ਮਜਾਰੀ/ਸਾਹਿਬਾ, 1 ਜੂਨ (ਨਿਰਮਲਜੀਤ ਸਿੰਘ ਚਾਹਲ)-ਬਿਜਲੀ ਘਰ ਕਰਾਵਰ ਦੇ ਜੇ.ਈ ਅਮਰੀਕ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ, ਕਿ ਬਿਜਲੀ ਦੀ ਨਿਰਵਿਘਨ ਸਪਲਾਈ ਜਾਰੀ ਰੱਖਣ ਵਾਸਤੇ ਆਪਣੇ ਖੇਤਾਂ ਵਿਚੋਂ ਲੰਘਦੀਆਂ ਬਿਜਲੀ ਦੀਆਂ ਲਾਈਨਾਂ ਦੇ ਥੱਲੇ ਅਤੇ ਨੇੜੇ ਦੇ ਦਰਖਤਾਂ ਨੂੰ ਵੱਢ ਲਿਆ ਜਾਵੇ | ਉਨ੍ਹਾਂ ਕਿਹਾ ਕਿ ਗਰਮੀਆਂ ਦਾ ਮੌਸਮ ਹੋਣ ਕਰਕੇ ਹਨੇਰੀਆਂ ਬਹੁਤ ਆ ਰਹੀਆਂ ਹਨ | ਖੇਤਾਂ ਵਿੱਚ ਲੱਗੇ ਦਰਖ਼ਤ ਹਨੇਰੀ ਨਾਲ ਬਿਜਲੀ ਦੀਆਂ ਤਾਰਾਂ 'ਤੇ ਡਿੱਗ ਪੈਂਦੇ ਹਨ | ਜਿਸ ਕਾਰਨ ਤਾਰਾਂ ਅਤੇ ਖੰਭੇ ਟੁੱਟ ਰਹੇ ਹਨ | ਪਾਵਰਕਾਮ ਦੇ ਮੁਲਾਜ਼ਮਾਂ ਨੂੰ ਬਿਜਲੀ ਚਾਲੂ ਕਰਨ ਵਾਸਤੇ ਕਾਫ਼ੀ ਜੱਦੋ-ਜਹਿਦ ਕਰਨੀ ਪੈਂਦੀ ਹੈ | ਦੂਰ ਦੇ ਪਿੰਡਾਂ ਨੂੰ ਕਈ ਵਾਰ ਬਿਜਲੀ ਦੀ ਸਪਲਾਈ ਦੇਣ ਵਾਸਤੇ ਇੱਕ ਜਾਂ ਦੋ ਦਿਨ ਲੱਗ ਜਾਂਦੇ ਹਨ | ਗਰਮੀ ਦਾ ਮੌਸਮ ਹੋਣ ਕਰਕੇ ਹਰੇਕ ਘਰ ਵਿੱਚ ਬਿਜਲੀ ਦੀ ਕਾਫ਼ੀ ਜ਼ਰੂਰਤ ਹੈ | ਉਹਨਾਂ ਕਿਹਾ ਕਾਨੂੰਨੀ ਤੌਰ 'ਤੇ ਵੀ ਕਿਸਾਨ ਬਿਜਲੀ ਦੀ ਤਾਰਾ ਤੋਂ 20 ਫੁੱਟ ਦੀ ਦੂਰੀ 'ਤੇ ਹੀ ਬੂਟੇ ਲਗਾ ਸਕਦੇ ਹਨ, ਪਰ ਕੁੱਝ ਕਿਸਾਨਾਂ ਨੇ ਤਾਂ ਬਿਲਕੁਲ ਤਾਰਾਂ ਦੇ ਥੱਲੇ ਅਤੇ ਆਲੇ-ਦੁਆਲੇ ਨਾਲ-ਨਾਲ ਬੂਟੇ ਲਾਏ ਹੋਏ ਹਨ | ਜੋ ਹਮੇਸ਼ਾ ਬਿਜਲੀ ਦੀ ਸਪਲਾਈ ਵਿੱਚ ਵਿਘਨ ਪਾ ਰਹੇ ਹਨ |