ਸਿੱਧਵਾਂ ਬੇਟ, 24 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਵਿਖੇ ਆਪਣਾ ਪੰਜਾਬ ਫਾਊਾਡੇਸ਼ਨ ਅਤੇ ਫੈੱਡਰੇਸ਼ਨ ਆਫ਼ ਪ੍ਰਾਈਵੇਟ ਸਕਲੂਜ਼ ਐਂਡ ਐਸੋਸੀਏਸ਼ਨ ਆਫ ਪੰਜਾਬ ਦੇ ਸੱਦੇ 'ਤੇ ਬਾਬਾ ਫ਼ਰੀਦ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ ਪਹਿਲਾ ਵਿਸ਼ਵ ਪੰਜਾਬੀ ਦਿਵਸ ਮਨਾਇਆ ਗਿਆ | ਇਸ ਵਿਸ਼ੇਸ਼ ਦਿਵਸ ਦੇ ਸੰਬੰਧ ਵਿਚ ਸਕੂਲ ਦੇ ਵਿਦਿਆਰਥੀਆਂ ਦੀਆਂ ਪੰਜਾਬੀ ਲਿਖਤ, ਕਵਿਤਾ ਉਚਾਰਨ, ਗੀਤ, ਭਾਸ਼ਣ, ਸ਼ਬਦ ਜੋੜ ਆਦਿ ਗਤੀਵਿਧੀਆਂ ਕਰਵਾਈਆਂ ਗਈਆ | ਇਸ ਮੌਕੇ ਸਕੂਲ ਇੰਚਾਰਜ ਮੈਡਮ ਕੰਚਨ ਰਾਣੀ ਨੇ ਦੱਸਿਆ ਕਿ ਬਾਬਾ ਫ਼ਰੀਦ ਜੀ ਨੇ ਪੰਜਾਬੀ ਸਾਹਿਤ ਵਿਚ ਸਲੋਕਾਂ ਤੇ ਸ਼ਬਦਾਂ ਦੀ ਰਚਨਾ ਕਰਕੇ ਸਭ ਤੋਂ ਵਡਮੁੱਲਾ ਯੋਗਦਾਨ ਪਾਇਆ ਹੈ, ਉਨ੍ਹਾਂ ਦੀ ਪੰਜਾਬੀ ਭਾਸ਼ਾ ਨੂੰ ਇਸ ਵਡਮੁੱਲੀ ਦੇਣ 'ਤੇ ਉਨ੍ਹਾਂ ਦੇ ਆਗਮਨ ਦਿਵਸ ਨੂੰ ਵਿਸ਼ਵ ਪੰਜਾਬੀ ਦਿਵਸ ਵਜੋਂ ਮਨਾਉਣ ਲਈ ਫੈੱਡਰੇਸ਼ਨ ਆਫ਼ ਪ੍ਰਾਈਵੇਟ ਸਕਲੂਜ਼ ਐਂਡ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਦਾ ਇਹ ਇਕ ਇਤਿਹਾਸਿਕ ਫ਼ੈਸਲਾ ਹੈ, ਜਿਸ ਦਾ ਅਸੀਂ ਸਵਾਗਤ ਕਰਦੇ ਹਾਂ | ਇਸ ਵਿਸ਼ੇਸ਼ ਪੰਜਾਬੀ ਦਿਵਸ ਮਨਾਉਣ ਨਾਲ ਪੰਜਾਬੀ ਭਾਸ਼ਾ ਨੂੰ ਵਿਸ਼ਵ ਦੀਆਂ ਦੂਜੀਆਂ ਭਾਸ਼ਾਵਾਂ ਵਿਚ ਵੱਖਰੀ ਪਹਿਚਾਣ ਬਣੇਗੀ | ਇਸ ਮੌਕੇ ਸਕੂਲ ਦੇ ਚੇਅਰਮੈਨ ਭੁਪਿੰਦਰ ਗੁਪਤਾ, ਡਾਇਰੈਕਟਰ ਕਮਲੇਸ਼ ਗੁਪਤਾ, ਤੇਜਿੰਦਰ ਗੁਪਤਾ ਅਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ |