ਮੈਜਿਸਟ੍ਰੇਟ ਜਾਂਚ ਦੇ ਆਦੇਸ਼-ਮੈਨੇਜਰ ਗਿ੍ਫ਼ਤਾਰ
ਮਿ੍ਤਕਾਂ 'ਚ 5 ਸੈਲਾਨੀ ਤੇ 20 ਸਟਾਫ਼ ਮੈਂਬਰ ਸ਼ਾਮਿਲ
ਪਣਜੀ, 7 ਦਸੰਬਰ (ਪੀ. ਟੀ. ਆਈ.)-ਗੋਆ ਦਾ ਅਰਪੋਰਾ ਇਲਾਕੇ 'ਚ ਸਨਿਚਰਵਾਰ ਦੇਰ ਰਾਤ ਇਕ ਨਾਈਟ ਕਲੱਬ 'ਚ ਸਿਲੰਡਰ ਧਮਾਕਾ ਹੋਣ ਨਾਲ 25 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 6 ਹੋਰ ਜ਼ਖ਼ਮੀ ਹਨ | ਮਿ੍ਤਕਾਂ 'ਚ 5 ਸੈਲਾਨੀ ਅਤੇ 20 ਸਟਾਫ਼ ਮੈਂਬਰ ਸ਼ਾਮਿਲ ਹਨ | ਗੋਆ ਪੁਲਿਸ ਨੇ ਕਲੱਬ ਦੇ ਮੈਨੇਜਰ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਅਨੁਸਾਰ ਕਲੱਬ 'ਚ ਕਰੀਬ 12 ਵਜੇ ਸਿਲੰਡਰ ਧਮਾਕਾ ਹੋਇਆ | ਇਹ ਏਨਾ ਜ਼ੋਰਦਾਰ ਸੀ ਕਿ ਕੁਝ ਹੀ ਮਿੰਟਾਂ 'ਚ ਅੱਗ ਪੂਰੇ ਕਲੱਬ 'ਚ ਫੈਲ ਗਈ | ਫਾਇਰ ਬਿ੍ਗੇਡ ਨੇ ਕਾਫੀ ਦੇਰ ਦੀ ਕੋਸ਼ਿਸ਼ ਦੇ ਬਾਅਦ ਅੱਗ 'ਤੇ ਕਾਬੂ ਪਾਇਆ | ਘਟਨਾ ਦੀ ਸੂਚਨਾ ਮਿਲਦਿਆਂ ਹੀ ਮੁੱਖ ਮੰਤਰੀ ਪ੍ਰਮੋਦ ਸਾਵੰਤ ਅਤੇ ਸਥਾਨਕ ਵਿਧਾਇਕ ਮਾਈਕਲ ਲੋਬੋ ਮੌਕੇ 'ਤੇ ਪਹੁੰਚੇ | ਮੁੱਖ ਮੰਤਰੀ ਨੇ ਦੱਸਿਆ ਕਿ 3 ਵਿਅਕਤੀਆਂ ਦੀ ਮੌਤ ਸੜ ਜਾਣ ਕਾਰਨ ਅਤੇ ਬਾਕੀਆਂ ਦੀ ਮੌਤ ਸਾਹ ਘੁਟਣ ਕਰਕੇ ਹੋਈ ਹੈ | ਘਟਨਾ ਦੀ ਪੂਰੀ ਜਾਂਚ ਹੋਵੇਗੀ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਸਾਵੰਤ ਨੇ ਅੱਗ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ ਹਨ | ਉਨ੍ਹਾਂ ਕਿਹਾ ਕਿ ਨਾਈਟ ਕਲੱਬ ਦੇ ਮਾਲਕ ਅਤੇ ਜਨਰਲ ਮੈਨੇਜਰ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਜਾਵੇਗਾ | ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਕਲੱਬ 'ਚ ਫਾਇਰ ਸੇਫਟੀ ਨਿਯਮਾਂ ਦਾ ਪਾਲਣ ਨਹੀਂ ਕੀਤਾ ਗਿਆ | ਪ੍ਰਸ਼ਾਸਨ ਅਤੇ ਹੋਰ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਫੋਰੈਂਸਿਕ ਟੀਮ ਅੱਗ ਲੱਗਣ ਦੇ ਕਾਰਨ ਦੀ ਜਾਂਚ ਕਰ ਰਹੀ ਹੈ | ਗੋਆ ਦੇ ਡੀ. ਜੀ. ਪੀ. ਅਲੋਕ ਕੁਮਾਰ ਨੇ ਦੱਸਿਆ ਕਿ 25 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ | ਮਰਨ ਵਾਲਿਆਂ 'ਚ ਜ਼ਿਆਦਾਤਰ ਕਲੱਬ 'ਚ ਕੰਮ ਕਰਨ ਵਾਲੇ ਕਰਮਚਾਰੀ ਸਨ | ਡੀ. ਜੀ. ਪੀ. ਨੇ ਦੱਸਿਆ ਕਿ ਅੱਗ ਸਭ ਤੋਂ ਪਹਿਲਾਂ ਗਰਾਊਾਡ ਫਲੋਰ 'ਚ ਬਣੀ ਰਸੋਈ ਤੋਂ ਕਲੱਬ ਦੇ ਦੂਸਰੇ ਹਿੱਸਿਆਂ 'ਚ ਫੈਲੀ | ਇਸ ਲਈ ਸਭ ਤੋਂ ਜ਼ਿਆਦਾ ਲਾਸ਼ਾਂ ਰਸੋਈ ਖੇਤਰ 'ਚੋਂ ਮਿਲੀਆਂ | ਭੱਜਣ ਦੀ ਕੋਸ਼ਿਸ਼ 'ਚ 2 ਵਿਅਕਤੀਆਂ ਦੀ ਮੌਤ ਪੌੜੀਆਂ 'ਚ ਹੋਈ | ਇਕ ਚਸ਼ਮਦੀਦ ਫਾਤਿਮਾ ਸ਼ੇਖ ਦੇ ਅਨੁਸਾਰ, ਅੱਗ ਲੱਗਦਿਆਂ ਹੀ ਅੰਦਰ ਭੱਜ-ਦੌੜ ਮਚ ਗਈ | ਉਸ ਵਕਤ ਕਲੱਬ 'ਚ ਵੀਕਐਂਡ ਪਾਰਟੀ ਚੱਲ ਰਹੀ ਸੀ ਅਤੇ ਕਰੀਬ 100 ਲੋਕ ਡਾਂਸ ਫਲੋਰ 'ਤੇ ਸਨ | ਜਿਵੇਂ ਹੀ ਧੂੰਏਾ ਦੀਆਂ ਲਪਟਾਂ ਦਿਖਾਈ ਦਿੱਤੀਆਂ, ਕਈ ਲੋਕ ਘਬਰਾ ਕੇ ਹੇਠਾਂ ਵੱਲ ਭੱਜੇ ਅਤੇ ਗਲਤੀ ਨਾਲ ਗਰਾਊਾਡ ਫਲੋਰ ਦੀ ਰਸੋਈ 'ਚ ਪਹੁੰਚ ਗਏ | ਉਥੇ ਪਹਿਲਾਂ ਤੋਂ ਮੌਜੂਦ ਸਟਾਫ ਵੀ ਫਸ ਗਿਆ | ਬਾਹਰ ਨਿਕਲਣ ਦਾ ਰਸਤਾ ਬਹੁਤ ਤੰਗ ਸੀ, ਜਿਸ ਕਾਰਨ ਸਾਰੇ ਲੋਕ ਤੁਰੰਤ ਬਾਹਰ ਨਹੀਂ ਨਿਕਲ ਸਕੇ |
ਗੋਆ ਦੇ ਨਾਈਟ ਕਲੱਬ 'ਚ ਲੱਗੀ ਅੱਗ 25 ਮੌਤਾਂ
ਅਜੀਤ ਡੈਸਕ
08-12-2025