ਨਵੀਂ ਦਿੱਲੀ, 28 ਦਸੰਬਰ (ਪੀ. ਟੀ. ਆਈ.)-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਐਤਵਾਰ ਨੂੰ ਪੱਛਮੀ ਸਮੁੰਦਰੀ ਤੱਟ 'ਤੇ ਭਾਰਤੀ ਜਲ ਸੈਨਾ ਦੀ ਫਰੰਟਲਾਈਨ ਪਣਡੁੱਬੀ ਆਈ. ਐੱਨ. ਐੱਸ. ਵਾਗਸ਼ੀਰ 'ਤੇ ਯਾਤਰਾ ਕੀਤੀ | ਮੁਰਮੂ ਪਣਡੁੱਬੀ ਦੀ ਯਾਤਰਾ ਕਰਨ ਵਾਲੇ ਦੂਜੇ ਰਾਸ਼ਟਰਪਤੀ ਬਣੇ | ਫਰਵਰੀ 2006 ਵਿੱਚ, ਏ. ਪੀ. ਜੇ. ਅਬਦੁੱਲ ਕਲਾਮ ਪਣਡੁੱਬੀ ਯਾਤਰਾ ਦਾ ਅਨੁਭਵ ਕਰਨ ਵਾਲੇ ਪਹਿਲੇ ਰਾਸ਼ਟਰਪਤੀ ਬਣੇ | ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ ਤਿ੍ਪਾਠੀ ਕਰਨਾਟਕ ਦੇ ਕਰਵਰ ਨੇਵਲ ਬੇਸ ਤੋਂ ਕਲਵਰੀ-ਕਲਾਸ ਪਣਡੁੱਬੀ ਦੀ ਯਾਤਰਾ ਦÏਰਾਨ ਰਾਸ਼ਟਰਪਤੀ ਮੁਰਮੂ ਦੇ ਨਾਲ ਸਨ | ਰਾਸ਼ਟਰਪਤੀ ਹਥਿਆਰਬੰਦ ਸੈਨਾਵਾਂ ਦੇ ਸੁਪਰੀਮ ਕਮਾਂਡਰ ਵੀ ਹਨ | ਨੇਵੀ ਵਰਦੀ 'ਚ ਸਜੇ ਹੋਏ, ਰਾਸ਼ਟਰਪਤੀ ਨੇ ਪਣਡੁੱਬੀ 'ਤੇ ਚੜ੍ਹਨ ਤੋਂ ਪਹਿਲਾਂ ਜਲ ਸੈਨਾ ਦੇ ਕਰਮਚਾਰੀਆਂ ਨੂੰ ਹੱਥ ਹਿਲਾਇਆ | ਪੀ 75 ਸਕਾਰਪੀਨ ਪ੍ਰੋਜੈਕਟ ਦੀ ਛੇਵੀਂ ਅਤੇ ਆਖਰੀ ਪਣਡੁੱਬੀ, ਆਈ ਐੱਨ ਐੱਸ ਵਾਗਸ਼ੀਰ, ਜਨਵਰੀ 'ਚ ਜਲ ਸੈਨਾ ਵਿੱਚ ਸ਼ਾਮਲ ਕੀਤੀ ਗਈ ਸੀ | ਜਲ ਸੈਨਾ ਦੇ ਅਧਿਕਾਰੀਆਂ ਦੇ ਅਨੁਸਾਰ, ਇਹ ਦੁਨੀਆ ਦੀਆਂ ਸਭ ਤੋਂ ਸ਼ਾਂਤ ਅਤੇ ਬਹੁਪੱਖੀ ਡੀਜ਼ਲ-ਇਲੈਕਟਿ੍ਕ ਪਣਡੁੱਬੀਆਂ 'ਚੋਂ ਇਕ ਹੈ | ਇਸਨੂੰ ਕਈ ਤਰ੍ਹਾਂ ਦੇ ਮਿਸ਼ਨ ਕਰਨ ਲਈ ਤਿਆਰ ਕੀਤਾ ਗਿਆ ਹੈ, ਜਿਸ 'ਚ ਸਤ੍ਹਾ-ਵਿਰੋਧੀ ਯੁੱਧ, ਪਣਡੁੱਬੀ-ਵਿਰੋਧੀ ਯੁੱਧ, ਖ਼ੁਫ਼ੀਆ ਜਾਣਕਾਰੀ ਇਕੱਠੀ ਕਰਨਾ, ਖੇਤਰ ਨਿਗਰਾਨੀ ਅਤੇ ਵਿਸ਼ੇਸ਼ ਕਾਰਜ ਸ਼ਾਮਲ ਹਨ |