ਲੁਧਿਆਣਾ, 22 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸਮਾਜਿਕ ਭਾਈਚਾਰੇ ਨੂੰ ਬਣਾਉਣ ਵਾਲੀ ਵਿਚਾਰਧਾਰਾ ਨੂੰ ਉਤਸ਼ਾਹਤ ਕਰਨ ਲਈ ਭਾਰਤੀ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦੀਆਂ ਲਿਖਤਾਂ ਤੇ ਭਾਸ਼ਣ ਮੁੜ ਪੜੇ ਜਾਣ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵਲੋਂ ਭਾਰਤੀ ਸੰਵਿਧਾਨ ਨਿਰਮਾਤਾ, ਮਹਿਲਾ ਮੁਕਤੀ ਦਾਤਾ, ਸਮਾਜ ਦੇ ਦੱਬੇ ਕੁਚਲੇ ਲੋਕਾਂ ਦੇ ਮਸੀਹਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਮਹਾਂ ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ | ਸਥਾਨਕ ਜਲੰਧਰ ਬਾਈ ਪਾਸ ਸਥਿਤ ਪੰਜਾਬ ਦੇ ਸੱਭ ਤੋਂ ਵੱਡੇ ਡਾ. ਬੀ. ਆਰ. ਅੰਬੇਡਕਰ ਭਵਨ ਵਿਖੇ ''ਜਾਤੀ ਤੋੜੋ ਸਮਾਜ ਜੋੜੋU ਥੀਮ ਹੇਠ ਕਰਵਾਏ ਸਮਾਗਮ ਮੌਕੇ ਚੇਅਰਮੈਨ ਗੜ੍ਹੀ ਦੇ ਨਾਲ ਰਮਨਜੀਤ ਲਾਲੀ, ਖਾਦੀ ਬੋਰਡ ਦੇ ਵਾਈਸ ਚਾਂਸਲਰ ਪਵਨ ਹਾਂਸ, ਰਾਜ ਕੁਮਾਰ ਹੈਪੀ ਤੋਂ ਇਲਾਵਾ ਵੱਖ-ਵੱਖ ਜੱਥੇਬੰਦੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ | ਆਪਣੇ ਸੰਬੋਧਨ ਦੌਰਾਨ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਦੇਸ਼ ਵਿਚ ਹਜ਼ਾਰਾਂ ਸਾਲਾਂ ਤੋਂ ਚਲੀਆਂ ਆ ਰਹੀਆਂ ਕੂਰੀਤੀਆਂ ਤੇ ਵਿਚਾਰਕ ਕੰਧਾਂ ਨੂੰ ਢਾਹੁਣ ਦੇ ਲਈ ਭਾਰਤ ਰਤਨ, ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਵਲੋਂ ਜੋ ਡੂੰਘੀਆਂ ਖੋਜਾਂ ਕਰਕੇ ਲਿਖੇ ਮਹਾਨ ਗ੍ਰੰਥ ਜਿਨ੍ਹਾਂ ਵਿਚ ''ਸ਼ੂਦਰ ਕੌਣ ਸਨ?U, ''ਦ ਅਨਟਚਏਬਲU, ''ਐਨੀਲੇਸ਼ਨ ਆਫ ਕਾਸਟU ਆਦਿ ਸ਼ਾਮਲ ਹਨ ਨੂੰ ਸਹੀ ਰੂਪ ਦੇ ਵਿਚ ਜਨ-ਜਨ ਖਾਸ ਕਰਕੇ ਅੰਬੇਡਕਰੀ ਸਮਾਜ ਤੱਕ ਲੈ ਕੇ ਜਾਣਾ ਸਮੇਂ ਦੀ ਲੋੜ ਹੈ | ਚੇਅਰਮੈਨ ਗੜ੍ਹੀ ਵੱਲੋਂ ਇਸ ਗੱਲ 'ਤੇ ਚਿੰਤਾ ਪ੍ਰਗਟਾਈ ਗਈ ਕਿ ਬਾਬਾ ਸਾਹਿਬ ਨੇ ''ਸ਼ੂਦਰ ਕੌਣ ਸਨ?U ਕਿਤਾਬ ਵਿਚ ਜੋ ਆਰੀਆ ਸਮਾਜ ਬਾਰੇ, ਸ਼ੂਦਰਾਂ ਬਾਰੇ, ਮੂਲ ਨਿਵਾਸੀ ਸੰਕਲਪਨਾ ਬਾਰੇ ਲਿਖਿਆ ਹੈ, ਦੇਸੀ ਅਤੇ ਵਿਦੇਸ਼ੀ ਬਾਰੇ ਚਾਨਣਾ ਪਾਇਆ ਹੈ, ਨੂੰ ਹੁਣ ਤੱਕ ਉਜਾਗਰ ਨਹੀਂ ਕੀਤਾ ਗਿਆ | ਉਨ੍ਹਾਂ ਸਮੁੱਚੇ ਅੰਬੇਡਕਰੀ ਸਮਾਜ ਨੂੰ ਅਪੀਲ ਕਰਦਿਆਂ ਕਿਹਾ ਕਿ ਇੱਕ ਵਾਰ ਡਾ. ਅੰਬੇਡਕਰ ਵਲੋਂ ਲਿਖੀਆਂ ਉਪਰੋਕਤ ਕਿਤਾਬਾਂ ਨੂੰ ਰਿਫਰੈਸ਼ਮੈਂਟ ਕੋਰਸ ਵਜੋਂ ਲਾਜ਼ਮੀ ਤੌਰ 'ਤੇ ਝਾਤ ਮਾਰੀਏ | ਪੱਤਰਕਾਰਾਂ ਵਲੋਂ ਰਾਜ ਅਨੁਸੂਚਿਤ ਜਾਤੀਆਂ ਦੇ ਲੋਕਾਂ ਵਿਚ ਚੇਅਰਮੈਨ ਗੜ੍ਹੀ ਦੀ ਵੱਡੇ ਪੱਧਰ ਤੇ ਲੋਕਪਿ੍ਯਤਾ ਬਾਰੇ ਪੁੱਛੇ ਸਵਾਲ ਦੇ ਜੁਆਬ ਵਿਚ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ''ਬੇਸ਼ੱਕ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਇਨਸਾਫ ਦੁਆਇਆ ਹੈ ਪਰ ਮੇਰੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਅਜੇ ਤਾਂ ਕੋਟੇ ਵਿੱਚੋਂ ਇਕ ਪੂਣੀ ਵੀ ਕੱਤੀ ਨਹੀਂ ਗਈ, ਤਾਣਾ ਗੱਠਣ ਨੂੰ ਪਿਆ ਹੈ, ਚਾਦਰਾਂ, ਦਰੀਆਂ, ਖੇਸੀਆਂ ਬਣਨ ਤੋਂ ਹਾਲੇ ਵਾਂਝੀਆਂ ਨੇ | ਉਨ੍ਹਾਂ ਕਿਹਾ ਕਿ ਉਹ ਦਲਿਤ ਸਮਾਜ ਦੇ ਹੱਕਾਂ ਲਈ ਜੋਰਾਵਰ ਹਕੂਮਤਾਂ ਨਾਲ ਹਮੇਸ਼ਾਂ ਲੜਦੇ ਆ ਰਹੇ ਹਨ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਲੋੜ ਪੈਣ 'ਤੇ ਪੰਜਾਬੀ ਵੀ ਉਨ੍ਹਾਂ ਨਾਲ ਚੱਟਾਨ ਵਾਂਗ ਖੜੇ ਹੋਣਗੇ | ਇਸ ਮੌਕੇ ਉਨ੍ਹਾਂ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਅਤੇ ਬੀਤੇ ਸਮੇਂ ਵਿਚ ਜਿਹੜੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਚੇਅਰਮੈਨ ਗੜ੍ਹੀ ਵਲੋਂ ਨਿਪਟਾਰਾ ਕੀਤਾ ਗਿਆ ਸੀ, ਉਹ ਵੀ ਪੁੱਜੇ ਸਨ | ਉਨ੍ਹਾਂ ਆਪਣੇ ਮਸਲਿਆਂ ਦਾ ਹੱਲ ਕਰਨ ਲਈ, ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਹੁਣ ਤੱਕ ਦੇ ਸੱਭ ਤੋਂ ਧਾਕੜ ਚੇਅਰਮੈਨ ਦਾ ਧੰਨਵਾਦ ਕਰਦਿਆਂ ਉਨ੍ਹਾਂ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਵੀ ਕੀਤੀ |