ਔੜ/ਝਿੰਗੜਾਂ, 23 ਸਤੰਬਰ (ਕੁਲਦੀਪ ਸਿੰਘ ਝਿੰਗੜ)-ਡਾ. ਲੇਖ ਰਾਜ ਬੇਗੋਵਾਲ ਬਲਾਕ ਖੇਤੀਬਾੜੀ ਅਫ਼ਸਰ ਔੜ ਦੀ ਪ੍ਰਧਾਨਗੀ ਹੇਠ ਫ਼ਸਲਾਂ ਦੀ ਰਹਿੰਦ-ਖੁੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਬਲਾਕ ਖੇਤੀਬਾੜੀ ਦਫ਼ਤਰ ਔੜ ਵਿਖੇ ਸਮੂਹ ਆਸ਼ਾ ਵਰਕਰਾਂ ਨੂੰ ਟਰੇਨਿੰਗ ਸਬੰਧੀ ਕੈਂਪ ਲਗਾਇਆ | ਡਾ. ਲੇਖ ਰਾਜ ਬੇਗੋਵਾਲ ਬਲਾਕ ਖੇਤੀਬਾੜੀ ਅਫ਼ਸਰ ਔੜ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਖੇਤਾਂ ਵਿੱਚ ਝੋਨੇ ਦੀ ਕੰਬਾਈਨ ਨਾਲ ਕਟਾਈ ਮਗਰੋਂ ਪਰਾਲੀ ਨੂੰ ਅੱਗ ਨਾ ਲਾ ਕੇ ਹੈਪੀ ਸੀਡਰ ਜਾਂ ਸੁਪਰ ਸੀਡਰ ਨਾਲ ਕਣਕ ਦੀ ਸਿੱਧੀ ਬਿਜਾਈ ਕਰਕੇ ਭੂਮੀ ਦੀ ਸਿਹਤ ਨੂੰ ਬਰਕਰਾਰ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ | ਉਨ੍ਹਾਂ ਇਕੱਤਰ ਆਸ਼ਾ ਵਰਕਰਾਂ ਨੂੰ ਨੈਸ਼ਨਲ ਗਰੀਨ ਟਿ੍ਬਿਊਨਲ, ਪੰਜਾਬ ਸਰਕਾਰ ਅਤੇ ਲੋਕਲ ਪ੍ਰਸ਼ਾਸਨ ਵਲੋਂ ਫ਼ਸਲਾਂ ਦੀ ਰਹਿੰਦ-ਖੰੂਹਦ ਨੂੰ ਨਾ ਸਾੜਨ ਬਾਰੇ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਵਾਤਾਵਰਨ ਅਤੇ ਜ਼ਮੀਨ 'ਚ ਹੋ ਰਹੇ ਨੁਕਸਾਨ ਤੋਂ ਜਾਣੂ ਕਰਵਾਇਆ ਗਿਆ ਅਤੇ ਉਹਨਾਂ ਦੱਸਿਆ ਕਿ ਕਣਕ ਦੀ ਸਿੱਧੀ ਬਿਜਾਈ ਕਰਨ ਨਾਲ ਖੇਤੀ ਖ਼ਰਚੇ ਘਟਾਏ ਜਾ ਸਕਦੇ ਹਨ ਅਤੇ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ | ਉਹਨਾਂ ਆਖਿਆਂ ਕਿ ਅੱਗ ਲਾਉਣ ਨਾਲ ਜ਼ਮੀਨ 'ਚ ਮੌਜੂਦ ਬਹੁਤ ਸਾਰੇ ਖੁਰਾਕੀ ਤੱਤ ਸੜ ਹੋ ਜਾਂਦੇ ਹਨ ਅਤੇ ਜਿਸ ਨਾਲ ਮਨੁੱਖੀ ਸਿਹਤ, ਜਨਜੀਵਨ ਅਤੇ ਆਵਾਜਾਈ ਪ੍ਰਭਾਵਿਤ ਹੁੰਦੀ ਹੈ | ਡਾ. ਦੀਪਕ ਕੁਮਾਰ ਖੇਤੀਬਾੜੀ ਵਿਸਥਾਰ ਅਫ਼ਸਰ ਨੇ ਦੱਸਿਆ ਕਿ ਇਸ ਨਾਲ ਹੀ ਸੂਖਮ ਜੀਵ, ਮਿੱਤਰ ਕੀੜੇ ਅਤੇ ਪੰਛੀ ਮਾਰੇ ਜਾਂਦੇ ਹਨ ਵਾਤਾਵਰਣ ਪ੍ਰਦੂਸ਼ਿਤ ਹੋ ਕੇ ਕਈ ਸਾਹ, ਚਮੜੀ ਆਦਿ ਦੀਆਂ ਬਿਮਾਰੀਆਂ ਪੈਂਦਾ ਹੋ ਜਾਂਦੀਆਂ ਹਨ | ਇਹਨਾਂ ਸਭ ਨੁਕਸਾਨਾਂ ਤੋਂ ਬਚਣ ਲਈ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਰਨੀ ਚਾਹੀਦੀ ਹੈ | ਇਸਦੇ ਨਾਲ ਹੀ ਉਹਨਾਂ ਨੇ ਪ੍ਰਸ਼ਾਸਨ ਵੱਲੋਂ ਹੋਣ ਵਾਲੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ | ਮਿਸ ਮੋਨਿਕਾ ਖੇਤੀਬਾੜੀ ਵਿਕਾਸ ਅਫ਼ਸਰ ਨੇ ਫ਼ਸਲਾਂ ਤੇ ਖਾਦਾਂ ਦੀ ਸੁਚੱਜੀ ਵਰਤੋਂ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਮਹਿਕਮੇ ਦੀ ਸਿਫ਼ਾਰਿਸ਼ ਅਨੁਸਾਰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਮੈਡਮ ਅੰਜੂ ਸਾਗਰ ਖੇਤੀਬਾੜੀ ਵਿਸਥਾਰ ਅਫ਼ਸਰ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਉਨ੍ਹਾਂ ਕੈਂਪ ਵਿੱਚ ਆਈਆਂ ਹੋਈਆਂ ਆਸ਼ਾ ਵਰਕਰਾਂ ਅਤੇ ਕਿਸਾਨ ਭਰਾਵਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਲਖਵਿੰਦਰ ਸਿੰਘ ਤੇ ਜਸਵਿੰਦਰ ਸਿੰਘ ਏ.ਟੀ.ਐਮ ਤੋਂ ਇਲਾਵਾ ਟ੍ਰੇਨਿੰਗ ਕੈਂਪ ਵਿੱਚ ਬਲਾਕ ਔੜ ਦੀਆਂ ਸਮੂਹ ਆਸ਼ਾਂ ਵਰਕਰਾਂ ਹਾਜ਼ਰ ਸਨ |