ਨਵੀਂ ਦਿੱਲੀ, 31 ਅਕਤੂਬਰ (ਉਪਮਾ ਡਾਗਾ ਪਾਰਥ)-ਮਰਹੂਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਰਸੀ ਮੌਕੇ ਕਾਂਗਰਸ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ, ਲੋਕ ਸਭਾ 'ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਸੋਨੀਆ ਗਾਂਧੀ ਸਮੇਤ ਕਈ ਸੀਨੀਅਰ ਆਗੂਆਂ ਨੇ ਇੰਦਰਾ ਗਾਂਧੀ ਸਮਾਧੀ ਸ਼ਕਤੀ ਸਥਲ ਜਾ ਕੇ ਫੁੱਲਾਂ ਨਾਲ ਸ਼ਰਧਾਂਜਲੀ ਭੇਟ ਕੀਤੀ ਅਤੇ ਸਫਦਰਜੰਗ ਰੋਡ 'ਤੇ ਸਮਾਰਕ ਦਾ ਵੀ ਦੌਰਾ ਕੀਤਾ | ਖੜਗੇ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਸੰਜੋਏ ਰੱਖਣ ਲਈ, ਜਿਨ੍ਹਾਂ ਨੇ ਆਪਣੀ ਮਜ਼ਬੂਤ ਇੱਛਾ ਸ਼ਕਤੀ, ਕੁਸ਼ਲ ਅਗਵਾਈ ਅਤੇ ਦੂਰ ਦੀ ਸੋਚ ਨਾਲ ਅਹਿਮ ਭੂਮਿਕਾ ਨਿਭਾਈ ਅਤੇ ਇਕ ਮਜ਼ਬੂਤ ਪ੍ਰਗਤੀਸ਼ੀਲ ਭਾਰਤ ਦਾ ਨਿਰਮਾਣ ਕੀਤਾ, ਬਹਾਦੁਰੀ ਦੀ ਅਜਿਹੀ ਮੂਰਤ, ਭਾਰਤ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਅਤੇ ਸਾਡੇ ਆਦਰਸ਼ ਇੰਦਰਾ ਗਾਂਧੀ ਦੇ ਬਲਿਦਾਨ ਦਿਵਸ 'ਤੇ ਉਨ੍ਹਾਂ ਨੂੰ ਨਿਮਰ ਸ਼ਰਧਾਂਜਲੀ | ਰਾਹੁਲ ਗਾਂਧੀ ਨੇ ਆਪਣੇ ਸੰਦੇਸ਼ 'ਚ ਕਿਹਾ ਕਿ 'ਭਾਰਤ ਦੀ ਇੰਦਰਾ-ਨਾ ਡਰਨ ਵਾਲੀ, ਫ਼ੈਸਲਾਕੁੰਨ ਅਤੇ ਤਾਕਤਵਰ ਦੇ ਸਾਹਮਣੇ ਮਜ਼ਬੂਤੀ ਨਾਲ ਖੜ੍ਹੀ ਹੋਣ ਵਾਲੀ, ਉਨ੍ਹਾਂ ਇੰਦਰਾ ਗਾਂਧੀ ਨੂੰ ਦਾਦੀ ਕਹਿ ਕੇ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਸਾਨੂੰ ਸਿਖਾਇਆ ਕਿ ਭਾਰਤ ਦੀ ਪਛਾਣ ਅਤੇ ਆਤਮ ਸਨਮਾਨ ਤੋਂ ਵੱਧ ਕੁਝ ਨਹੀਂ |