ਉਪਮਾ ਡਾਗਾ ਪਾਰਥ, ਜਗਤਾਰ ਸਿੰਘ
ਨਵੀਂ ਦਿੱਲੀ, 10 ਅਕਤੂਬਰ-ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਵਲੋਂ ਸਨਿਚਰਵਾਰ ਨੂੰ ਜੰਤਰ ਮੰਤਰ ’ਤੇ ਐਲਾਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਦੇ ਪ੍ਰਦਰਸ਼ਨ ਨੂੰ ਰੋਕਣ ਲਈ ਪੁਲਿਸ ਵਲੋਂ ਬਣਾਏ ‘ਇਹਤਿਆਤੀ ਸੁਰੱਖਿਆ ਘੇਰੇ’ ਹੇਠ ਸੀ.ਜੇ.ਪੀ. ਦੇ ਸੰਸਥਾਪਕ ਅਭਿਜੀਤ ਦਿਪਕੇ ਸਮੇਤ ਪ੍ਰਦਰਸ਼ਨ ਨਾਲ ਸੰਬੰਧਿਤ ਤਮਾਮ ਵੱਡੇ ਚਿਹਰਿਆਂ, ਜਿਸ ’ਚ ਸੀ.ਜੇ.ਪੀ. ਦੇ ਆਸ਼ੂਤੋਸ਼ ਰਾਂਕਾ ਅਤੇ ਸੌਰਵ ਦਾਸ ਤੋਂ ਇਲਾਵਾ 4 ਸੂਬਿਆਂ ਦੇ ਸਾਬਕਾ ਮੁੱਖ ਮੰਤਰੀਆਂ ਸਮੇਤ 7000 ਦੇ ਕਰੀਬ ਲੋਕਾਂ ਨੂੰ ਹਿਰਾਸਤ ’ਚ ਲੈ ਲਿਆ, ਜਿਸ ਕਾਰਨ ਐਲਾਨੀ ਗਈ ਪ੍ਰਦਰਸ਼ਨ ਵਾਲੀ ਥਾਂ ਜੰਤਰ ਮੰਤਰ ਪ੍ਰਦਰਸ਼ਨਕਾਰੀਆਂ ਤੋਂ ਤਕਰੀਬਨ ਸੱਖਣੀ ਰਹੀ। ਇਸ ਤਰ੍ਹਾਂ ਪੁਲਿਸ ਨੇ ਜੰਤਰ ਮੰਤਰ ’ਤੇ ਹੋਣ ਵਾਲਾ ਪ੍ਰਦਰਸ਼ਨ ਨਾਕਾਮ ਕਰ ਦਿੱਤਾ। ਸੀ.ਜੀ.ਪੀ. ਆਗੂਆਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਬਾਅਦ ’ਚ ਰਿਹਾਅ ਕਰ ਦਿੱਤਾ ਗਿਆ। ਤਕੜੇ ਸੁਰੱਖਿਆ ਪ੍ਰਬੰਧਾਂ ਹੇਠ ਦਿੱਲੀ ਦੇ ਵੱਖ-ਵੱਖ ਖੇਤਰਾਂ ’ਚੋਂ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਕੇਂਦਰੀ ਦਿੱਲੀ ਤੱਕ ਪਹੁੰਚਣ ਤੋਂ ਰੋਕਣ ਲਈ ਪੁਲਿਸ ਵਲੋਂ ਦਿਨ ਭਰ ਲੋਕਾਂ ਨੂੰ ਹਿਰਾਸਤ ’ਚ ਲੈਣ ਦਾ ਸਿਲਸਿਲਾ ਜਾਰੀ ਰਿਹਾ ਅਤੇ ਕੇਂਦਰੀ ਦਿੱਲੀ ਦੇ ਚਰਚਿਤ ਬਾਜ਼ਾਰ ਕਨਾਟ ਪੈਲੇਸ ’ਚ ਵੀ ਦੁਕਾਨਦਾਰਾਂ ਵਲੋਂ ਇਹਤਿਆਤੀ ਤੌਰ ’ਤੇ ਦੁਕਾਨਾਂ ਬੰਦ ਰੱਖਣ ਕਾਰਨ ਉਥੇ ਚੁੱਪ ਦਾ ਪਸਾਰਾ ਨਜ਼ਰ ਆਇਆ। ਮੁੱਖ ਵਿਰੋਧੀ ਧਿਰ ਕਾਂਗਰਸ ਨੇ ਜ਼ਾਹਿਰੀ ਤੌਰ ’ਤੇ ਪ੍ਰਦਰਸ਼ਨ ਤੋਂ ਦੂਰੀ ਬਣਾਈ ਰੱਖੀ ਪਰ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀਡੀਓ ਪੋਸਟ ਰਾਹੀਂ ਪੁਲਿਸ ਦੀ ਤਾਇਨਾਤੀ ਅਤੇ ਨੇਤਾਵਾਂ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕੀਤੀ ਅਤੇ ਨੌਜਵਾਨਾਂ ਦੇ ਨਾਲ ਸਮਰਥਨ ਪ੍ਰਗਟਾਉਂਦਿਆਂ ਕਿਹਾ ਕਿ ਅਸੀਂ (ਕਾਂਗਰਸ) ਤੁਹਾਡੇ ਨਾਲ ਖੜ੍ਹੇ ਹਾਂ। ਸਿਆਸੀ ਪਾਰਟੀਆਂ ’ਚੋਂ ਆਮ ਆਦਮੀ ਪਾਰਟੀ, ਤ੍ਰਿਣਮੂਲ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਸੀ.ਪੀ.ਆਈ., ਸੀ.ਪੀ.ਐਮ. ਖੁੱਲ੍ਹ ਕੇ ਪ੍ਰਦਰਸ਼ਨ ਦਾ ਹਿੱਸਾ ਬਣੇ, ਪਰ ਪੁਲਿਸ ਨੇ ਇਨ੍ਹਾਂ ਪਾਰਟੀਆਂ ਦੇ ਨੇਤਾਵਾਂ ਅਤੇ 4 ਸੂਬਿਆਂ ਦੇ ਸਾਬਕਾ ਮੁੱਖ ਮੰਤਰੀਆਂ, ਜਿਨ੍ਹਾਂ ’ਚ ਦਿੱਲੀ ਦੇ ਅਰਵਿੰਦ ਕੇਜਰੀਵਾਲ, ਪੱਛਮੀ ਬੰਗਾਲ ਦੇ ਮਮਤਾ ਬੈਨਰਜੀ, ਕੇਰਲਮ ਦੇ ਪਿਨਰਾਈ ਵਿਜਯਨ ਅਤੇ ਤ੍ਰਿਪੁਰਾ ਦੇ ਮਾਨਿਕ ਸਰਕਾਰ ਸ਼ਾਮਿਲ ਹਨ, ਨੂੰ ਵੀ ਹਿਰਾਸਤ ’ਚ ਲੈ ਲਿਆ, ਜਿਨ੍ਹਾਂ ਨੂੰ ਬਾਅਦ ’ਚ ਰਿਹਾਅ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਪ੍ਰਦਰਸ਼ਨ ’ਚ ਹਿੱਸਾ ਲੈਣ ਦਾ ਐਲਾਨ ਕਰ ਚੁੱਕੇ ਯੂ-ਟਿਊਬਰ ਧਰੁਵ ਰਾਠੀ ਨੂੰ ਉਨ੍ਹਾਂ ਦੇ ਗੁਰੂਗ੍ਰਾਮ ਸਥਿਤ ਘਰ ਤੋਂ ਹੀ ਹਿਰਾਸਤ ’ਚ ਲੈ ਲਿਆ ਗਿਆ। ਸਮਾਜਿਕ ਕਾਰਕੁੰਨ ਯੋਗੇਂਦਰ ਯਾਦਵ, ਪ੍ਰਸ਼ਾਂਤ ਭੂਸ਼ਣ ਅਤੇ ‘ਆਈਸਾ’ ਦੀ ਪ੍ਰਧਾਨ ਨੇਹਾ ਬੋਰਾ, ਜੋ ਇਕ ਇਕੱਠ ਦੇ ਨਾਲ ਦੱਖਣੀ ਦਿੱਲੀ ਤੋਂ ਜੰਤਰ ਮੰਤਰ ਵੱਲ ਵਧ ਰਹੇ ਸਨ, ਨੂੰ ਵੀ ਪੁਲਿਸ ਨੇ ਹਿਰਾਸਤ ’ਚ ਲੈ ਲਿਆ। ਇਸ ਦੌਰਾਨ ਦਿੱਲੀ ਪੁਲਿਸ ਅਤੇ ਦਿੱਲੀ ਟ੍ਰੈਫ਼ਿਕ ਪੁਲਿਸ ਨੇ ਵੀ ਸੋਸ਼ਲ ਮੀਡੀਆ ’ਤੇ ਲਗਾਤਾਰ ਸਰਗਰਮ ਹੁੰਦਿਆਂ ਮਾਹੌਲ ‘ਸ਼ਾਂਤ’ ਹੋਣ ਦੇ ਦਾਅਵਿਆਂ ਭਰਪੂਰ ਵੀਡੀਓ ਸਾਂਝੇ ਕਰਦੀ ਰਹੀ।
ਸਰਹੱਦਾਂ ਸੀਲ ਤੇ ਸਖ਼ਤ ਚੈਕਿੰਗ
ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਪੁਲਿਸ ਵਲੋਂ ਦਿੱਲੀ ਦੀਆਂ ਸਾਰੀਆਂ ਸਰਹੱਦਾਂ (ਬਾਰਡਰਾਂ) ਨੂੰ ਸੀਲ ਕਰ ਦਿੱਤਾ ਗਿਆ। ਦਿੱਲੀ ਨੂੰ ਗੁਰੂਗ੍ਰਾਮ, ਨੋਇਡਾ ਅਤੇ ਕੁੰਡਲੀ (ਸਿੰਘੂ ਬਾਰਡਰ) ਨਾਲ ਜੋੜਨ ਵਾਲੀਆਂ ਸਰਹੱਦਾਂ ’ਤੇ ਭਾਰੀ ਸੁਰੱਖਿਆ ਤਾਇਨਾਤ ਕੀਤੀ ਗਈ। ਸਾਰੀਆਂ ਪ੍ਰਮੁੱਖ ਸਰਹੱਦਾਂ ’ਤੇ ਦੋ-ਪੱਧਰੀ ਪੱਥਰ ਤੇ ਲੋਹੇ ਦੇ ਬੈਰੀਕੇਡ ਲਗਾ ਕੇ ਹਰ ਆਉਣ-ਜਾਣ ਵਾਲੇ ਵਾਹਨ ਦੀ ਸਖ਼ਤ ਚੈਕਿੰਗ ਕੀਤੀ ਗਈ।
ਵਕੀਲਾਂ ਨੂੰ ਹਿਰਾਸਤ ’ਚ ਲਿਆ
ਪ੍ਰਦਰਸ਼ਨ ਦੌਰਾਨ ਕਈ ਵਕੀਲਾਂ ਨੇ ਵੀ ਸੁਪਰੀਮ ਕੋਰਟ ਤੋਂ ਜੰਤਰ-ਮੰਤਰ ਵੱਲ ਵਿਰੋਧ ਮਾਰਚ ਸ਼ੁਰੂ ਕੀਤਾ। ਕਾਕਰੋਚ ਜਨਤਾ ਪਾਰਟੀ ਦੇ ਦੇਸ਼ ਵਿਆਪੀ ਪ੍ਰਦਰਸ਼ਨ ਦੇ ਸਮਰਥਨ ’ਚ ਵਕੀਲ ਸੁਪਰੀਮ ਕੋਰਟ ਦੇ ਗੇਟ ਨੇੜੇ ਭਗਵਾਨ ਦਾਸ ਰੋਡ ’ਤੇ ਇਕੱਠੇ ਹੋਏ । ਵਕੀਲਾਂ ਨੇ ਜਿਵੇਂ ਹੀ ਜੰਤਰ-ਮੰਤਰ ਵੱਲ ਮਾਰਚ ਕਰਨਾ ਸ਼ੁਰੂ ਕੀਤਾ, ਦਿੱਲੀ ਪੁਲਿਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ ਤੇ ਲਗਭਗ 45 ਵਕੀਲਾਂ ਨੂੰ ਹਿਰਾਸਤ ਵਿਚ ਲੈ ਕੇ ਬੱਸਾਂ ਰਾਹੀਂ ਦੂਰ ਲੈ ਗਈ। ਚੀਫ਼ ਜਸਟਿਸ ਵੱਲੋਂ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਤੋਂ ਬਾਅਦ ਹਿਰਾਸਤ ’ਚ ਲਏ ਗਏ ਵਕੀਲਾਂ ਦੀ ਰਿਹਾਈ ਪ੍ਰਕਿਰਿਆ ਸ਼ੁਰੂ ਕੀਤੀ ਗਈ।
ਪ੍ਰਦਰਸ਼ਨਕਾਰੀਆਂ ਨੇ ਤੋੜੇ ਬੈਰੀਕੇਡ
ਪੁਲਿਸ ਦੇ ਭਾਰੀ ਅੜਿੱਕਿਆਂ ਦੇ ਬਾਵਜੂਦ ਪ੍ਰਦਰਸ਼ਨਕਾਰੀ ਕਈ ਥਾਂਵਾਂ ’ਤੇ ਪੁੱਜਣ ’ਚ ਕਾਮਯਾਬ ਰਹੇ। ਆਕਾਸ਼ਵਾਣੀ ਭਵਨ ਨੇੜੇ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜ ਦਿੱਤੇ ਤੇ ਕਥਿਤ ਤੌਰ ’ਤੇ ਪੁਲਿਸ ’ਤੇ ਪੱਥਰਬਾਜ਼ੀ ਵੀ ਕੀਤੀ, ਜਿਸ ਵਿਚ 6 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਨਿਚਰਵਾਰ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਆਕਾਸ਼ਵਾਣੀ ਭਵਨ ਨੇੜੇ ਇਮਤਿਆਜ਼ ਅਲੀ ਮਾਰਗ ’ਤੇ ਬੈਰੀਕੇਡ ਤੋੜ ਦਿੱਤੇ ਤੇ ਸੁਰੱਖਿਆ ਮੁਲਾਜ਼ਮਾਂ ’ਤੇ ਪੱਥਰ ਸੁੱਟੇ। ਅਧਿਕਾਰੀਆਂ ਨੇ ਦੱਸਿਆ ਕਿ ਦੁਪਹਿਰ ਦੇ ਕਰੀਬ 25 ਤੋਂ 30 ਪ੍ਰਦਰਸ਼ਨਕਾਰੀਆਂ ਨੇ ਇਮਤਿਆਜ਼ ਅਲੀ ਮਾਰਗ ’ਤੇ ਬੈਰੀਕੇਡ ਪਾਰ ਕੀਤੇ ਤੇ ਪੱਥਰਬਾਜ਼ੀ ਕੀਤੀ। ਪੁਲਿਸ ਨੇ ਕਾਰਵਾਈ ਕਰਦੇ ਹੋਏ ਇਨ੍ਹਾਂ ਵਿਚੋਂ ਕੁਝ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ।
45 ਮੈਟਰੋ ਸਟੇਸ਼ਨ ਮੁੜ ਖੁੱਲ੍ਹੇ
ਪ੍ਰਦਰਸ਼ਨ ਕਾਰਨ ਦਿੱਲੀ ਮੈਟਰੋ ਨੇ 25 ਘੰਟੇ ਬੰਦ ਰੱਖਣ ਤੋਂ ਬਾਅਦ 45 ਸਟੇਸ਼ਨਾਂ ’ਤੇ ਐਂਟਰੀ ਤੇ ਐਗਜ਼ਿਟ ਗੇਟ ਖੋਲ੍ਹ ਦਿੱਤੇ। ਜਿਸ ’ਚ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ.ਐਮ.ਆਰ.ਸੀ.) ਨੇ ਐਲਾਨ ਕੀਤਾ ਕਿ ਇਸਦੇ ਨੈੱਟਵਰਕ ਦੇ ਸਾਰੇ ਸਟੇਸ਼ਨਾਂ ’ਤੇ ਗੇਟ ਹੁਣ ਖੁੱਲ੍ਹੇ ਹਨ ਅਤੇ ਸਾਰੇ ਸਬੰਧਤ ਸਟੇਸ਼ਨਾਂ ’ਤੇ ਇੰਟਰਚੇਂਜ ਸਹੂਲਤਾਂ ਵੀ ਉਪਲਬਧ ਹਨ। 45 ਸਟੇਸ਼ਨਾਂ ਦੇ ਬੰਦ ਹੋਣ ਨੂੰ ਸਨਿਚਰਵਾਰ ਰਾਤ 10 ਵਜੇ ਤੱਕ ਵਧਾ ਦਿੱਤਾ ਗਿਆ, ਜੋ ਕਿ ਪਹਿਲਾਂ ਸ਼ਾਮ 6 ਵਜੇ ਦੇ ਦੁਬਾਰਾ ਖੁੱਲ੍ਹਣ ਦੇ ਨਿਰਧਾਰਤ ਸਮੇਂ ਤੋਂ ਚਾਰ ਘੰਟੇ ਵੱਧ ਸੀ।
ਮੈਟਰੋ ਤੇ ਰੇਲ ਗੱਡੀਆਂ ਬੰਦ ਕਰਨ ਸੰਬੰਧੀ ਸੁਪਰੀਮ ਕੋਰਟ ’ਚ ਸੁਣਵਾਈ ਅੱਜ
ਸੁਪਰੀਮ ਕੋਰਟ ਐਤਵਾਰ ਨੂੰ ਇਕ ਪਟੀਸ਼ਨ ’ਤੇ ਸੁਣਵਾਈ ਕਰੇਗਾ ਜਿਸ ’ਚ ਸੀ.ਜੇ.ਪੀ. ਦੇ ਵਿਰੋਧ ਪ੍ਰਦਰਸ਼ਨ ਕਾਰਨ ਦਿੱਲੀ ਵਿਚ ਮੈਟਰੋ ਤੇ ਰੇਲ ਸੇਵਾਵਾਂ ’ਤੇ ਪੂਰੀ ਤਰ੍ਹਾਂ ਪਾਬੰਦੀ ਨਾ ਲਗਾਉਣ ਦੇ ਅਦਾਲਤ ਦੇ ਨਿਰਦੇਸ਼ਾਂ ਦੀ ਕਥਿਤ ਤੌਰ ’ਤੇ ਉਲੰਘਣਾ ਕਰਨ ਲਈ ਅਧਿਕਾਰੀਆਂ ਵਿਰੁੱਧ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ। ਸੁਪਰੀਮ ਕੋਰਟ ਦੀ ਵੈੱਬਸਾਈਟ ਅਨੁਸਾਰ 11 ਅਕਤੂਬਰ ਨੂੰ ਪਟੀਸ਼ਨ ਜਸਟਿਸ ਜੋਇਮਲਿਆ ਬਾਗਚੀ ਤੇ ਵੀ. ਮੋਹਨਾ ਦੇ ਬੈਂਚ ਦੇ ਸਾਹਮਣੇ ਸੁਣਵਾਈ ਲਈ ਆਵੇਗੀ। ਵਕੀਲ ਸ਼ੈਲੇਂਦਰ ਮਣੀ ਤ੍ਰਿਪਾਠੀ ਦੁਆਰਾ ਦਾਇਰ ਪਟੀਸ਼ਨ ’ਚ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ, ਦਿੱਲੀ ਪੁਲਿਸ ਕਮਿਸ਼ਨਰ ਅਨੁਰਾਗ ਕੁਮਾਰ ਤੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਚੇਅਰਮੈਨ ਡੀ. ਥਾਰਾ ਨੂੰ ਜਵਾਬਦੇਹ ਵਜੋਂ ਪੇਸ਼ ਕੀਤਾ ਗਿਆ।