ਟਾਂਡਾ ਉੜਮੁੜ, 25 ਸਤੰਬਰ (ਦੀਪਕ ਬਹਿਲ)-ਹੜ੍ਹ ਪੀੜਤਾਂ ਦੀ ਸਹਾਇਤਾ ਲਈ ਜਿਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਹਨ ਉਥੇ ਗੁਰਧਾਮਾਂ ਤੇ ਗੁਰਦੁਆਰਾ ਕਮੇਟੀਆਂ ਨੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਦਾ ਟੀਚਾ ਚੁੱਕਿਆ ਹੈ | ਇਸੇ ਲੜੀ ਤਹਿਤ ਪ੍ਰਬੰਧਕ ਕਮੇਟੀ ਗੁਰਦੁਆਰਾ ਬੀਬੀਆਂ ਟਾਂਡਾ ਵਲੋਂ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪ੍ਰਧਾਨ ਸੰਤਾ ਸਿੰਘ ਦੀ ਅਗਵਾਈ ਹੇਠ ਪ੍ਰਬੰਧਕ ਕਮੇਟੀ, ਜਿਨ੍ਹਾਂ 'ਚ ਪਿ੍ੰਸੀਪਲ ਸਾਹਿਬ ਸਿੰਘ ਤੁਲੀ, ਰਾਜਵਿੰਦਰ ਸਿੰਘ, ਭੁਪਿੰਦਰ ਸਿੰਘ ਤੁਲੀ, ਨਿਰਮਲ ਸਿੰਘ ਜਹੂਰੇ ਵਾਲੇ, ਕੈਪਟਨ ਦਲਵੀਰ ਸਿੰਘ, ਭੁਪਿੰਦਰ ਸਿੰਘ ਤੋਂ ਇਲਾਵਾ ਹੋਰਾਂ ਨੇ ਕਿਹਾ ਕਿ ਜੋ ਹੜ੍ਹਾਂ ਦੀ ਇਹ ਤਰਾਸਦੀ ਪੰਜਾਬ ਝੱਲ ਰਿਹਾ ਹੈ, ਉਸ ਨੂੰ ਮੁੜ ਖੜ੍ਹਾ ਕਰਨ 'ਚ ਹਰ ਪੰਜਾਬੀ ਆਪਣਾ ਯੋਗਦਾਨ ਪਾ ਰਿਹਾ ਹੈ ਜਿਸ ਦੇ ਚੱਲਦੇ 'ਅਦਾਰਾ ਅਜੀਤ' ਵਲੋਂ ਚਲਾਏ ਗਏ ਹੜ੍ਹ ਰਿਲੀਫ ਫ਼ੰਡ 'ਚ ਉਨ੍ਹਾਂ ਦੀ ਸੰਗਤ ਤੇ ਕਮੇਟੀ ਨੇ 1 ਲੱਖ ਦਾ ਯੋਗਦਾਨ ਪਾਇਆ ਹੈ | ਪ੍ਰਬੰਧਕ ਕਮੇਟੀ ਨੇ ਕਿਹਾ ਕਿ ਉਹ ਭਵਿੱਖ 'ਚ ਵੀ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਹਰ ਸੰਭਵ ਯਤਨਸ਼ੀਲ ਰਹਿਣਗੇ |