ਟਾਂਡਾ ਉੜਮੁੜ, 18 ਅਕਤੂਬਰ (ਕੁਲਬੀਰ ਸਿੰਘ ਗੁਰਾਇਆ, ਭਗਵਾਨ ਸਿੰਘ ਸੈਣੀ)-ਟਾਂਡਾ ਦੇ ਪਿੰਡ ਬਹਾਦਰਪੁਰ ਨਾਲ ਸੰਬੰਧਿਤ ਇਕ ਨੌਜਵਾਨ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੇ ਇਕ ਵਿਅਕਤੀ ਖ਼ਿਲਾਫ਼ ਟਾਂਡਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਪੁਲਿਸ ਨੇ ਇਹ ਮਾਮਲਾ ਠੱਗੀ ਦਾ ਸ਼ਿਕਾਰ ਪੂਰਨ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਬਹਾਦਰਪੁਰ ਦੇ ਬਿਆਨਾਂ ਦੇ ਆਧਾਰ 'ਤੇ ਧੋਖਾਧੜੀ ਕਰਕੇ ਠੱਗੀ ਕਰਨ ਵਾਲੇ ਵਿਅਕਤੀ ਬਿਕਰਮ ਸਿੰਘ ਉਰਫ਼ ਵਿਕੀ ਪੁੱਤਰ ਗੁਰਮੇਲ ਸਿੰਘ ਬਾਸੀ ਕੱਦੂਵਾਲ ਕਰਤਾਰਪੁਰ ਜ਼ਿਲ੍ਹਾ ਜਲੰਧਰ ਦੇ ਖ਼ਿਲਾਫ਼ ਦਰਜ ਕੀਤਾ ਹੈ | ਆਪਣੇ ਬਿਆਨਾਂ 'ਚ ਪੂਰਨ ਸਿੰਘ ਨੇ ਦੱਸਿਆ ਕਿ ਉਕਤ ਟਰੈਵਲ ਏਜੰਟ ਨੇ ਉਸ ਦੇ ਪੁੱਤਰ ਜਤਿੰਦਰ ਸਿੰਘ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 13 ਲੱਖ 20 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ | ਉਹ ਉਕਤ ਏਜੰਟ ਨਾ ਹੀ ਤਾਂ ਹੁਣ ਪੈਸੇ ਵਾਪਸ ਕਰ ਰਿਹਾ ਤੇ ਨਾ ਹੀ ਉਸ ਦੇ ਪੁੱਤਰ ਨੂੰ ਵਿਦੇਸ਼ ਭੇਜ ਰਿਹਾ ਹੈ | ਟਾਂਡਾ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |