ਨਵਾਂਸ਼ਹਿਰ, 1 ਜੂਨ (ਜਸਬੀਰ ਸਿੰਘ ਨੂਰਪੁਰ)-ਪਿੰਡ ਲੰਗੜੋਆ ਦੇ ਨੌਜਵਾਨ ਨੂੰ ਆਸਟੇ੍ਰਲੀਆ ਭੇਜਣ 'ਤੇ 18 ਲੱਖ ਦੀ ਧੋਖਾਧੜੀ ਕਰਨ ਦੇ ਮਾਮਲੇ 'ਚ ਥਾਣਾ ਸਦਰ ਪੁਲਸ ਨਵਾਂਸ਼ਹਿਰ ਨੇ ਤਿੰਨ ਟਰੈਵਲ ਏਜੰਟਾਂ 'ਤੇ ਮਾਮਲਾ ਦਰਜ ਕਰ ਲਿਆ | ਜਿਨ੍ਹਾਂ ਨੇ ਪਿੰਡ ਲੰਗੜੋਆ ਦੇ ਹੁਸਨ ਨੂੰ ਆਸਟੇ੍ਰਲੀਆ ਭੇਜਣ ਦੀ ਬਜਾਏ ਈਰਾਨ ਭੇਜ ਦਿੱਤਾ | ਜਿੱਥੇ ਉਸ ਨੂੰ ਪਾਕਿਸਤਾਨੀ ਡੌਂਕਰਾਂ ਨੇ ਅਗਵਾ ਕਰ ਲਿਆ ਅਤੇ ਉਸ ਤੋਂ ਹੋਰ ਪੈਸਿਆਂ ਦੀ ਮੰਗ ਕੀਤੀ | ਥਾਣਾ ਸਦਰ ਪੁਲਿਸ ਨੇ ਨਿੰਦਰ ਕੌਰ ਪਤਨੀ ਹੁਸਨ ਲਾਲ ਵਾਸੀ ਲੰਗੜੋਆ ਥਾਣਾ ਸਦਰ ਨਵਾਂਸ਼ਹਿਰ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ | ਉਸਨੇ ਦੋਸ਼ ਲਾਇਆ ਕਿ ਟਰੈਵਲ ਏਜੰਟ ਧੀਰਜ ਕੁਮਾਰ ਅਟਵਾਲ ਤੇ ਕਮਲ ਅਟਵਾਲ ਪੁੱਤਰ ਕੁੰਦਲ ਲਾਲ ਅਤੇ ਕਮਲ ਅਟਵਾਲ ਦੀ ਪਤਨੀ ਸਵਿਤਾ ਵਾਸੀ ਹੁਸ਼ਿਆਰਪੁਰ ਨੇ ਉਨ੍ਹਾਂ ਦੇ ਪਤੀ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ 18 ਲੱਖ ਦੀ ਠੱਗੀ ਮਾਰੀ ਅਤੇ ਸਾਜ਼ਿਸ਼ ਤਹਿਤ ਉਸ ਨੂੰ ਆਸਟੇ੍ਰਲੀਆ ਨਹੀਂ ਭੇਜਿਆ, ਸਗੋਂ ਈਰਾਨ ਭੇਜ ਕੇ ਖੱਜਲ-ਖੁਆਰ ਕੀਤਾ | ਜਿੱਥੇ ਉਸ ਨੂੰ ਪਾਕਿਸਤਾਨੀ ਡੌਂਕਰਾਂ ਨੇ ਤੰਗ ਪਰੇਸ਼ਾਨ ਕੀਤਾ | ਪੁਲਿਸ ਨੇ ਟਰੈਵਲ ਏਜੰਟ ਧੀਰਜ ਕੁਮਾਰ ਅਟਵਾਲ ਤੇ ਕਮਲ ਅਟਵਾਲ ਪੁੱਤਰ ਕੁੰਦਨ ਲਾਲ ਅਤੇ ਕਮਲ ਅਟਵਾਲ ਦੀ ਪਤਨੀ ਸਵਿਤਾ ਵਾਸੀ ਆਦਰਸ਼ ਨਗਰ ਕਾਲੋਨੀ ਪਿੱਪਲਾਂ ਵਾਲੀ ਹੁਸ਼ਿਆਰਪੁਰ 'ਤੇ ਮਾਮਲਾ ਦਰਜ ਕਰ ਲਿਆ |