ਭੂੰਦੜੀ, 3 ਨਵੰਬਰ (ਕੁਲਦੀਪ ਸਿੰਘ ਮਾਨ)-ਸੇਂਟ ਜੇਵੀਅਰ ਕਾਨਵੈਂਟ ਸਕੂਲ ਕੀੜੀ (ਸਿੱਧਵਾਂ ਬੇਟ) ਵਿਖੇ ਲੁਧਿਆਣਾ ਸਹੋਦਿਆ ਕੰਪਲੈਕਸ (ਉੱਤਰੀ) ਵਲੋਂ ਆਯੋਜਿਤ ਦੋ ਰੋਜ਼ਾ ਸਾਲਾਨਾ ਵਾਲੀਬਾਲ ਖੇਡ ਟੂਰਨਾਮੈਂਟ 3 ਨਵੰਬਰ ਅਤੇ 4 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਵੱਖ-ਵੱਖ ਸਕੂਲਾਂ ਨੇ ਭਾਗ ਲਿਆ | ਜਿਸ ਦਾ ਉਦਾਘਟਨ ਮੁੱਖ ਮਹਿਮਾਨ ਸ. ਪ੍ਰਗਟ ਸਿੰਘ ਸੰਘਾ (ਚੇਅਰਮੈਨ), ਸ. ਇੰਦਰਜੀਤ ਸਿੰਘ ਸੰਘਾ (ਸਕੱਤਰ), ਮਨਦੀਪ ਸਿੰਘ ਢੱਟ (ਜਨਰਲ ਸੈਕਟਰੀ, ਐੱਮ.ਡੀ.) ਵਲੋਂ ਕਰਨ ਤੋਂ ਬਾਅਦ ਟੂਰਨਾਮੈਂਟ ਨੂੰ ਸ਼ੁਰੂ ਕਰਨ ਦਾ ਐਲਾਨ ਕਰਦੇ ਹੋਏ ਪਿ੍ੰਸੀਪਲ ਮੈਡਮ ਸ੍ਰੀਮਤੀ ਜਸਵੰਤ ਕੌਰ ਢੱਟ ਨੇ ਵਿਦਿਆਰਥੀਆਂ ਨੂੰ ਸਮਾਗਮ ਵਿਚ ਵੱਧ-ਚੜ੍ਹਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਟੂਰਨਾਮੈਂਟ ਵਿਚ ਪਹਿਲੇ ਦਿਨ ਅੰਡਰ-17 ਲੜਕਿਆਂ ਦੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਗਏ | ਜਿਸ ਵਿਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਕ੍ਰਮਵਾਰ ਸੱਤਿਆ ਭਾਰਤੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਪਹਿਲੇ ਸਥਾਨ, ਸੇਂਟ ਜੇਵੀਅਰ ਕਾਨਵੈਂਟ ਸਕੂਲ ਕੀੜੀ ਦੂਜੇ ਸਥਾਨ ਅਤੇ ਰੂਪ ਵਾਟਿਕਾ ਸਕੂਲ ਜਗਰਾਉਂ ਤੀਜੇ ਸਥਾਨ 'ਤੇ ਰਹੇ | ਖਿਡਾਰੀਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ | ਅਖੀਰ ਤੱਕ ਸਾਰੀਆਂ ਟੀਮਾਂ ਵਿਚਕਾਰ ਫ਼ਸਵਾਂ ਮੁਕਾਬਲਾ ਹੋਇਆ | ਮੁੱਖ ਮਹਿਮਾਨ ਸ. ਪ੍ਰਗਟ ਸਿੰਘ ਸੰਘਾ, ਇੰਦਰਜੀਤ ਸਿੰਘ ਸੰਘਾ, ਮਨਦੀਪ ਸਿੰਘ ਢੱਟ, ਪਿ੍ੰਸੀਪਲ ਮੈਡਮ ਜਸਵੰਤ ਕੌਰ ਢੱਟ ਤੇ ਵਾਈਸ ਪਿ੍ੰਸੀਪਲ ਸ੍ਰੀ ਪਿ੍ੰਸ ਰੁਪਾਲ ਵਲੋਂ ਅੰਡਰ-17 ਵਿਚ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਆਉਣ ਵਾਲੇ ਜੇਤੂਆਂ ਨੂੰ ਟਰਾਫ਼ੀਆਂ, ਮੈਡਲ ਤੇ ਸਰਟੀਫਿਕੇਟ ਦਿੱਤੇ ਗਏ | ਸਕੂਲ ਮੈਨੇਜਮੈਂਟ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਇਸੇ ਤਰ੍ਹਾਂ ਖੇਡਾਂ ਵਿਚ ਆਪਣਾ ਨਾਂਅ ਰੌਸ਼ਨ ਕਰਨ ਦੀ ਪ੍ਰੇਰਨਾ ਦਿੱਤੀ |