ਸਿੱਧਵਾਂ ਬੇਟ, 24 ਦਸੰਬਰ (ਜਸਵੰਤ ਸਿੰਘ ਸਲੇਮਪੁਰੀ)-ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਅਤੇ ਲੰਘੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਆਜ਼ਾਦ ਤੌਰ 'ਤੇ ਵੱਡੀ ਜਿੱਤ ਹਾਸਲ ਕਰਨ ਵਾਲੇ ਮਨਪ੍ਰੀਤ ਸਿੰਘ ਇਯਾਲੀ ਨੇ 'ਅਜੀਤ' ਨਾਲ ਗੱਲ ਕਰਦੇ ਹੋਏ ਆਖਿਆ ਕਿ ਉਨ੍ਹਾਂ ਦਾ ਟੀਚਾ ਆਪਣੀ ਸਿਆਸੀ ਤਾਕਤ ਨੂੰ ਵਧਾਉਣ ਦਾ ਨਹੀਂ ਸਗੋਂ ਪੂਰੇ ਪੰਥ ਨੂੰ ਸਿਰਫ਼ ਇਕ ਮਾਲਾ ਵਿਚ ਪਰੋਨ ਦਾ ਹੈ ਅਤੇ ਮੈਨੂੰ ਉਮੀਦ ਹੈ ਕਿ ਮੈਂ ਇਸ ਮਿਸ਼ਨ ਵਿਚ ਕਾਮਯਾਬ ਹੋ ਜਾਵਾਂਗਾ | ਉਨ੍ਹਾਂ ਆਖਿਆ ਕਿ ਮੈਂ ਪਿਛਲੇ ਕਈ ਸਾਲਾਂ ਤੋਂ ਪਹਿਲਾਂ ਬਤੌਰ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਫਿਰ ਬਤੌਰ ਵਿਧਾਇਕ ਹੁੰਦੇ ਹੋਏ ਹਲਕਾ ਦਾਖਾ ਦੇ ਵਿਚ ਵਿਕਾਸ ਕਾਰਜਾਂ ਨੂੰ ਬੁਲੰਦੀਆਂ 'ਤੇ ਲੈ ਆਂਦਾ ਅਤੇ ਕਰੀਬ 70 ਪਿੰਡਾਂ ਵਿਚ ਵਿਦੇਸ਼ੀ ਤਰਜ਼ 'ਤੇ ਖੇਡ ਪਾਰਕ ਬਣਾ ਕੇ ਹਲਕੇ ਦਾਖੇ ਦੇ ਮਾਡਲ ਨੂੰ ਹਰ ਵੱਡੇ ਸਿਆਸੀ ਆਗੂ ਦੇ ਦਿਲ ਵਿਚ ਬਿਠਾ ਦਿੱਤਾ | ਜਿਸ ਨੂੰ ਲੈ ਕੇ ਹੀ ਐਤਕੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਵੋਟਰਾਂ ਨੇ ਮੇਰੇ ਧੜੇ ਦੇ ਹਲਕਾ ਦਾਖਾ ਵਿਚ ਪੈਂਦੇ ਤਿੰਨੇ ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਅਤੇ ਬਲਾਕ ਸੰਮਤੀ ਦੇ 25 ਜ਼ੋਨਾਂ ਵਿਚੋਂ 17 ਜ਼ੋਨਾਂ ਤੋਂ ਸ਼ਾਨਦਾਰ ਜਿੱਤ ਦਿਵਾ ਕੇ ਜੋ ਮਾਣ ਬਖਸ਼ਿਆ ਉਸ ਨੂੰ ਸਾਡਾ ਪਰਿਵਾਰ ਕਦੀ ਵੀ ਭੁਲਾਏਗਾ ਨਹੀਂ ਅਤੇ ਅਸੀਂ ਆਪਣੀ ਕਰਮ ਭੂਮੀ ਦੇ ਹਰ ਲੋੜਵੰਦ ਪਰਿਵਾਰਾਂ ਦੇ ਨਾਲ ਪਹਿਲਾਂ ਦੀ ਤਰਾਂ ਖੜ੍ਹੇ ਰਹਾਂਗੇ | ਉਨ੍ਹਾਂ ਆਖਿਆ ਕਿ ਹੁਣ ਮੈਂ ਪੰਥ ਅਤੇ ਪੰਜਾਬ ਦੇ ਭਲੇ ਲਈ ਸੂਬੇ ਭਰ ਵਿਚ ਜਾ ਕੇ ਯਤਨ ਕਰਾਂਗਾ ਤਾਂ ਜੋ ਸਾਰਾ ਪੰਥ ਇੱਕ ਥਾਂ 'ਤੇ ਇਕੱਠਾ ਹੋ ਜਾਵੇ | ਇਸ ਮੌਕੇ ਉਨ੍ਹਾਂ ਦੇ ਨਾਲ ਜ਼ੋਨ ਪੁੜੈਣ ਤੋਂ ਜੇਤੂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਹਾਂਸ, ਸੰਮਤੀ ਜ਼ੋਨ ਸਲੇਮਪੁਰਾ ਤੋਂ ਜੇਤੂ ਬੀਬੀ ਮਨਦੀਪ ਕੌਰ ਥਿੰਦ ਦੇ ਪਤੀ ਅਰਸ਼ਪ੍ਰੀਤ ਸਿੰਘ ਥਿੰਦ ਅਤੇ ਪਾਰਟੀ ਆਗੂ ਲਖਵੀਰ ਸਿੰਘ ਗੋਰਾਹੂਰ ਸਮੇਤ ਕਈ ਹੋਰ ਲੋਕਾਂ ਨੇ ਵਿਧਾਇਕ ਇਯਾਲੀ ਵਲੋਂ ਪੰਥ ਅਤੇ ਪੰਜਾਬ ਦੇ ਭਲੇ ਲਈ ਕੀਤੇ ਜਾ ਰਹੇ ਯਤਨਾਂ ਦੀ ਸਰਾਹਨਾ ਕੀਤੀ |