ਮੁੱਖ ਮੰਤਰੀ ਨਿਤਿਸ਼ ਕੁਮਾਰ, ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਹੋਏ ਨਤਮਸਤਕ
ਪਟਨਾ ਸਾਹਿਬ ਤੋਂ ਸੁਰਿੰਦਰਪਾਲ ਸਿੰਘ ਵਰਪਾਲ ਦੀ ਵਿਸ਼ੇਸ਼ ਰਿਪੋਰਟ
ਪਟਨਾ ਸਾਹਿਬ, 27 ਦਸੰਬਰ-ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ) ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ 359ਵਾਂ ਪ੍ਰਕਾਸ਼ ਪੁਰਬ ਗੁਰ-ਮਰਿਆਦਾ ਅਨੁਸਾਰ ਮਨਾਇਆ ਗਿਆ | ਇਸ ਦੌਰਾਨ ਵੱਡੀ ਗਿਣਤੀ 'ਚ ਸੰਗਤ ਨੇ ਜਿਥੇ ਸਤਿਕਾਰ ਸਹਿਤ ਮੱਥਾ ਟੇਕਿਆ ਤੇ ਕੀਰਤਨ ਸਰਵਣ ਕੀਤਾ ਉਥੇ ਹੀ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ, ਰਾਜਪਾਲ ਆਰਿਫ਼ ਮੁਹੰਮਦ ਖਾਨ, ਵਿਜੇ ਚੌਧਰੀ, ਅਸ਼ੋਕ ਚੌਧਰੀ (ਦੋਵੇਂ ਕੈਬਨਿਟ ਮੰਤਰੀ, ਬਿਹਾਰ) ਸਮੇਤ ਹੋਰ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ | ਇਸ ਦੌਰਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਤੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਤੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਤਖ਼ਤ ਸਾਹਿਬ ਵਿਖੇ ਸਾਲਸ ਰਾਏ ਜੌਹਰੀ ਦੀਵਾਨ ਹਾਲ ਵਿਖੇ ਸਜਾਏ ਪੰਡਾਲ 'ਚ ਪ੍ਰਸਿੱਧ ਰਾਗੀ, ਕਥਾਵਾਚਕਾਂ ਤੇ ਸੰਤ ਮਹਾਂਪੁਰਸ਼ਾਂ ਨੇ ਸੰਗਤ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ | ਇਸ
ਦੌਰਾਨ ਨਿਤਿਸ਼ ਕੁਮਾਰ ਨੇ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਪਟਨਾ ਸਾਹਿਬ ਦੀ ਭੂਮੀ ਦਾ ਇਤਿਹਾਸ ਗੌਰਵਮਈ ਹੈ, ਜਿਥੇ ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਮੁਬਾਰਕ ਹੋਏ ਹਨ | ਉਨ੍ਹਾਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮਹਿਜ਼ 42 ਸਾਲ ਦੀ ਉਮਰ 'ਚ ਹੀ ਕ੍ਰਾਂਤੀਕਾਰੀ, ਸਮਾਜ ਸੁਧਾਰਕ, ਮਾਨਵਤਾ, ਆਦਰਸ਼ਾਂ, ਸਰੋਕਾਰਾਂ ਤੇ ਤਿਆਗ ਦੀ ਅਜਿਹੀ ਮਿਸਾਲ ਪੈਦਾ ਕੀਤੀ, ਜਿਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ | ਇਸ ਦੌਰਾਨ ਮੁੱਖ ਮੰਤਰੀ ਵਲੋਂ ਮਾਸਿਕ ਕਿਤਾਬਚਾ 'ਗੋਬਿੰਦ ਪ੍ਰਕਾਸ਼' ਤੇ ਕੈਲੰਡਰ ਵੀ ਲੋਕ ਅਰਪਣ ਕੀਤਾ ਗਿਆ | ਇਸ ਤੋਂ ਪਹਿਲਾਂ ਰਾਜਪਾਲ ਆਰਿਫ ਮੁਹੰਮਦ ਖਾਨ ਨੇ ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸੰਗਤ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਪਾਵਨ ਅਸਥਾਨ ਸਾਡੇ ਲਈ ਪ੍ਰੇਰਨਾਸਰੋਤ ਹੈ, ਜਿਥੇ ਨਿਆਂ, ਸੇਵਾ ਤੇ ਸੱਚ ਦੀ ਪ੍ਰੇਰਣਾ ਮਿਲਦੀ ਹੈ, ਜਿਸ ਤੋਂ ਸਿੱਖਿਆ ਲੈ ਕੇ ਸਮਾਜ ਤੇ ਦੇਸ਼ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ | ਇਸ ਦੌਰਾਨ ਰਾਜਪਾਲ ਨੇ ਕੀਰਤਨ ਵੀ ਸਰਵਣ ਕੀਤਾ ਉਪਰੰਤ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ | ਇਸ ਦੌਰਾਨ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਰਾਜਪਾਲ ਆਰਿਫ ਮੁਹੰਮਦ ਖ਼ਾਨ ਸਮੇਤ ਵੱਡੀ ਗਿਣਤੀ 'ਚ ਸੰਗਤ ਨੇ ਤਖ਼ਤ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਦੇ ਜੋੜਿਆਂ ਦੇ ਦਰਸ਼ਨ ਕੀਤੇ |
