ਹਠੂਰ, 5 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਬਰਨਾਲਾ, ਵਾਇਆ ਹਠੂਰ ਤੋਂ ਜਗਰਾਉਂ ਨੂੰ ਚੱਲਦੀਆਂ ਮਿੰਨੀ ਬੱਸਾਂ ਵਾਲਿਆਂ ਵਲੋਂ ਅੱਜ ਸਵੇਰੇ ਤੋਂ ਹੀ ਬੱਸਾਂ ਦਾ ਚੱਕਾ ਜ਼ਾਮ ਕਰ ਦਿੱਤਾ ਗਿਆ | ਇਸ ਦੇ ਨਾਲ ਹੀ ਉਨ੍ਹਾਂ ਵਲੋਂ ਦੂਜੀਆਂ ਬੱਸਾਂ ਨੂੰ ਵੀ ਚੱਲਣ ਨਹੀਂ ਦਿੱਤਾ | ਜਿਸ ਕਰਕੇ ਉਕਤ ਰੂਟ ਦੇ ਪਿੰਡਾਂ ਦੀਆਂ ਸਵਾਰੀਆਂ ਅੱਜ ਸਾਰੀ ਦਿਹਾੜੀ ਖੱਜ਼ਲ-ਖੁਆਰ ਹੁੰਦੀਆਂ ਰਹੀਆਂ | ਅੱਜ ਹਠੂਰ ਦੇ ਮੁੱਖ ਬੱਸ ਅੱਡੇ ਵਿਖੇ ਇਕੱਤਰ ਤਕਰੀਬਨ 15 ਮਿੰਨੀ ਬੱਸ ਜੱਸਾ ਆਹਲੂਵਾਲੀਆ ਬੱਸ ਸਰਵਿਸ ਬਰਨਾਲਾ, ਗੁਰਚਰਨ ਸਿੰਘ ਬੀਹਲਾ ਬੱਸ ਸਰਵਿਸ ਬਰਨਾਲਾ, ਬਲਵਿੰਦਰ ਸਿੰਘ ਬੀ.ਐੱਲ.ਬੱਸ ਸਰਵਿਸ ਬਰਨਾਲਾ, ਦੀਪ ਬਰਾੜ ਬੱਸ ਸਰਵਿਸ ਜਗਰਾਉਂ, ਜਰਨੈਲ ਸਿੰਘ ਬਰਾੜ ਬੱਸ ਸਰਵਿਸ ਜਗਰਾਉਂ, ਹਰਦੀਪ ਸਿੰਘ ਬਾਠ ਬੱਸ ਸਰਵਿਸ ਜਗਰਾਉਂ, ਪ੍ਰਧਾਨ ਗੁਰਮੀਤ ਸਿੰਘ ਫਤਹਿ ਬੱਸ ਸਰਵਿਸ, ਹਰਜੀਤ ਸਿੰਘ, ਜਸਵਿੰਦਰ ਸਿੰਘ ਭੁੱਲਰ ਬੱਸ ਸਰਵਿਸ ਭਦੌੜ, ਸੁਖਦੀਪ ਸਿੰਘ ਖਹਿਰਾ ਬੱਸ ਸਰਵਿਸ ਜਗਰਾਉਂ, ਨੀਲੋਂ ਬੱਸ ਸਰਵਿਸ ਲੁਧਿਆਣਾ, ਜੀਤ ਚਕਰ ਬਾਠ ਬੱਸ ਸਰਵਿਸ, ਅੰਮਿ੍ਤ ਸਿੰਘ ਬਾਠ ਬੱਸ ਸਰਵਿਸ ਆਦਿ ਟਰਾਂਸਪੋਰਟਾਂ ਦੇ ਮਾਲਕਾਂ, ਡਰਾਇਵਰਾਂ ਤੇ ਕੰਡਕਟਰਾਂ ਨੇ ਇਸ ਮੌਕੇ ਰੋਸ ਵਿਖਾਵਾ ਕਰਦਿਆਂ 'ਅਜੀਤ' ਨੂੰ ਵਿਸ਼ੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀਆਂ ਬੱਸਾਂ ਹਠੂਰ ਤੋਂ ਜਗਰਾਉਂ ਅਤੇ ਬਰਨਾਲਾ ਨੂੰ ਪਿਛਲੇ ਲੰਮੇ ਸਮੇਂ ਤੋਂ ਚੱਲਦੀਆਂ ਹਨ ਅਤੇ ਇਸੇ ਤੇ ਉਨ੍ਹਾਂ ਦੇ ਅਤੇ ਡਰਾਈਵਰ, ਕੰਡਕਟਰਾਂ ਦਾ ਰੁਜ਼ਗਾਰ ਚੱਲਦਾ ਹੈ, ਪਰ ਬੀਤੀ ਕੱਲ੍ਹ ਤੋਂ ਆਰ.ਟੀ.ਓ. ਪਟਿਆਲਾ ਅਤੇ ਟੀ.ਟੀ.ਆਈ ਨੇ ਉਕਤ ਰੂਟ ਦਾ ਨਵਾਂ ਟਾਇਮ ਟੇਬਲ ਬਣਾ ਕੇ ਚਾਲੂ ਕਰ ਦਿੱਤਾ ਹੈ, ਜਿਸ ਨਾਲ ਉਨ੍ਹਾਂ ਦੀਆਂ 10 ਬੱਸਾਂ ਬੰਦ ਹੋ ਜਾਣਗੀਆਂ ਕੇਵਲ 5 ਬੱਸਾਂ ਹੀ ਚੱਲਣਗੀਆਂ | ਉਨ੍ਹਾਂ ਨੇ ਆਰ.ਟੀ.ਓ. ਪਟਿਆਲਾ ਅਤੇ ਟੀ.ਟੀ.