ਜਗਰਾਉਂ, 6 ਦਸੰਬਰ (ਗੁਰਦੀਪ ਸਿੰਘ ਮਲਕ)-ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ. ਡਾ: ਅੰਕੁਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੀ.ਐੱਸ.ਪੀ. ਜਸਵਿੰਦਰ ਸਿੰਘ ਢੀਂਡਸਾ ਅਤੇ ਐੱਸ.ਐੱਚ.ਓ. ਸੁਰਜੀਤ ਸਿੰਘ ਦੀ ਟੀਮ ਨੇ ਲੰਘੇ ਦਿਨੀਂ ਪਿੰਡ ਕਾਉਂਕੇ ਕਲਾਂ ਵਿਖੇ ਹੋਈ ਗੈਂਗਵਾਰ ਵਿਚ ਨਾਮਜ਼ਦ ਦੋਸ਼ੀਆਂ ਨੂੰ ਗਿ੍ਫਤਾਰ ਕੀਤਾ ਹੈ | ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸ.ਪੀ. ਰਾਜਨ ਸ਼ਰਮਾ, ਡੀ.ਐੱਸ.ਪੀ. ਜਤਿੰਦਰ ਚੋਪੜਾ ਅਤੇ ਸੀ.ਆਈ.ਏ ਸਟਾਫ਼ ਦੇ ਇੰਚਾਰਜ ਅੰਮਿ੍ਤਪਾਲ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਬੀਤੇ ਦਿਨੀਂ ਦੇਰ ਰਾਤ ਪਿੰਡ ਕਾਉਂਕੇ ਕਲਾਂ ਦੇ ਬਾਬਾ ਰੋਡੂ ਦੀ ਦਰਗਾਹ 'ਤੇ ਵਾਪਰੇ ਗੋਲੀ ਕਾਂਡ 'ਚ ਲਵਕਰਨ ਸਿੰਘ ਪੁੱਤਰ ਹਰਪਾਲ ਸਿੰਘ ਗੋਲੀ ਨਾਲ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਸਿਵਲ ਹਸਪਤਾਲ ਜਗਰਾਉਂ ਦਾਖ਼ਲ ਕਰਵਾਇਆ, ਜਿਸ ਸਬੰਧੀ ਤੁਰੰਤ ਕਾਰਵਾਈ ਕਰਦਿਆਂ ਐੱਸ.ਐੱਚ.ਓ. ਸੁਰਜੀਤ ਸਿੰਘ ਨੇ ਘਟਨਾ ਦੀ ਜਾਂਚ ਕਰਦਿਆਂ ਲਵਕਰਨ ਸਿੰਘ ਦੇ ਬਿਆਨ 'ਤੇ ਸੋਨੂੰ ਦੌਧਰੀਆ ਵਾਸੀ ਜਗਰਾਉਂ, ਡਿਪਟੀ ਵਾਰਿਸ ਵਾਸੀ ਚੁੰਗੀ ਨੰਬਰ 05 ਜਗਰਾਉਂ ਅਤੇ ਰਣਜੀਤਾ ਵਾਸੀ ਕਾਉਂਕੇ ਕਲਾ ਖ਼ਿਲਾਫ਼ ਥਾਣਾ ਸਦਰ ਜਗਰਾਉਂ ਵਿਖੇ ਮਾਮਲਾ ਦਰਜ ਕੀਤਾ | ਤਫਤੀਸ਼ ਦੌਰਾਨ ਮੁਕੱਦਮੇ ਦੇ ਦੋਸ਼ੀ ਸੋਨੂੰ ਦੌਧਰੀਆ ਉਰਫ਼ ਕੀਨੀਆ ਪੁੱਤਰ ਬਿੰਦਰ ਸਿੰਘ ਵਾਸੀ ਅਗਵਾੜ ਖੁਆਜਾ ਬਾਜੂ ਜਗਰਾਉਂ ਥਾਣਾ ਸਿਟੀ ਜਗਰਾਉ ਜਿਲਾ ਲੁਧਿਆਣਾ ਨੂੰ ਨਾਨਕਸਰ ਰੋਡ ਪੁਲ ਸੂਆ ਬਾਹੱਦ ਪਿੰਡ ਕਾਉਂਕੇ ਕਲਾ ਤੋਂ ਗਿ੍ਫ਼ਤਾਰ ਕਰਕੇ ਉਸ ਪਾਸੋਂ ਨਾਜਾਇਜ਼ ਦੇਸੀ ਪਿਸਤੌਲ 32 ਬੋਰ ਸਮੇਤ ਮੈਗਜ਼ੀਨ ਅਤੇ ਇਕ ਖਾਲੀ ਖੋਲ ਤੇ ਰੌਂਦ ਜਿੰਦਾ ਬਰਾਮਦ ਕੀਤਾ ਗਿਆ |