ਲੁਧਿਆਣਾ, 22 ਦਸੰਬਰ (ਜਤਿੰਦਰ ਭੰਬੀ)-ਪੰਜਾਬ ਟੈਂਟ ਡੀਲਰਜ਼ ਵੈਲਫੇਅਰ ਐਸੋਸੀਏਸ਼ਨ ਅਤੇ ਮਾਈਾਡਜ ਮੀਡੀਆ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਵਲੋਂ ਕੁੜੀਆਂ ਦੇ ਸਰਕਾਰੀ ਕਾਲਜ ਵਿਖੇ ਲਗਾਈ ਗਈ ਤਿੰਨ ਰੋਜ਼ਾ ਐਚ.ਐਮ. ਟੈਕਸ ਪ੍ਰਦਰਸ਼ਨੀ ਦੇ ਅਖ਼ੀਰਲੇ ਦਿਨ 20 ਹਜ਼ਾਰ ਦੇ ਕਰੀਬ ਦਰਸ਼ਕਾਂ ਨੇ ਪ੍ਰਦਰਸ਼ਨੀ ਵਿਚ ਹਿੱਸਾ ਲਿਆ | ਵੱਖ-ਵੱਖ ਰਾਜਾਂ ਦੇ ਲਗਭਗ 100 ਪ੍ਰਦਰਸ਼ਕਾਂ ਨੇ ਪ੍ਰਦਰਸ਼ਨੀ ਵਿਚ ਸਟਾਲ ਲਗਾਏ | ਹਜ਼ਾਰਾਂ ਦਰਸ਼ਕਾਂ ਨੇ ਇਕ ਪਲੇਟਫਾਰਮ 'ਤੇ ਟੈਂਟ ਸਜਾਵਟ, ਕੇਟਰਿੰਗ ਅਤੇ ਪ੍ਰਾਹੁਣਚਾਰੀ, ਰੌਸ਼ਨੀ ਅਤੇ ਆਵਾਜ਼ ਅਤੇ ਸੰਬੰਧਿਤ ਉਦਯੋਗਾਂ ਵਿਚ ਨਵੀਨਤਮ ਤਕਨਾਲੋਜੀਆਂ, ਉਤਪਾਦਾਂ ਅਤੇ ਸੇਵਾਵਾਂ ਦੀ ਪੜਚੋਲ ਕੀਤੀ | ਤਿੰਨ ਰੋਜ਼ਾ ਐਚ.ਐਮ. ਟੈਕਸ ਪ੍ਰਦਰਸ਼ਨੀ ਦੇ ਆਖਰੀ ਦਿਨ ਸਾਬਕਾ ਵਿਧਾਇਕ ਸੁਰਿੰਦਰ ਡਾਬਰ, ਭਾਜਪਾ ਪੰਜਾਬ ਦੇ ਬੁਲਾਰੇ ਗੁਰਦੀਪ ਸਿੰਘ ਗੋਸ਼ਾ ਅਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ, ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਮੱਲੀ, ਨਗਰ ਨਿਗਮ ਜੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਅਤੇ ਹੋਰ ਪਤਵੰਤੇ ਹਾਜਰ ਸਨ | ਪੰਜਾਬ ਟੈਂਟ ਡੀਲਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਐਸ.ਐਸ. ਮੱਕੜ, ਜਨਰਲ ਸਕੱਤਰ ਸ਼ਿਵ ਸ਼ੰਕਰ ਰਾਏ, ਮਾਈਾਡਸ ਮੀਡੀਆ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਬੀ.ਐਸ. ਰਾਣਾ, ਇੰਦਰਾ ਢੀਂਗਰਾ, ਰਾਕੇਸ਼ ਸਿੰਘ ਸਾਰੇ ਪ੍ਰਦਰਸ਼ਕਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੇ ਪੰਜਾਬ ਟੈਂਟ ਡੀਲਰਜ ਵੈਲਫੇਅਰ ਐਸੋਸੀਏਸ਼ਨ ਅਤੇ ਮਾਈਾਡਜ ਮੀਡੀਆ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪ੍ਰਦਰਸ਼ਨੀ ਨੇ ਛੋਟੇ ਅਤੇ ਦਰਮਿਆਨੇ ਉੱਦਮੀਆਂ ਨੂੰ ਵਿਸ਼ਾਲ ਬਾਜ਼ਾਰਾਂ ਤੱਕ ਪਹੁੰਚ ਪ੍ਰਦਾਨ ਕੀਤੀ ਹੈ | ਪ੍ਰਧਾਨ ਐਸ.ਐਸ. ਮੱਕੜ ਅਤੇ ਜਨਰਲ ਸਕੱਤਰ ਸ਼ਿਵ ਸ਼ੰਕਰ ਰਾਏ ਨੇ ਤਿੰਨ ਦਿਨਾਂ ਐਚ.ਐਮ. ਟੈਕਸ ਪ੍ਰਦਰਸ਼ਨੀ ਦੀ ਸਫ਼ਲਤਾ ਦਾ ਸਿਹਰਾ ਐਸੋਸੀਏਸਨ ਦੇ ਸਮੂਹ ਮੈਂਬਰਾਂ ਅਤੇ ਮਾਈਾਡਸ ਮੀਡੀਆ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਨੂੰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਅਣਥੱਕ ਯਤਨਾਂ ਨੇ ਉਦਯੋਗ ਦੇ ਮੈਂਬਰਾਂ ਵਿਚ ਨੈੱਟਵਰਕਿੰਗ ਅਤੇ ਗਿਆਨ ਸਾਂਝਾ ਕਰਨ ਦੇ ਮੌਕੇ ਪ੍ਰਦਾਨ ਕੀਤੇ ਹਨ | ਉਨ੍ਹਾਂ ਕਿਹਾ ਕਿ ਉਹ ਅਜਿਹੀਆਂ ਪ੍ਰਦਰਸ਼ਨੀਆਂ ਅਤੇ ਫਰਮਾਂ ਰਾਹੀਂ ਇਸ ਕਾਰੋਬਾਰ ਨੂੰ ਉਤਸ਼ਾਹਿਤ ਕਰਦੇ ਰਹਿਣ ਦੀ ਉਮੀਦ ਕਰਦੇ ਹਨ | ਮਾਈਾਡਜ ਮੀਡੀਆ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਬੀ.ਐਸ. ਰਾਣਾ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਪੰਜਾਬ ਅਤੇ ਦੇਸ਼ ਭਰ ਦੇ ਮੈਰਿਜ ਪੈਲੇਸਾਂ ਅਤੇ ਟੈਂਟਾਂ ਨੂੰ ਆਕਰਸ਼ਿਤ ਕਰੇਗੀ | ਪ੍ਰਦਰਸ਼ਨੀ 'ਚ ਸਟਾਲ ਲਗਾਉਣ ਵਾਲੇ 100 ਤੋਂ ਵੱਧ ਪ੍ਰਦਰਸਕਾਂ ਨੂੰ ਵੱਡੇ ਆਰਡਰ ਮਿਲੇ |