ਨੌਸ਼ਹਿਰਾ ਪੱਤਣ, 24 ਦਸੰਬਰ (ਗੁਰਜੀਤ ਸਿੰਘ ਭੰਮਰਾ)- ਰਾਣੀ ਲਕਸ਼ਮੀ ਆਤਮ-ਰਕਸ਼ਾ ਪ੍ਰਸ਼ਿਕਸ਼ਨ ਸਕੀਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਰਾਮ ਸਹਾਇ ਵਿਖੇ ਕਰਵਾਏ ਗਏ ਕਰਾਟੇ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਸਾ ਕਲੋਤਾ ਦੀਆਂ ਛੇ ਵਿਦਿਆਰਥਣਾਂ ਜਿਨ੍ਹਾਂ ਵਿਚ ਸਿਮਰਜੀਤ ਕੌਰ, ਰਾਧਿਕਾ, ਨੀਤੂ, ਮਨਪ੍ਰੀਤ ਕੌਰ, ਮਾਹੀ ਅਤੇ ਰਮਨਦੀਪ ਕੌਰ ਨੇ ਸੋਨੇ ਦਾ ਤਗਮਾ ਹਾਸਿਲ ਕੀਤਾ | ਇਸ ਦੌਰਾਨ ਵਿਦਿਆਰਥਣ ਸਨਾ ਤੇ ਮਨਪ੍ਰੀਤ ਕੌਰ ਨੇ ਕਾਂਸੇ ਦਾ ਤਗਮਾ ਹਾਸਲ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ | ਜ਼ਿਲ੍ਹਾ ਪੱਧਰ 'ਤੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿਚ ਨੀਤੂ ਨੇ ਚਾਂਦੀ ਦਾ ਤਗਮਾ ਅਤੇ ਸਿਮਰਜੀਤ ਕੌਰ ਨੇ ਕਾਂਸੇ ਦਾ ਤਗਮਾ ਪ੍ਰਾਪਤ ਕੀਤਾ | ਸਕੂਲ ਦੇ ਪਿ੍ੰਸੀਪਲ ਬਰਿੰਦਰ ਕੁਮਾਰ ਭੱਟੀ ਨੇ ਸਕੂਲ ਦੇ ਡੀ.ਪੀ.ਈ. ਇਕਬਾਲ ਸਿੰਘ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ |