ਪੱਖੋਵਾਲ/ਸਰਾਭਾ, 26 ਦਸੰਬਰ (ਖੁਸ਼ਵਿੰਦਰ ਸਿੰਘ ਸਰਾਭਾ)-ਦਸੰਬਰ ਮਹੀਨੇ ਪੈ ਰਹੀ ਠੰਡ ਤੇ ਧੁੰਦ ਕਾਰਨ ਜਿੱਥੇ ਆਮ ਲੋਕਾਂ ਦੇ ਕੰਮਕਾਜ ਪ੍ਰਭਾਵਿਤ ਹੋ ਰਹੇ ਹਨ, ਉੱਥੇ ਹੀ ਚੋਰਾਂ ਤੇ ਗਲਤ ਅਨਸਰਾਂ ਨੂੰ ਮੌਜ਼ਾਂ ਲੱਗ ਗਈਆਂ ਹਨ, ਜਿਸ ਦੀ ਤਾਜਾ ਉਦਾਹਰਨ ਉਸ ਸਮੇਂ ਮਿਲੀ ਜਦੋਂ ਬੀਤੀ ਰਾਤ ਚੋਰਾਂ ਨੇ ਸੰਘਣੀ ਧੁੰਦ ਦਾ ਲਾਹਾ ਲੈਂਦਿਆਂ ਪੱਖੋਵਾਲ 'ਚ ਧਾਲੀਆ ਰੋਡ 'ਤੇ ਸਥਿਤ ਹਰਪਾਲ ਰਿਜ਼ੋਰਟ 'ਚੋਂ ਕੰਧ ਟੱਪ ਕੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੈਲੇਸ ਦੇ ਮਾਲਕ ਰਾਜਦੀਪ ਸਿੰਘ ਨੇ ਦੱਸਿਆ ਬੀਤੀ ਦੇਰ ਰਾਤ ਅਣਪਛਾਤੇ ਚੋਰਾਂ ਨੇ ਉਨ੍ਹਾਂ ਦੇ ਪੈਲੇਸ 'ਚ ਪਏ ਵੱਡੇ 35 ਦੇਗੇ, ਕੁਰਸੀਆਂ, ਪਤੀਲੇ, ਬਾਲਟੀਆਂ, 20 ਟਰੇਆਂ, 12 ਟੱਬ, 5 ਕੜਾਈਆਂ ਤੇ ਹੋਰ ਅਸੈਸਰੀ ਸਮੇਤ ਤਕਰੀਬਨ 3 ਲੱਖ ਰੁਪਏ ਦਾ ਸਮਾਨ ਚੋਰੀ ਲੈ ਗਏ | ਖ਼ਬਰ ਮਿਲਣ 'ਤੇ ਉਨ੍ਹਾਂ ਇਸ ਦੀ ਸੂਚਨਾਂ ਥਾਣਾ ਸੁਧਾਰ ਦੀ ਪੁਲਿਸ ਨੂੰ ਦਿੱਤੀ | ਜਿਸ 'ਤੇ ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਆਪਣੀ ਟੀਮ ਸਮੇਤ ਪੁੱਜ ਕੇ ਘਟਨਾ ਸਥਾਨ ਦਾ ਜਾਇਜਾ ਲੈਂਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ |