗਰਸ ਬਨਾਮ ਆਰ.ਐਸ.ਐਸ. ਦਾ ਵਿਵਾਦ ਸਿਖਰ 'ਤੇ ਹੈ | ਖੜਗੇ ਦੇ ਬੇਟੇ ਪਿ੍ਆਂਕ ਖੜਗੇ ਨੇ ਵੀ ਆਰ.ਐਸ.ਐਸ. ਦੇ ਪ੍ਰੋਗਰਾਮ 'ਤੇ ਪਾਬੰਦੀ ਲਾਉਣ ਦੇ ਸੂਬਾ ਸਰਕਾਰ ਦੇ ਫ਼ੈਸਲੇ ਦੀ ਹਮਾਇਤ ਕੀਤੀ ਸੀ | ਮਲਿਕਅਰਜੁਨ ਖੜਗੇ ਨੇ ਪਟੇਲ ਦੇ ਹਵਾਲੇ ਨਾਲ ਕਿਹਾ ਕਿ 1948 'ਚ ਮਹਾਤਮਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਰਦਾਰ ਵੱਲਭਭਾਈ ਪਟੇਲ ਨੇ ਵੀ ਆਰ.ਐਸ.ਐਸ. ਦੀ ਨਿਖੇਧੀ ਕੀਤੀ ਸੀ | ਉਨ੍ਹਾਂ ਸਰਦਾਰ ਪਟੇਲ ਵਲੋਂ ਲਿਖੀ ਉਸ ਚਿੱਠੀ ਦਾ ਵੀ ਜ਼ਿਕਰ ਕੀਤਾ, ਜੋ ਉਨ੍ਹਾਂ ਨੇ ਆਰ.ਐਸ.ਐਸ. ਦੇ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਲਿਖੀ ਸੀ | ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਨੇ ਵੀ ਆਪਣੀ ਚਿੱਠੀ 'ਚ ਇਹੀ ਕਿਹਾ ਸੀ ਕਿ ਆਰ.ਐਸ.ਐਸ. ਨੇ ਹੀ ਅਜਿਹਾ ਮਾਹੌਲ ਤਿਆਰ ਕੀਤਾ ਹੈ ਕਿ ਮਹਾਤਮਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ | ਕਾਂਗਰਸ ਪ੍ਰਧਾਨ ਨੇ ਇਹ ਵੀ ਕਿਹਾ ਕਿ ਪਟੇਲ ਨੇ ਭਾਰਤ ਦੇ ਧਰਮ ਨਿਰਪੇਖ ਅਤੇ ਲੋਕਤੰਤਿ੍ਕ ਰੂਪ ਦੀ ਰਾਖੀ ਲਈ ਆਰ.ਐਸ.ਐਸ. 'ਤੇ ਪਾਬੰਦੀ ਲਾਈ ਸੀ | ਉਨ੍ਹਾਂ ਸਰਦਾਰ ਪਟੇਲ ਦੀ ਜੈਅੰਤੀ ਅਤੇ ਇੰਦਰਾ ਗਾਂਧੀ ਦੀ ਬਰਸੀ ਮੌਕੇ ਦੋਵੇਂ ਨੇਤਾਵਾਂ ਦੀ ਤੁਲਨਾ ਕਰਦਿਆਂ ਕਿਹਾ ਕਿ ਸਰਦਾਰ ਪਟੇਲ ਲੋਹਪੁਰਸ਼ ਸਨ ਤਾਂ ਇੰਦਰਾ ਗਾਂਧੀ 'ਆਯਰਨ ਲੇਡੀ' ਸੀ | ਦੋਹਾਂ ਨੇ ਹੀ ਦੇਸ਼ ਨੂੰ ਇਕ ਡੋਰ 'ਚ ਪਰੋਣ ਦਾ ਕੰਮ ਕੀਤਾ |
ਖੜਗੇ ਵਲੋਂ ਆਰ.ਐਸ.ਐਸ. 'ਤੇ ਪਾਬੰਦੀ ਲਾਉਣ ਦੀ ਮੰਗ
ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ | <br/>
01-11-2025