ਕਰੋੜਾਂ ਦੇ ਵਿਕਾਸ ਕੰਮਾਂ 'ਚ ਘਪਲੇਬਾਜ਼ੀ ਆਈ ਸਾਹਮਣੇ
ਅੰਮਿ੍ਤਸਰ, 27 ਦਸੰਬਰ (ਰੇਸ਼ਮ ਸਿੰਘ)-ਅੰਮਿ੍ਤਸਰ ਦੇ ਐਸ.ਐਸ.ਪੀ. (ਵਿਜੀਲੈਂਸ ਬਿਊਰੋਂ ਰੇਂਜ) ਲਖਬੀਰ ਸਿੰਘ ਖਿਲਾਫ ਭਿ੍ਸ਼ਟਾਚਾਰ ਦੇ ਲੱਗੇ ਦੋਸ਼ਾਂ ਤਹਿਤ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਕਾਰਵਾਈ ਕਰਦਿਆਂ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ | ਜਾਰੀ ਕੀਤੇ ਹੁਕਮਾਂ ਮੁਤਾਬਕ ਮੁਅੱਤਲੀ ਮਿਆਦ ਦੌਰਾਨ ਉਸ ਦਾ ਹੈਡ ਕੁਆਟਰ ਚੰਡੀਗੜ੍ਹ ਹੈੱਡਕੁਆਟਰ ਵਿਖੇ ਹੋਵੇਗਾ ਤੇ ਉਹ ਬਿਨਾਂ ਸਮਰਥ ਅਧਿਕਾਰੀ ਦੀ ਮਨਜ਼ੂਰੀ 'ਤੇ ਆਪਣਾ ਸਟੇਸ਼ਨ ਨਹੀਂ ਛੱਡੇਗਾ | ਐਡੀਸ਼ਨਲ ਮੁੱਖ ਸਕੱਤਰ ਸ੍ਰੀ ਅਲੋਕ ਸ਼ੇਖਰ ਗ੍ਰਹਿ ਵਿਭਾਗ ਵਲੋਂ ਰਾਜਪਾਲ ਪੰਜਾਬ ਦੇ ਹੁਕਮਾਂ ਨਾਲ ਪੰਜਾਬ ਸਿਵਲ ਸੇਵਾਵਾਂ (ਸਜ਼ਾ ਤੇ ਅਪੀਲ) ਨਿਯਮ 1970 ਦੇ ਨਿਯਮ 4 (ਏ) ਦੇ ਤਹਿਤ ਗੰਭੀਰ ਦੁਰਵਿਵਹਾਰ ਤੇ ਡਿਊਟੀ 'ਚ ਕੁਤਾਹੀ ਅਧੀਨ ਲਖਬੀਰ ਸਿੰਘ ਨੂੰ ਮੁੱਅਤਲ ਕੀਤਾ ਗਿਆ | ਸਰਕਾਰ ਵਲੋਂ ਐੱਸ.ਐੱਸ.ਪੀ. ਲਖਬੀਰ ਸਿੰਘ ਦੀ ਮੁਅੱਤਲੀ ਖਿਲਾਫ ਭਾਵੇਂ ਚੁੱਪੀ ਧਾਰੀ ਹੋਈ ਹੈ ਪਰ ਪਤਾ ਲੱਗਾ ਹੈ ਕਿ ਕੰਸਟਰਕਸ਼ਨ ਕੰਪਨੀ 'ਚ ਕਰੋੜਾਂ ਰੁਪਏ ਅੰਦਾਜ਼ਨ 55 ਕਰੋੜ ਦੇ ਵਿਕਾਸ ਕੰਮਾਂ 'ਚ ਘਪਲੇਬਾਜ਼ੀ ਤੇ ਭਿ੍ਸ਼ਟਾਚਾਰ ਨਾਲ ਜੁੜਿਆ ਹੋਇਆ ਹੈ ਤੇ ਉਨ੍ਹਾਂ ਖਿਲਾਫ ਇਹ ਕਾਰਵਾਈ ਅੰਮਿ੍ਤਸਰ ਦੇ ਆਈ.ਏ.ਐਸ. ਅਧਿਕਾਰੀ ਦੀ ਸ਼ਿਕਾਇਤ ਤੇ
ਜਾਂਚ ਉਪਰੰਤ ਹੋਈ ਹੈ | ਇਹ ਉਸਾਰੀ ਇਥੇ ਰਣਜੀਤ ਐਵਨਿਊ ਵਿਖੇ ਹੋਣੀ ਸੀ | ਜਿਸ 'ਚ ਅੰਮਿ੍ਤਸਰ 'ਚ ਸਮਾਜ ਸੇਵੀ ਹੋਣ ਦਾ ਦਾਅਵਾ ਕਰਦੇ ਇਕ ਵਿਅਕਤੀ ਦਾ ਨਾਂਅ ਵੀ ਸਾਹਮਣੇ ਆਇਆ ਹੈ | ਪੀ.ਪੀ.ਐਸ. ਅਧਿਕਾਰੀ ਲਖਬੀਰ ਸਿੰਘ ਇਸੇ ਸਾਲ ਅਪ੍ਰੈਲ 'ਚ ਹੀ ਇਥੇ ਨਿਯੁਕਤ ਹੋਏ ਸਨ ਜਦੋਂ ਕਿ ਕੇਵਲ 9 ਮਹੀਨਿਆਂ ਦੇ ਕਾਰਜਕਾਲ ਉਪਰੰਤ ਹੀ ਉਨ੍ਹਾਂ ਖਿਲਾਫ ਉਕਤ ਦੋਸ਼ਾਂ ਅਧੀਨ ਉਕਤ ਕਾਰਵਾਈ ਹੋਈ ਹੈ | ਦੂਜੇ ਪਾਸੇ ਆਪਣੇ ਖਿਲਾਫ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਐਸ.ਐਸ.ਪੀ ਵਿਜੀਲੈਂਸ ਲਖਬੀਰ ਸਿੰਘ ਨੇ ਕਿਹਾ ਕਿ ਉਹ ਨਾ ਤਾਂ ਵਿਕਾਸ ਕੰਮਾਂ ਦੇ ਟੈਂਡਰ ਪਵਾਉਣ ਤੇ ਨਾ ਹੀ ਖੁਲਵਾਉਣ 'ਚ ਸ਼ਾਮਿਲ ਹਨ ਸਗੋਂ ਉਨ੍ਹਾਂ ਏ.ਡੀ.ਸੀ. ਅਮਨਦੀਪ ਕੌਰ ਨੂੰ ਨਿਯਮਾਂ ਮੁਤਾਬਕ ਕਾਰਵਾਈ ਲਈ ਲਿਖਿਆ ਸੀ ਅਤੇ ਇਸ ਮਾਮਲੇ 'ਚ ਹੋਏ ਭਿ੍ਸ਼ਟਾਚਾਰ ਨਾਲ ਉਨ੍ਹਾਂ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ | ਇਸ ਪ੍ਰਤੀ ਪੰਜਾਬ ਵਿਜੀਲੈਂਸ ਵਿਭਾਗ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਸੰਬੰਧਿਤ ਅਧਿਕਾਰੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਨਿਰਧਾਰਤ ਪ੍ਰਕਿਰਿਆਵਾਂ ਅਨੁਸਾਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ |
ਅੰਮਿ੍ਤਸਰ ਦਾ ਐਸ.ਐਸ.ਪੀ. ਵਿਜੀਲੈਂਸ ਮੁਅੱਤਲ <br/>
ਅਜੀਤ ਡੈਸਕ
28-12-2025