ਸੁਰਿੰਦਰ ਕੋਛੜ
ਅੰਮਿ੍ਤਸਰ, 29 ਦਸੰਬਰ-ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਵਧਦੇ ਟਕਰਾਅ ਦੌਰਾਨ ਦੋਵਾਂ ਮੁਲਕਾਂ ਦੇ ਮੌਲਵੀਆਂ ਅਤੇ ਇਸਲਾਮਿਕ ਧਾਰਮਿਕ ਵਿਦਵਾਨਾਂ ਵਲੋਂ ਆਪਸ 'ਚ ਹੱਥ ਮਿਲਾਉਣ ਨਾਲ ਇਕ ਨਵਾਂ ਮੋਰਚਾ ਉੱਭਰ ਰਿਹਾ ਹੈ | ਇਹ ਨਵਾਂ ਮੋਰਚਾ ਪਾਕਿਸਤਾਨੀ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਲਈ ਕਈ ਨਵੀਆਂ ਚੁਣੌਤੀਆਂ ਪੈਦਾ ਕਰ ਸਕਦਾ ਹੈ | ਦੱਸਿਆ ਜਾ ਰਿਹਾ ਹੈ ਕਿ ਕਿ ਦੋਵਾਂ ਮੁਲਕਾਂ ਦੇ ਇਸਲਾਮਿਕ ਧਾਰਮਿਕ ਵਿਦਵਾਨਾਂ ਦਾ ਇਹ ਗੱਠਜੋੜ ਅਫ਼ਗਾਨਿਸਤਾਨ 'ਤੇ ਪਾਕਿਸਤਾਨੀ ਫ਼ੌਜ ਦੇ ਹਮਲਿਆਂ ਦੀ ਖੁੱਲ੍ਹ ਕੇ ਆਲੋਚਨਾ ਕਰ ਰਿਹਾ ਹੈ, ਜਿਸ ਨਾਲ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਦੀਆਂ ਮੁਸੀਬਤਾਂ ਵੱਧ ਸਕਦੀਆਂ ਹਨ | ਇਸ ਗੱਠਜੋੜ 'ਚ ਸ਼ਾਮਿਲ ਜਮੀਅਤ ਉਲੇਮਾ-ਏ-ਇਸਲਾਮ (ਫ਼ਜ਼ਲ) ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਹਾਲ ਹੀ 'ਚ ਕਰਾਚੀ ਦੇ ਲਿਆਰੀ ਵਿਚ ਇਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਫ਼ੌਜ ਮੁਖੀ ਮੁਨੀਰ 'ਤੇ ਨਿਸ਼ਾਨਾ ਸਾਧਦਿਆਂ ਭਾਰਤੀ ਫ਼ੌਜ ਦੇ 'ਆਪ੍ਰੇਸ਼ਨ ਸੰਧੂਰ' ਨੂੰ ਜਾਇਜ਼ ਠਹਿਰਾਇਆ ਸੀ | ਉਨ੍ਹਾਂ ਇਹ ਵੀ ਕਿਹਾ ਸੀ ਕਿ ਜੇਕਰ ਪਾਕਿ ਦੇ ਅਫ਼ਗਾਨਿਸਤਾਨ 'ਤੇ ਹਵਾਈ ਹਮਲੇ ਜਾਇਜ਼ ਹਨ ਤਾਂ ਭਾਰਤੀ ਫ਼ੌਜ ਦੇ ਪਾਕਿਸਤਾਨੀ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਕੀਤੇ ਹਮਲੇ ਗਲਤ ਕਿਵੇਂ ਹੋ ਸਕਦੇ ਹਨ | ਦੋਵਾਂ ਮੁਲਕਾਂ 'ਚ ਤਣਾਅ ਦੌਰਾਨ ਤਾਲਿਬਾਨ ਸਰਕਾਰ ਦੇ ਗ੍ਰਹਿ ਮੰਤਰੀ ਸਿਰਾਜੁਦੀਨ ਹੱਕਾਨੀ ਨੇ ਅਫ਼ਗਾਨਿਸਤਾਨ ਪ੍ਰਤੀ ਸਕਾਰਾਤਮਿਕ ਵਿਚਾਰ ਰੱਖਣ ਵਾਲੇ ਜਮੀਅਤ ਉਲੇਮਾ-ਏ-ਇਸਲਾਮ (ਫ਼ਜ਼ਲ) ਸਮੇਤ ਸਾਰੇ ਪਾਕਿਸਤਾਨੀ ਸੰਗਠਨਾਂ, ਨੇਤਾਵਾਂ ਅਤੇ ਮੌਲਵੀਆਂ ਦਾ ਧੰਨਵਾਦ ਕੀਤਾ | ਕਾਬੁਲ 'ਚ ਇਕ ਸਮਾਗਮ ਦੌਰਾਨ ਹੱਕਾਨੀ ਨੇ ਮੌਲਾਨਾ ਫਜ਼ਲੁਰ ਰਹਿਮਾਨ ਦੇ ਉਕਤ ਭਾਸ਼ਨ ਦਾ ਖ਼ਾਸ ਤੌਰ 'ਤੇ ਜ਼ਿਕਰ ਕੀਤਾ | ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਫਜ਼ਲੁਰ ਰਹਿਮਾਨ ਅਤੇ ਗੱਠਜੋੜ 'ਚ ਸ਼ਾਮਿਲ ਹੋਰ ਪਾਕਿਸਤਾਨੀ ਮੌਲਵੀ ਪ੍ਰਧਾਨ ਮੰਤਰੀ ਅਤੇ ਫ਼ੌਜ ਮੁਖੀ ਦਾ ਵਿਰੋਧ ਜਾਰੀ ਰੱਖਦੇ ਹਨ, ਤਾਂ ਇਸ ਨਾਲ ਸ਼ਾਹਬਾਜ਼ ਸ਼ਰੀਫ਼ ਅਤੇ ਆਸਿਮ ਮੁਨੀਰ ਦੀਆਂ ਮੁਸ਼ਕਲਾਂ ਬੇਮਿਸਾਲ ਪੱਧਰ 'ਤੇ ਪਹੁੰਚ ਜਾਣਗੀਆਂ |
ਪਾਕਿਸਤਾਨੀ ਅਤੇ ਅਫ਼ਗਾਨ ਮੌਲਵੀਆਂ ਨੇ ਮਿਲਾਇਆ ਹੱਥ <br/>
ਅਜੀਤ ਡੈਸਕ
30-12-2025