ਸਿਹਤ ਵਿਭਾਗ ਲੋਕਾਂ ਦੀ ਸਿਹਤ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ-ਡਾ. ਰਾਕੇਸ਼ ਪਾਲ
ਅਜੀਤ ਡੈਸਕ
22-09-2025
ਨਵਾਂਸ਼ਹਿਰ, 21 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਸਿਹਤ ਵਿਭਾਗ ਬਰਸਾਤ ਦੇ ਮੌਸਮ ਵਿਚ ਲੋਕਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਚੌਕਸ ਹੈ | ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ ਨੇ ਪਿੰਡ ਬਹਿਲੂਰ ਕਲਾਂ, ਪਿੰਡ ਨੰਗਲ ਛਾਂਗਾ ਤੇ ਗੜ੍ਹੀ ਫਤਹਿ ਖਾਂ ਵਿਖੇ ਲਗਾਏ ਮੈਡੀਕਲ ਜਾਂਚ ਕੈਂਪਾਂ ਤੇ ਆਸ਼ਾ ਵਰਕਰਾਂ ਵਲੋਂ ਕੀਤੇ ਜਾ ਰਹੇ ਘਰ-ਘਰ ਸਰਵੇਖਣ ਦਾ ਨਿਰੀਖਣ ਕੀਤਾ | ਇਸ ਮੌਕੇ ਉਨ੍ਹਾਂ ਦੱਸਿਆ ਕਿ ਬਰਸਾਤ ਦਾ ਪਾਣੀ ਘਟਣ ਮਗਰੋਂ ਸਿਹਤ ਵਿਭਾਗ ਵਲੋਂ ਲੋਕਾਂ ਦੀ ਸਿਹਤ ਸੁਰੱਖਿਆ ਯਕੀਨੀ ਬਣਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ | ਇਸ ਮੁਹਿੰਮ ਤਹਿਤ ਆਸ਼ਾ ਵਰਕਰ ਘਰ-ਘਰ ਜਾ ਕੇ ਸਰਵੇ ਕਰ ਰਹੀਆਂ ਹਨ, ਮੈਡੀਕਲ ਰਾਹਤ ਕੈਂਪ ਲਗਾਏ ਜਾ ਰਹੇ ਹਨ ਤੇ ਲੋਕਾਂ ਨੂੰ ਬਿਮਾਰੀਆਂ ਦੀ ਰੋਕਥਾਮ ਲਈ ਜਾਗਰੂਕ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਵਿਸ਼ੇਸ਼ ਮੈਡੀਕਲ ਕੈਂਪਾਂ ਰਾਹੀਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ | ਉਨ੍ਹਾਂ ਕਿਹਾ ਕਿ ਇਸ ਸਥਿਤੀ ਨਾਲ ਨਜਿੱਠਣ ਲਈ ਪੀਣ ਲਈ ਸਾਫ਼ ਪਾਣੀ ਦੀ ਵਰਤੋਂ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ | ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ ਮਨਿੰਦਰ ਸਿੰਘ, ਘਣਸ਼ਾਮ ਸਮੇਤ ਸਿਹਤ ਵਿਭਾਗ ਦੇ ਹੋਰ ਕਰਮਚਾਰੀ ਅਤੇ ਆਮ ਲੋਕ ਵੀ ਮੌਜੂਦ ਸਨ |