ਆਈ. ਦੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਇਹ ਨਵਾ ਸਮਾਂ-ਸਾਰਨੀ ਆਪਣੇ ਚਹੇਤਿਆਂ ਨੂੰ ਲਾਭ ਦੇਣ ਲਈ ਤਿਆਰ ਕੀਤਾ ਹੈ ਅਤੇ ਇਸ ਦੌਰਾਨ ਉਨ੍ਹਾਂ ਨੇ ਨਵੀਆਂ ਟਰਾਂਸਪੋਰਟਾਂ ਦੀਆਂ ਤਿੰਨ ਬੱਸਾਂ ਦੇ ਰੂਟ ਸ਼ਾਮਿਲ ਕਰ ਦਿੱਤਾ ਹਨ | ਉਨ੍ਹਾਂ ਦੋਸ਼ ਲਾਇਆ ਕਿ ਇਸ ਸਬੰਧੀ ਉਨ੍ਹਾਂ ਨਾਲ ਕੋਈ ਸਲਾਹ ਮਸ਼ਬਰਾ ਨਹੀਂ ਕੀਤਾ ਗਿਆ, ਸਗੋਂ ਉਨ੍ਹਾਂ ਵਲੋਂ ਲਾਏ ਇਤਰਾਜ਼ 'ਤੇ ਵੀ ਗੌਰ ਕਰਨ ਤੋਂ ਮਨ੍ਹਾਂ ਕਰ ਦਿੱਤਾ | ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਦੇ 20 ਕੰਡਕਟਰ/ਡਰਾਇਵਰ ਵਿਹਲੇ ਹੋ ਜਾਣਗੇ ਅਤੇ 10 ਬੱਸਾਂ ਬੰਦ ਹੋ ਜਾਣਗੀਆਂ | ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਨਵੇਂ ਟਾਈਮ ਟੇਬਲ ਅਨੁਸਾਰ ਉਨ੍ਹਾਂ ਦੀਆਂ ਬੱਸਾਂ ਨੂੰ ਸਿਰਫ਼ 5-5 ਮਿੰਟ ਦਾ ਸਮਾਂ ਦਿੱਤਾ ਗਿਆ ਹੈ, ਜਦਕਿ ਵੱਡੀਆਂ ਬੱਸਾਂ ਨੂੰ 20-20 ਮਿੰਟ ਦਾ ਸਮਾਂ ਦਿੱਤਾ ਗਿਆ ਹੈ, ਜੋ ਕਿ ਉਨ੍ਹਾਂ ਨਾਲ ਸਰਾਸਰ ਧੱਕਾ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਲੋਕਾਂ ਨੂੰ ਰੁਜ਼ਗਾਰ ਦੇਣ ਤੋਂ ਅਸਮੱਰਥ ਹੈ, ਪਰ ਦੂਜੇ ਪਾਸੇ ਜੋ ਆਪਣਾ ਰੁਜ਼ਗਾਰ ਚਲਾ ਰਹੇ ਹਨ | ਉਨ੍ਹਾਂ ਦਾ ਰੁਜ਼ਗਾਰ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਉਹ ਟੈਕਸ ਭਰਦੇ ਆ ਰਹੇ ਹਨ ਅਤੇ ਬੱਸਾਂ ਦੇ ਸਾਰੇ ਕਾਗਜ਼ ਹਨ | ਉਨ੍ਹਾਂ ਸ਼ੱਕ ਜ਼ਾਹਿਰ ਕਰਦਿਆਂ ਕਿਹਾ ਕਿ ਜਿਹੜੇ ਨਵੇਂ ਰੂਟ ਪਾਏ ਗਏ ਹਨ | ਉਨ੍ਹਾਂ ਦੇ ਬੱਸ ਕਾਗਜ਼ ਤੇ ਟੈਕਸ ਦੇ ਕਾਗਜ਼ ਚੈੱਕ ਕੀਤੇ ਜਾਣ | ਉਨ੍ਹਾਂ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਆਮ ਲੋਕਾਂ ਦੀ ਸਰਕਾਰ ਲੋਕਾਂ ਨੇ ਚੁਣੀ ਸੀ, ਪਰ ਇਸ ਸਰਕਾਰ ਵਿਚ ਵੀ ਕੁਝ ਅਫ਼ਸਰਾਂ ਵਲੋਂ ਆਪਣੇ ਚਹੇਤੇ ਖਾਸ ਲੋਕਾਂ ਨੂੰ ਲਾਭ ਦੇਣ ਦੇ ਚੱਕਰ ਵਿਚ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਤੁਰੰਤ ਦਖ਼ਲ ਦੇ ਕੇ ਉਨ੍ਹਾਂ ਨੂੰ ਇਨਸਾਫ਼ ਦੇਣ | ਇਸ ਮੌਕੇ ਠੇਕੇਦਾਰ ਲਖਵੀਰ ਸਿੰਘ ਲੱਖਾ, ਹਰਬੰਸ ਸਿੰਘ, ਠੇਕੇਦਾਰ ਸਿਮਰ ਸਿੰਘ ਜਗਰਾਉਂ, ਗੁਰਜੰਟ ਸਿੰਘ ਅੱਡਾ ਇੰਚਾਰਜ ਆਦਿ ਵੀ ਹਾਜ਼ਰ ਸਨ |