ਰਾਏਕੋਟ, 17 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਰਾਏਕੋਟ ਅਧੀਨ ਪੈਂਦੇ ਬਲਾਕ ਸੰਮਤੀ ਰਾਏਕੋਟ ਦੇ ਚੋਣ ਨਤੀਜਿਆਂ ਵਿਚ ਜਿੱਥੇ ਕਾਂਗਰਸ ਪਾਰਟੀ ਅੱਗੇ ਜਾ ਰਹੀ ਸੀ ਤਾਂ ਉੱਥੇ 2 ਬਲਾਕ ਸੰਮਤੀ ਜ਼ੋਨਾਂ ਵਿਚ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਅਤੇ ਪ੍ਰਸ਼ਾਸਨ 'ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾਉਂਦੇ ਹੋਏ ਇੰਨ੍ਹਾਂ ਦੋਵਾਂ ਜ਼ੋਨਾਂ ਦੀ ਗਿਣਤੀ ਦੁਬਾਰਾ ਕਰਨ ਦੀ ਗੱਲ ਕੀਤੀ ਹੈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੈਂਬਰ ਪਾਰਲੀਮੈਂਟ ਡਾ: ਅਮਰ ਸਿੰਘ ਦੇ ਦਫ਼ਤਰ ਇੰਚਾਰਜ ਸੁਖਪਾਲ ਸਿੰਘ ਗੋਂਦਵਾਲ ਨੇ ਦੋਸ਼ ਲਗਾਇਆ ਕਿ ਜਿੱਥੇ ਜ਼ੋਨ ਡਾਂਗੋਂ ਵਿਚ ਪ੍ਰਸ਼ਾਸਨ ਵੱਲੋਂ ਆਮ ਆਦਮੀ ਦੇ ਹੱਕ ਵਿਚ ਘਪਲੇਬਾਜ਼ੀ ਕਰਦੇ ਹੋਏ ਉਨ੍ਹਾਂ ਦੇ ਉਮੀਦਵਾਰ ਸੁਰਜੀਤ ਸਿੰਘ ਨੂੰ 2 ਵੋਟਾਂ ਨਾਲ ਹਰਾ ਦਿੱਤਾ ਗਿਆ ਹੈ ਅਤੇ ਨਤੀਜਾ ਨਹੀਂ ਐਲਾਨਿਆ ਜਾ ਰਿਹਾ ਹੈ, ਉੱਥੇ ਇਸੇ ਤਰ੍ਹਾਂ ਜ਼ੋਨ ਜੌਹਲਾਂ ਵਿਚ ਕਾਂਗਰਸੀ ਉਮੀਦਵਾਰ ਸੰਦੀਪ ਸਿੰਘ ਨੂੰ 7 ਵੋਟਾਂ ਨਾਲ ਧੱਕੇਸ਼ਾਹੀ ਨਾਲ ਹਰਾ ਦਿੱਤਾ ਹੈ | ਕਾਂਗਰਸੀ ਆਗੂਆਂ ਨੇ ਦੋਸ਼ ਲਗਾਇਆ ਕਿ ਵੋਟਾਂ ਦੀ ਗਿਣਤੀ ਵਿਚ ਵੱਡੇ ਪੱਧਰ 'ਤੇ ਗੜਬੜ ਕੀਤੀ ਜਾ ਰਹੀ ਹੈ ਅਤੇ ਜੋ ਵੋਟਾਂ ਦੀਆਂ ਗੱਠੀਆਂ ਬਣਾਈਆਂ ਜਾ ਰਹੀਆਂ ਹਨ ਉਸ ਵਿਚ ਧਾਂਦਲੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਐੱਸ.ਡੀ.ਐੱਮ. ਨੂੰ ਰੀਚੈਕਿੰਗ ਲਈ ਕਿਹਾ ਗਿਆ ਪ੍ਰੰਤੂ ਕੋਈ ਸੁਣਵਾਈ ਨਹੀਂ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਸੁਣਵਾਈ ਨਾ ਕੀਤੀ ਤਾਂ ਉਹ ਧਰਨਾ ਲਗਾਉਣ ਲਈ ਮਜ਼ਬੂਰ ਹੋਣਗੇ |