ਰਾਹੋਂ, 4 ਨਵੰਬਰ (ਉਂਕਾਰ ਸਿੰਘ ਰਾਠੋਰ)-ਗੁਰਦੁਆਰਾ ਕਲਗ਼ੀਧਰ ਸਾਹਿਬ ਰਾਹੋਂ ਦੀ ਪ੍ਰਬੰਧਕ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਇਆ ਗਿਆ | ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਫੁੱਲਾਂ ਨਾਲ ਸਜੀ ਸੁਨਹਿਰੀ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕੀਤਾ ਗਿਆ | ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕਰਦਿਆਂ ਸ਼ਰਧਾ ਦਾ ਪ੍ਰਗਟਾਵਾ ਕੀਤਾ ਤੇ ਸਕੂਲੀ ਬੱਚਿਆਂ, ਬੈਂਡ ਪਾਰਟੀਆਂ, ਸ਼ਬਦ ਚੌਂਕੀ ਜਥੇ ਨੇ ਪੂਰੇ ਉਤਸ਼ਾਹ ਨਾਲ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ | ਜੈਕਾਰਿਆਂ ਅਤੇ ਨਗਾਰਿਆਂ ਦੀ ਗੂੰਜ 'ਚ ਆਰੰਭ ਹੋ ਕੇ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਰਾਤ ਨੂੰ ਗੁਰਦਵਾਰਾ ਕਲਗ਼ੀਧਰ ਸਾਹਿਬ ਰਾਹੋਂ ਵਿਖੇ ਸੰਪੰਨ ਹੋਇਆ | ਇੰਟਰਨੈਸ਼ਨਲ ਢਾਡੀ ਜਥਾ ਜਸਦੀਪ ਸਿੰਘ ਨਾਗਰਾ ਮੈਹਿੰਦਪੁਰ ਅਤੇ ਉਨ੍ਹਾਂ ਦੇ ਸਾਥੀ ਢਾਡੀ ਰੌਸ਼ਨ ਸਿੰਘ ਸਾਗਰ, ਰਾਜ ਕਿਸ਼ਨ ਬਿੱਲਾ, ਕਮਲਜੀਤ ਸਿੰਘ ਵਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ ