ਰਾਏਕੋਟ, 24 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਵਿਧਾਨ ਸਭਾ ਹਲਕਾ ਰਾਏਕੋਟ, ਜੋ ਹਮੇਸ਼ਾਂ ਅਕਾਲੀ ਪੱਖੀ ਰਿਹਾ ਹੈ, ਜਿੱਥੇ ਕੁਝ ਸਾਲਾਂ ਤੋਂ ਵਿਰੋਧੀ ਧਿਰ ਦੇ ਵਿਧਾਇਕ ਚੁਣੇ ਜਾਣ ਕਰਕੇ ਲੋਕ ਨਿਰਾਸ਼ਾ ਵਿਚ ਚੱਲ ਰਹੇ ਸਨ, ਪ੍ਰੰਤੂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਵਲੋਂ ਨਿਭਾਏ ਗਏ ਮੋਹਰੀ ਰੋਲ ਸਦਕਾ ਵਿਧਾਨ ਸਭਾ ਹਲਕਾ ਰਾਏਕੋਟ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਲਹਿਰ ਬਣਨ ਲੱਗੀ, ਜਿਸ ਕਰਕੇ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਬਾਗੋ-ਬਾਗ ਹੋਏ ਨਜ਼ਰ ਆ ਰਹੇ ਹਨ | ਦੱਸਣਯੋਗ ਹੈ ਕਿ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਭੁਗਤੀ ਵੋਟ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਚੰਗੀ ਪਕੜ ਨਾਲ ਚੋਣ ਵਿਚ ਲੀਡ ਕਰੇਗਾ | ਇਸ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਤੋਂ ਹੀ ਪਕੜ ਨੂੰ ਕਾਇਮ ਰੱਖਣ ਲਈ ਇਲਾਕੇ ਵਿਚ ਪੂਰੀ ਤਰ੍ਹਾਂ ਵਿਚਰਨਾ ਪਵੇਗਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਦੀ ਅਣਥੱਕ ਮਿਹਨਤ ਤੇ ਨਿਮਰਤਾ ਸਦਕਾ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਟਕਸਾਲੀ ਵਰਕਰ ਮੁੜ ਸਰਗਰਮ ਹੋ ਚੁੱਕੇ ਹਨ | ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ਦੇ ਚਿਹਰਿਆਂ 'ਤੇ ਮੁੜ ਰੌਣਕ ਦੇਖਣ ਨੂੰ ਮਿਲ ਰਹੀ ਹੈ |