ਸਾਲਸ ਰਾਏ ਜੌਹਰੀ ਦੀਵਾਨ ਹਾਲ 'ਚ ਕੀਰਤਨ ਦੀ ਛਹਿਬਰ
ਪ੍ਰਕਾਸ਼ ਪੁਰਬ ਮੌਕੇ ਸਾਲਸ ਰਾਏ ਜੌਹਰੀ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ 'ਚ ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਭਲਾਈ ਕੇਂਦਰ, ਭਾਈ ਕਮਲਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ, ਭਾਈ ਜਸਬੀਰ ਸਿੰਘ ਪਾਉਂਟਾ ਸਾਹਿਬ, ਭਾਈ ਸੁਖਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਹਰਜੋਤ ਸਿੰਘ ਜ਼ਖ਼ਮੀ ਜਲੰਧਰ ਵਾਲੇ, ਭਾਈ ਚਮਨਜੀਤ ਸਿੰਘ ਲਾਲ, ਅਨਹਦ ਬਾਣੀ ਜਥਾ ਬੜੂ ਸਾਹਿਬ, ਭਾਈ ਤਰਵਿੰਦਰ ਸਿੰਘ, ਭਾਈ ਹਰਭਜਨ ਸਿੰਘ, ਭਾਈ ਨਵਿੰਦਰ ਸਿੰਘ, ਭਾਈ ਬਿਕਰਮ ਸਿੰਘ, ਭਾਈ ਹਰਜੀਤ ਸਿੰਘ ਤੇ ਭਾਈ ਜੋਗਿੰਦਰ ਸਿੰਘ ਹਜ਼ੂਰੀ ਰਾਗੀ ਪਟਨਾ ਸਾਹਿਬ ਨੇ ਕੀਰਤਨ ਕੀਤਾ, ਜਦਕਿ ਗਿਆਨੀ ਸੁਖਦੇਵ ਸਿੰਘ, ਗਿਆਨੀ ਗਗਨਦੀਪ ਸਿੰਘ, ਗਿਆਨੀ ਸਤਨਾਮ ਸਿੰਘ ਨੇ ਸੰਗਤ ਨਾਲ ਗੁਰਇਤਿਹਾਸ ਦੀ ਸਾਂਝ ਪਾਈ | ਇਸ ਤੋਂ ਪਹਿਲਾਂ ਤਖ਼ਤ ਸ੍ਰੀ ਹਰਿਮੰਦਰ ਜੀ ਵਿਖੇ ਅੰਮਿ੍ਤ ਵੇਲੇ ਭਾਈ ਹਰਜੋਤ ਸਿੰਘ ਜ਼ਖ਼ਮੀ ਦੇ ਜਥੇ ਨੇ ਆਸਾ ਦੀ ਵਾਰ ਦਾ ਗਾਇਨ ਕੀਤਾ | ਸਿੰਘ ਸਾਹਿਬ ਗਿਆਨੀ ਭਾਈ ਬਲਦੇਵ ਸਿੰਘ ਨੇ ਅਰਦਾਸ ਕੀਤੀ ਤੇ ਹੁਕਮਨਾਮਾ ਲਿਆ ਉਪਰੰਤ ਸੰਗਤ ਨੂੰ ਸ਼ਸਤਰਾਂ ਦੇ ਦਰਸ਼ਨ ਕਰਵਾਏ | ਸੰਤ ਸਮਾਗਮ ਦੌਰਾਨ ਸੰਤ ਬਾਬਾ ਮਹੰਤ ਕਰਮਜੀਤ ਸਿੰਘ ਯਮੁਨਾ ਨਗਰ, ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲੇ, ਮਹੰਤ ਜੋਗਾ ਸਿੰਘ ਕਰਨਾਲ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ | ਸਟੇਜ ਸਕੱਤਰ ਦੀ ਭੂਮਿਕਾ ਭਗਵਾਨ ਸਿੰਘ ਜੌਹਲ, ਇੰਦਰਜੀਤ ਸਿੰਘ ਜਨਰਲ ਸਕੱਤਰ, ਲਖਵਿੰਦਰ ਸਿੰਘ ਸੀ: ਮੀਤ ਪ੍ਰਧਾਨ ਨੇ ਨਿਭਾਈ | ਇਸ ਮੌਕੇ ਪ੍ਰਧਾਨ ਜਗਜੋਤ ਸਿੰਘ ਸੋਹੀ, ਸਾਬਕਾ ਕੇਂਦਰੀ ਮੰਤਰੀ ਸੁਰਿੰਦਰਪਾਲ ਸਿੰਘ ਆਹਲੂਵਾਲੀਆ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਰਜਿੰਦਰ ਸਿੰਘ ਮਹਿਤਾ, ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਬਾਵਾ ਸਿੰਘ ਗੁਮਾਨਪੁਰਾ, ਮਾਸਟਰ ਇਕਬਾਲ ਸਿੰਘ ਵਰਪਾਲ, ਸੀ: ਮੀਤ ਪ੍ਰਧਾਨ ਲਖਵਿੰਦਰ ਸਿੰਘ, ਗੁਰਵਿੰਦਰ ਸਿੰਘ ਜੂਨੀਅਰ ਮੀਤ ਪ੍ਰਧਾਨ, ਮਹਿੰਦਰ ਪਾਲ ਸਿੰਘ ਢਿੱਲੋਂ, ਮਲਕੀਅਤ ਸਿੰਘ, ਸਰਪੰਚ ਮਨਿੰਦਰ ਸਿੰਘ ਸਰਜੇਚੱਕ, ਅਮਨਬੀਰ ਸਿੰਘ ਸਿਆਲੀ ਕਾਨੂੰਨੀ ਸਲਾਹਕਾਰ ਸ਼੍ਰੋਮਣੀ ਕਮੇਟੀ, ਮੈਨੇਜਰ ਰਜਿੰਦਰ ਸਿੰਘ ਰੂਬੀ ਆਦਿ ਹਾਜ਼ਰ ਸਨ |
ਪਟਨਾ ਸਾਹਿਬ ਵਿਖੇ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ <br/>
ਅਜੀਤ ਡੈਸਕ
28-12-2025