ਜਗਰਾਉਂ, 5 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਖ਼ੂਨ ਦੇ ਰਿਸ਼ਤਿਆਂ ਵਿਚ ਜਾਇਦਾਦ ਦੀਆਂ ਰਜਿਸਟਰੀਆਂ ਮੁਫ਼ਤ ਲਿਖਣ ਲਈ ਇਥੇ ਮਾਸਟਰ ਤਾਰਾ ਚੰਦ ਯਾਦਗਾਰੀ ਫਾਰਮਰ ਲੀਗਲ ਏਡ ਸੁਸਾਇਟੀ ਦਾ ਗਠਨ ਕੀਤਾ | ਸਰਬਸੰਮਤੀ ਨਾਲ ਗੁਰਮੀਤ ਨੱਤ ਨੂੰ ਪ੍ਰਧਾਨ ਚੁਣਿਆ ਗਿਆ ਤੇ ਬਾਕੀ ਕਾਰਜਕਾਰਨੀ ਦੇ ਅਧਿਕਾਰ ਉਨ੍ਹਾਂ ਨੂੰ ਦਿੱਤੇ ਗਏ | ਗੁਰਮੀਤ ਨੱਤ ਨੇ ਜਾਰੀ ਪ੍ਰੈੱਸ ਬਿਆਨ 'ਚ ਦੱਸਿਆ ਕਿ ਜਗਰਾਉਂ, ਸਿੱਧਵਾਂ ਬੇਟ ਤੇ ਰਾਏਕੋਟ ਨੂੰ ਪਹਿਲੇ ਪੜਾਅ ਵਿਚ ਸ਼ਾਮਿਲ ਕੀਤਾ ਗਿਆ ਹੈ, ਉਥੇ ਕੋਈ ਵੀ ਵਿਅਕਤੀ ਮੁਫ਼ਤ 'ਚ ਤਬਦੀਲ ਮਲਕੀਅਤ (ਖ਼ੂਨ ਦੇ ਰਿਸ਼ਤੇ ਵਿਚ ਰਜਿਸਟਰੀ) ਸੁਸਾਇਟੀ ਦੇ ਵਲੰਟੀਅਰਾਂ ਨੂੰ ਮਿਲ ਕੇ ਲਿਖਵਾ ਸਕਦਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਸੀਕਾ ਨਵੀਸ ਨੇ ਤਬਦੀਲ ਮਲਕੀਅਤ ਦੀ ਰਜਿਸਟਰੀ ਦੀ 2800 ਰੁਪਏ ਤੋਂ ਵੱਧ ਫੀਸ ਵਸੂਲੀ ਹੈ ਤਾਂ ਉਹ 15 ਸਤੰਬਰ ਤੱਕ ਇਕ ਹਲਫ਼ੀਆ ਬਿਆਨ ਬਣਾ ਕੇ ਸੁਸਾਇਟੀ ਨੂੰ ਦੇਣ ਤਾਂ ਕਿ ਉਨ੍ਹਾਂ ਵਿਰੁੱਧ ਕਰਵਾਈ ਕੀਤੀ ਜਾ ਸਕੇ | ਉਨ੍ਹਾਂ ਆਖਿਆ ਕਿ ਪਟਵਾਰੀਆਂ ਵਲੋਂ ਰੱਖੇ ਕੱਚੇ ਕਰਿੰਦਿਆਂ ਦੀ ਛੁੱਟੀ ਕਰਵਾਉਣ ਲਈ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ, ਉਥੇ ਰਿਸ਼ਵਤ ਵਸੂਲਣ ਵਾਲਿਆਂ ਵਿਰੁੱਧ ਕਾਰਵਾਈ ਲਈ ਜੱਦੋ ਜਹਿਦ ਕੀਤੀ ਜਾਵੇਗੀ | ਉਨ੍ਹਾਂ ਸਪੱਸ਼ਟ ਕੀਤਾ ਕਿ ਸੁਸਾਇਟੀ ਦਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੋਵੇਗਾ ਪਰ ਸਾਫ਼ ਸੁਥਰੇ ਸਮਾਜ ਦੀ ਉਸਾਰੀ ਲਈ ਤਤਪਰ ਲੋਕਾਂ ਨੂੰ ਇਸ ਦਾ ਹਿੱਸਾ ਬਣਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਹਫ਼ਤੇ 'ਚ ਇਕ ਦਿਨ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਲਾਹ ਦੇਣ ਲਈ ਨਾਮੀ ਵਕੀਲ ਆਪਣੀਆਂ ਸੇਵਾਵਾਂ ਦੇਣਗੇ |