ਸੰਸਦ ਮੈਂਬਰਾਂ ਵਲੋਂ ਟਰੰਪ ਨੂੰ ਐਚ1-ਬੀ ਵੀਜ਼ਾ 'ਤੇ ਸਖ਼ਤੀ ਬਾਰੇ ਮੁੜ ਵਿਚਾਰ ਕਰਨ ਦੀ ਅਪੀਲ
ਅਜੀਤ ਡੈਸਕ
01-11-2025
ਨਿਊਯਾਰਕ/ਵਾਸ਼ਿੰਗਟਨ, 31 ਅਕਤੂਬਰ (ਪੀ.ਟੀ.ਆਈ.)-ਅਮਰੀਕੀ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਐਚ1-ਬੀ ਵੀਜ਼ਾ 'ਤੇ ਆਪਣੇ ਐਲਾਨ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ, ਜਿਸ 'ਚ 100,000 ਅਮਰੀਕੀ ਡਾਲਰ ਦੀ ਫੀਸ ਵੀ ਸ਼ਾਮਿਲ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤੀ ਨਾਗਰਿਕ ਆਈ.ਟੀ. ਅਤੇ ਏ.ਆਈ. 'ਚ ਅਮਰੀਕੀ ਲੀਡਰਸ਼ਿਪ ਲਈ ਅਹਿਮ ਹਨ ਅਤੇ ਪਾਬੰਦੀਆਂ ਅਮਰੀਕਾ-ਭਾਰਤ ਸੰਬੰਧਾਂ 'ਤੇ ਮਾੜਾ ਪ੍ਰਭਾਵ ਪਾਉਣਗੀਆਂ | ਅਮਰੀਕੀ ਪ੍ਰਤੀਨਿਧੀ ਜਿੰਮੀ ਪਨੇਟਾ ਨੇ ਕਾਂਗਰਸ ਦੇ ਮੈਂਬਰਾਂ ਐਮੀ ਬੇਰਾ, ਸਲੂਦ ਕਾਰਬਾਜਲ ਅਤੇ ਜੂਲੀ ਜÏਹਨਸਨ ਦੇ ਨਾਲ ਵੀਰਵਾਰ ਨੂੰ ਟਰੰਪ ਨੂੰ ਪੱਤਰ ਲਿਖਿਆ | ਸੰਸਦ ਮੈਂਬਰਾਂ ਨੇ ਟਰੰਪ ਦੇ ਐਚ1-ਬੀ ਵੀਜ਼ਾ ਪ੍ਰੋਗਰਾਮ 'ਤੇ ਕੁਝ ਗੈਰ-ਪ੍ਰਵਾਸੀ ਕਾਮਿਆਂ ਦੇ ਦਾਖ਼ਲੇ 'ਤੇ ਰੋਕ ਦੇ ਐਲਾਨ 'ਤੇ ਚਿੰਤਾ ਪ੍ਰਗਟ ਕੀਤੀ, ਜਿਸ ਵਿਚ ਹੋਰ ਪਾਬੰਦੀਆਂ ਦੇ ਨਾਲ ਨਵੀਆਂ ਅਰਜ਼ੀਆਂ 'ਤੇ 100,000 ਅਮਰੀਕੀ ਡਾਲਰ ਦੀ ਫੀਸ ਲਗਾਈ ਗਈ ਹੈ | ਉਨ੍ਹਾਂ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਫ਼ੈਸਲੇ ਦੇ ਅਮਰੀਕਾ-ਭਾਰਤ ਸੰਬੰਧਾਂ 'ਤੇ ਸੰਭਾਵੀ ਪੈਣ ਵਾਲੇ ਬੁਰੇ ਪ੍ਰਭਾਵਾਂ ਦੇ ਮੱਦੇਨਜ਼ਰ 19 ਸਤੰਬਰ ਦੇ ਆਪਣੇ ਐਲਾਨ 'ਤੇ ਮੁੜ ਵਿਚਾਰ ਕਰਨ |