ਨਵੀਂ ਦਿੱਲੀ, 31 ਅਕਤੂਬਰ (ਮਿਸਰਦੀਪ ਭਾਟੀਆ)-ਸਿੱਖਿਆ ਦੇ ਖੇਤਰ ਵਿਚ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਰਾਸ਼ਟਰੀ ਸਿੱਖਿਆ, ਖੋਜ ਅਤੇ ਸਿਖਲਾਈ ਪ੍ਰੀਸ਼ਦ ਨੇ 6ਵੀਂ ਤੋਂ 8ਵੀਂ ਜਮਾਤ ਦੇ ਵਿਗਿਆਨ ਸਿਲੇਬਸ ਵਿਚ ਆਯੁਰਵੇਦ ਨਾਲ ਸੰਬੰਧਿਤ ਅਧਿਆਏ ਸ਼ਾਮਿਲ ਕੀਤੇ ਹਨ | ਇਸ ਬਦਲਾਅ ਦਾ ਉਦੇਸ਼ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ ਭਾਰਤੀ ਗਿਆਨ ਪਰੰਪਰਾ ਨੂੰ ਆਧੁਨਿਕ ਸਿੱਖਿਆ ਨਾਲ ਜੋੜਨਾ ਹੈ | ਇਹ ਪਹਿਲ ਵਿਦਿਆਰਥੀਆਂ ਨੂੰ ਵਿਗਿਆਨ ਦੇ ਨਾਲ-ਨਾਲ ਸਿਹਤ, ਪੋਸ਼ਣ ਅਤੇ ਵਾਤਾਵਰਨ ਸੰਤੁਲਨ ਨੂੰ ਭਾਰਤੀ ਦਿ੍ਸ਼ਟੀਕੋਣ ਤੋਂ ਸਮਝਣ ਦਾ ਮੌਕਾ ਪ੍ਰਦਾਨ ਕਰੇਗੀ | ਐਨ.ਸੀ.ਈ.ਆਰ.ਟੀ. ਦੇ ਨਿਰਦੇਸ਼ਕ ਪ੍ਰੋ. ਦਿਨੇਸ਼ ਪ੍ਰਸਾਦ ਸਕਲਾਨੀ ਨੇ ਦੱਸਿਆ ਕਿ ਇਨ੍ਹਾਂ ਤਬਦੀਲੀਆਂ ਦਾ ਉਦੇਸ਼ ਸੰਪੂਰਨ ਸਿੱਖਿਆ ਨੂੰ ਬੜਾਵਾ ਦੇਣਾ ਹੈ | ਉਨ੍ਹਾਂ ਕਿਹਾ ਕਿ 8ਵੀਂ ਜਮਾਤ ਦੀ ਨਵੀਂ ਵਿਗਿਆਨ ਪੁਸਤਕ ਦੇ ਤੀਜੇ ਅਧਿਆਏ ਵਿਚ ਵਿਦਿਆਰਥੀਆਂ ਨੂੰ ਦੱਸਿਆ ਗਿਆ ਹੈ ਕਿ ਸਹੀ ਰੋਜ਼ਾਨਾ ਰੂਟੀਨ, ਪੌਸ਼ਟਿਕ ਖ਼ੁਰਾਕ, ਨਿਯਮਿਤ ਕਸਰਤ ਅਤੇ ਮਾਨਸਿਕ ਸ਼ਾਂਤੀ ਕਿਵੇਂ ਸਿਹਤਮੰਦ ਜੀਵਨ ਲਈ ਜ਼ਰੂਰੀ ਹੈ |