ਹੁਸ਼ਿਆਰਪੁਰ, 22 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਸਰਕਾਰ ਵਲੋੋਂ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਸ੍ਰੀਨਗਰ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਸਜਾਏ ਗਏ ਨਗਰ ਕੀਰਤਨ ਦਾ ਅੱਜ ਗੁਰਦੁਆਰਾ ਮਿੱਠਾ ਟਿਵਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਪਹੁੰਚਣ 'ਤੇ ਮਹੰਤ ਪਿ੍ਤਪਾਲ ਸਿੰਘ ਸੇਵਾਪੰਥੀ ਦੀ ਅਗਵਾਈ 'ਚ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਦੌਰਾਨ ਨਗਰ ਕੀਰਤਨ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਸੰਗਤਾਂ ਦੇ ਛਕਣ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ | ਇਸ ਮੌਕੇ ਮਹੰਤ ਪਿ੍ਤਪਾਲ ਸਿੰਘ ਸੇਵਾਪੰਥੀ ਅਤੇ ਸੰਤ ਅਜੀਤ ਸਿੰਘ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤੇ ਗਏ ਅਤੇ ਪੰਜ ਪਿਆਰਿਆਂ, ਨਿਸ਼ਾਨਚੀ ਸਿੰਘਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮਹੰਤ ਪਿ੍ਤਪਾਲ ਸਿੰਘ ਨੇ ਸੰਗਤਾਂ ਨੂੰ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ 'ਚ ਵੱਧ ਤੋਂ ਵੱਧ ਸ਼ਿਰਕਤ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਜੀ ਦੇ ਦਰਸਾਏ ਮਾਰਗ 'ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ | ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅੰਮਿ੍ਤਪਾਨ ਕਰਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸੰਤ ਸੇਵਾ ਸਿੰਘ ਰਾਮਪੁਰ ਖੇੜਾ, ਸੰਤ ਤਰਲੋਚਨ ਸਿੰਘ ਡੇਰਾ ਵਿਰੱਕਤਾਂ, ਬਾਬਾ ਬਲਵੀਰ ਸਿੰਘ ਬਿਰਧ ਆਸ਼ਰਮ ਹਰਿਆਣਾ, ਜਥੇਦਾਰ ਬਾਬਾ ਗੁਰਦੇਵ ਸਿੰਘ ਮੁਖੀ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਤਰਨਾ ਦਲ, ਕੈਬਨਿਟ ਮੰਤਰੀ ਡਾ: ਰਵਜੋਤ ਸਿੰਘ, ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਵਿਧਾਇਕ ਡਾ: ਇਸ਼ਾਂਕ ਕੁਮਾਰ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ, ਮੇਅਰ ਸੁਰਿੰਦਰ ਕੁਮਾਰ, ਚੇਅਰਮੈਨ ਨਗਰ ਸੁਧਾਰ ਟਰੱਸਟ ਗੁਰਵਿੰਦਰ ਸਿੰਘ ਪਾਬਲਾ ਆਦਿ ਸਮੇਤ ਨਿਹੰਗ ਸਿੰਘ ਜਥੇਬੰਦੀਆਂ, ਵੱਖ-ਵੱਖ ਸੰਪਰਦਾਵਾਂ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਕੁਰਬਾਨੀ ਨੂੰ ਸਜਦਾ ਕੀਤਾ | ਇਸ ਤੋਂ ਪਹਿਲਾਂ ਹੁਸ਼ਿਆਰਪੁਰ-ਦਸੂਹਾ ਮਾਰਗ 'ਤੇ ਨਲੋਈਆਂ ਚੌਂਕ 'ਚ ਸੰਗਤਾਂ ਵਲੋਂ ਕੈਬਨਿਟ ਮੰਤਰੀ ਡਾ: ਰਵਜੋਤ ਸਿੰਘ ਤੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਦੀ ਅਗਵਾਈ 'ਚ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ |