ਹੰਬੜਾਂ, 28 ਦਸੰਬਰ (ਮੇਜਰ ਹੰਬੜਾਂ)-ਕਾਂਗਰਸ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਬੀਰਮੀ ਨੇ ਹੰਬੜਾਂ 'ਚ ਦੱਸਿਆ ਕਿ ਉਨ੍ਹਾਂ ਵਲੋਂ ਐੱਮ.ਪੀ. ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਸੰਮਤੀ ਚੋਣਾਂ ਸਮੇਂ ਸਟੇਜ ਤੋਂ ਕੀਤੇ ਗਏ ਵੋਟ ਵਧਾਏ ਜਾਣ ਦੇ ਵਾਅਦੇ ਨੂੰ ਉਸ ਸਮੇਂ ਪੂਰਾ ਕਰਕੇ ਦਿਖਾਇਆ ਜਦੋਂ ਉਨ੍ਹਾਂ ਨੇ ਨਗਰ ਭੂੰਦੜੀ 'ਚੋਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਦੇ ਹੱਕ 'ਚ 250 ਵੋਟਾਂ ਵਧਾ ਕੇ ਨਗਰ 'ਚੋਂ ਜਿਤਾ ਕੇ ਭੇਜਿਆ ਅਤੇ ਬਲਾਕ ਸੰਮਤੀ ਉਮੀਦਵਾਰ ਨੂੰ ਵੀ ਨਗਰ 'ਚੋਂ ਜਿਤਾਇਆ ਗਿਆ | ਬੀਰਮੀ ਨੇ ਕਿਹਾ ਕਿ ਅਸੀਂ ਸਮੁੱਚੇ ਨਗਰ ਭੂੰਦੜੀ ਵਲੋਂ ਲੋਕ ਸਭਾ ਦੀਆਂ ਚੋਣਾਂ ਸਮੇਂ ਵੋਟਾਂ ਦਾ ਵਾਈਕਾਟ ਕੀਤਾ ਗਿਆ ਸੀ ਤੇ ਉਸ ਸਮੇਂ ਰਾਜਾ ਵੜਿੰਗ ਦੇ ਐੱਮ.ਪੀ ਦੀ ਚੋਣ ਲੜਨ ਸਮੇਂ ਨਗਰ ਭੂੰਦੜੀ 'ਚੋਂ ਕਾਂਗਰਸ ਨੂੰ ਸਿਰਫ਼ 1 ਵੋਟ ਪਈ ਸੀ ਤੇ ਜਿਸ ਦਾ ਵੜਿੰਗ ਵਲੋਂ ਸਟੇਜ਼ ਤੋਂ ਜਿਕਰ ਕੀਤਾ ਗਿਆ ਸੀ | ਬੀਰਮੀ ਨੇ ਕਿਹਾ ਕਿ ਅਸੀਂ ਵੜਿੰਗ ਨਾਲ ਸੰਮਤੀ ਚੋਣਾਂ ਸਮੇਂ ਕੀਤੇ ਵਾਅਦੇ ਨੂੰ ਨਗਰ ਭੂੰਦੜੀ 'ਚ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਦੇ ਨਾਲ ਬਲਾਕ ਸੰਮਤੀ ਉਮੀਦਵਾਰ ਦੀ ਵੋਟ ਵਧਾ ਕੇ ਇਕ ਮਸਾਲ ਪੈਦਾ ਕੀਤੀ ਹੈ | ਸੀਨੀਅਰ ਕਾਂਗਰਸੀ ਆਗੂ ਦਰਸ਼ਨ ਸਿੰਘ ਬੀਰਮੀ ਨੇ ਕਿਹਾ ਕਿ ਹੁਣ ਜ਼ੋਨ ਪੁੜੈਣ ਸਮੇਤ ਹੋਰ ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਤੋਂ ਅਤੇ ਬਲਾਕ ਸੰਮਤੀ ਸੀਟਾਂ 'ਤੇ ਹੋਈ ਕਾਂਗਰਸ ਦੀ ਹਾਰ ਲਈ ਐੱਮ.ਪੀ. ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਕਾਂਗਰਸ ਪਾਰਟੀ ਵਲੋਂ ਸਾਡੇ ਸਮੇਤ ਹੋਰ ਕਾਂਗਰਸ ਪਾਰਟੀ 'ਚ ਜਿੰਮੇਵਾਰੀ ਨਿਭਾਉਣ ਵਾਲੇ ਕਾਂਗਰਸੀ ਆਗੂਆਂ ਨਾਲ ਮੀਟਿੰਗ ਕਰਦਿਆਂ ਬੈਕ ਫੀਡ ਜ਼ਰੂਰ ਲੈਣੀ ਚਾਹੀਦੀ ਹੈ ਤਾਂ ਜੋ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ |