ਅੰਮਿ੍ਤਸਰ, 31 ਅਕਤੂਬਰ (ਸੁਰਿੰਦਰ ਕੋਛੜ)-ਤੁਰਕੀ ਦੇ ਵਿਦੇਸ਼ ਮੰਤਰਾਲੇ ਦੁਆਰਾ ਪਾਕਿਸਤਾਨ ਤੇ ਅਫ਼ਗਾਨ ਤਾਲਿਬਾਨ ਤਰਫੋਂ ਜਾਰੀ ਕੀਤੇ ਗਏ ਸਾਂਝੇ ਬਿਆਨ ਅਨੁਸਾਰ ਦੋਵੇਂ ਧਿਰਾਂ ਅੱਜ ਜੰਗਬੰਦੀ ਜਾਰੀ ਰੱਖਣ 'ਤੇ ਸਹਿਮਤ ਹੋਈਆਂ | ਇਸ ਜੰਗਬੰਦੀ ਨੂੰ ਲਾਗੂ ਰੱਖਣ ਸਮੇਤ ਹੋਰ ਮੁੱਦਿਆਂ 'ਤੇ ਚਰਚਾ ਕਰਨ ਲਈ ਅਗਲੀ ਬੈਠਕ 6 ਨਵੰਬਰ ਨੂੰ ਹੋਵੇਗੀ | ਦੱਸਣਯੋਗ ਹੈ ਕਿ ਪਾਕਿ ਤੇ ਅਫ਼ਗਾਨਿਸਤਾਨ ਵਿਚਕਾਰ ਤਾਜ਼ਾ ਗੱਲਬਾਤ ਤੁਰਕੀ ਤੇ ਕਤਰ ਦੀ ਵਿਚੋਲਗੀ ਹੇਠ ਇੰਸਤਾਬੁਲ 'ਚ ਹੋਈ | ਹਾਲਾਂਕਿ ਦੋਵੇਂ ਧਿਰਾਂ ਵਲੋਂ ਇਕ-ਦੂਜੇ 'ਤੇ ਅੱਤਵਾਦ ਦੇ ਦੋਸ਼ ਲਗਾਉਣ ਕਾਰਨ ਇਹ ਬੈਠਕ ਬੇਸਿੱਟਾ ਰਹੀ | ਤੁਰਕੀ ਦੇ ਵਿਦੇਸ਼ ਮੰਤਰਾਲੇ ਦੁਆਰਾ ਜਾਰੀ ਬਿਆਨ ਅਨੁਸਾਰ ਅਫ਼ਗਾਨਿਸਤਾਨ, ਪਾਕਿ, ਤੁਰਕੀ ਤੇ ਕਤਰ ਦੇ ਵਫ਼ਦਾਂ ਨੇ 25 ਤੋਂ 30 ਅਕਤੂਬਰ ਤੱਕ ਇੰਸਤਾਬੁਲ 'ਚ ਮੁਲਾਕਾਤ ਕੀਤੀ, ਤਾਂ ਜੋ 18-19 ਅਕਤੂਬਰ ਨੂੰ ਦੋਹਾ 'ਚ ਤੁਰਕੀ ਤੇ ਕਤਰ ਦੀ ਵਿਚੋਲਗੀ ਨਾਲ ਹੋਈ ਜੰਗਬੰਦੀ ਨੂੰ ਮਜ਼ਬੂਤ ਕੀਤਾ ਜਾ ਸਕੇ | ਬਿਆਨ 'ਚ ਅੱਗੇ ਕਿਹਾ ਗਿਆ ਹੈ ਕਿ ਸਾਰੀਆਂ ਧਿਰਾਂ ਸ਼ਾਂਤੀ ਬਣਾਈ ਰੱਖਣ ਨੂੰ ਯਕੀਨੀ ਬਣਾਉਣ ਤੇ ਕਿਸੇ ਵੀ ਉਲੰਘਣਾ ਕਰਨ ਵਾਲੇ ਪੱਖ 'ਤੇ ਜੁਰਮਾਨੇ ਲਗਾਉਣ ਲਈ ਇਕ ਨਿਗਰਾਨੀ ਤੇ ਤਸਦੀਕਵਿਧੀ ਸਥਾਪਤ ਕਰਨ ਲਈ ਵੀ ਸਹਿਮਤ ਹੋਈਆਂ ਹਨ | ਵਿਚੋਲੇ ਤੁਰਕੀ ਤੇ ਕਤਰ ਨੇ ਪਾਕਿ ਤੇ ਅਫ਼ਗਾਨ ਤਾਲਿਬਾਨ ਦੋਵਾਂ ਦੀ ਸਰਗਰਮ ਸ਼ਮੂਲੀਅਤ ਦੀ ਪ੍ਰਸੰਸਾ ਕੀਤੀ ਤੇ ਸਥਾਈ ਸ਼ਾਂਤੀ ਤੇ ਸਥਿਰਤਾ ਦੀ ਪ੍ਰਾਪਤੀ ਲਈ ਗੱਲਬਾਤ ਨੂੰ ਅੱਗੇ ਵਧਾਉਣ ਲਈ ਆਪਣੀ ਤਿਆਰੀ ਨੂੰ ਦੁਹਰਾਇਆ | ਇਸ ਤੋਂ ਪਹਿਲਾਂ ਪਾਕਿ ਦੇ ਸੰਘੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਤਾਉੱਲਾ ਤਰਾਰ ਨੇ ਕਿਹਾ ਕਿ ਪਾਕਿ ਨੇ ਵਾਰ-ਵਾਰ ਅਫ਼ਗਾਨ ਤਾਲਿਬਾਨ ਸ਼ਾਸਨ ਨੂੰ ਦੋਹਾ ਸਮਝੌਤੇ ਤਹਿਤ ਆਪਣੀਆਂ ਲਿਖਤੀ ਵਚਨਬੱਧਤਾਵਾਂ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਸੀ | ਹਾਲਾਂਕਿ ਅਫ਼ਗਾਨ ਪ੍ਰਤੀਨਿਧੀਆਂ ਨੇ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਤੇ ਕਥਿਤ ਤੌਰ 'ਤੇ ਅਫ਼ਗਾਨ ਖੇਤਰ ਤੋਂ ਕੰਮ ਕਰ ਰਹੇ ਹੋਰ ਅੱਤਵਾਦੀ ਸਮੂਹਾਂ ਵਿਰੁੱਧ ਕਾਰਵਾਈ ਸੰਬੰਧੀ ਲਿਖਤੀ ਭਰੋਸਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ |