ਚੰਡੀਗੜ੍ਹ, 29 ਦਸੰਬਰ (ਬਿਉਰੋ ਚੀਫ਼)-ਪੰਜਾਬ ਮੰਤਰੀ ਮੰਡਲ ਦੀ ਅੱਜ ਇੱਥੇ ਹੋਈ ਇਕ ਬੈਠਕ ਵਲੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਮੁੱਖ ਰੱਖਦਿਆਂ ਮੁਹਾਲੀ ਜ਼ਿਲ੍ਹੇ ਦੀ ਸਬ-ਤਹਿਸੀਲ ਬਨੂੜ ਨੂੰ ਤਹਿਸੀਲ ਦਾ ਦਰਜਾ ਦੇਣ ਦਾ ਫ਼ੈਸਲਾ ਕੀਤਾ ਤੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਹਰਿਆਣਾ ਨੂੰ ਸਬ-ਤਹਿਸੀਲ ਬਣਾਉਣ ਦਾ ਫ਼ੈਸਲਾ ਲਿਆ ਹੈ | ਰਾਜ ਸਰਕਾਰ ਦੇ ਇਕ ਬੁਲਾਰੇ ਅਨੁਸਾਰ ਬਨੂੜ ਤਹਿਸੀਲ 'ਚ 40 ਪਿੰਡ, 14 ਪਟਵਾਰ ਤੇ 2 ਕਾਨੂੰਗੋ ਸਰਕਲ ਹੋਣਗੇ | ਇਸੇ ਤਰ੍ਹਾਂ ਨਵੀਂ ਸਬ-ਤਹਿਸੀਲ ਹਰਿਆਣਾ 'ਚ 50 ਪਿੰਡ, 12 ਪਟਵਾਰ ਸਰਕਲ ਤੇ 2 ਕਾਨੂੰਗੋ ਸਰਕਲ ਹੋਣਗੇ | ਮੰਤਰੀ ਮੰਡਲ ਵਲੋਂ ਪ੍ਰਸ਼ਾਸਕੀ ਸੁਧਾਰਾਂ ਅਧੀਨ ਡਿਜੀਟਲ ਰਿਕਾਰਡਾਂ ਤੇ ਦਸਤਖ਼ਤਾਂ ਨੂੰ ਕਾਨੂੰਨੀ ਮਾਨਤਾ ਦੇਣ ਤੇ ਮਾਲ ਵਿਭਾਗ ਦੇ ਕੰਮਕਾਜ ਵਿਚ ਪਾਰਦਰਸ਼ਤਾ ਲਿਆਉਣ ਲਈ ਪੰਜਾਬ ਲੈਂਡ ਰੈਵੇਨਿਊ ਐਕਟ 1887 ਵਿਚ ਸੋਧਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ, ਜਿਨ੍ਹਾਂ ਦੀ ਬਾਅਦ ਵਿਚ ਵਿਧਾਨ ਸਭਾ ਤੋਂ ਵੀ ਪ੍ਰਵਾਨਗੀ ਲਈ ਜਾਵੇਗੀ | ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਸੋਧਾਂ ਨਾਲ ਬੇਲੋੜੀ ਮੁਕੱਦਮੇਬਾਜ਼ੀ ਘਟੇਗੀ | ਮੰਤਰੀ ਮੰਡਲ ਵਲੋਂ ਵਿਸ਼ੇਸ਼ ਅਧਿਆਪਕ ਸਿੱਖਿਆ ਲਈ, ਜੋ ਇਸ ਵੇਲੇ ਠੇਕੇ 'ਤੇ ਕੰਮ ਕਰ ਰਹੇ ਹਨ ਤੇ ਸਿਖਲਾਈ ਪ੍ਰਾਪਤ ਮਾਹਰ ਅਧਿਆਪਕ ਹਨ, ਨੂੰ ਸਕੂਲ ਸਿੱਖਿਆ ਵਿਭਾਗ 'ਚ ਰੈਗੂਲਰ ਕਰਨ ਤੇ ਉਨ੍ਹਾਂ ਦੀਆਂ ਸੇਵਾਵਾਂ ਬਰਕਰਾਰ ਰੱਖਣ ਲਈ ਉਨ੍ਹਾਂ ਨੂੰ ਉਮਰ ਸੀਮਾ 'ਚ ਰਾਹਤ ਦੇਣ ਦਾ ਫ਼ੈਸਲਾ ਵੀ ਲਿਆ ਗਿਆ | ਰਾਜ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਫ਼ੈਸਲੇ ਨਾਲ ਸਰਕਾਰ 'ਤੇ ਕੋਈ ਵਾਧੂ ਵਿੱਤੀ ਬੋਝ ਨਹੀਂ ਪਵੇਗਾ | ਮੰਤਰੀ ਮੰਡਲ ਵਲੋਂ ਕੱਲ੍ਹ ਹੋਣ ਵਾਲੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਪੇਸ਼ ਹੋਣ ਵਾਲੇ ਤਿੰਨ ਬਿੱਲਾਂ, ਮਤੇ ਤੇ ਦੂਜੇ ਪ੍ਰੋਗਰਾਮ 'ਤੇ ਵੀ ਗੈਰ-ਰਸਮੀ ਵਿਚਾਰ ਵਟਾਂਦਰਾ ਹੋਇਆ, ਲੇਕਿਨ ਇਸ ਸੰਬੰਧੀ ਮੀਡੀਆ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ |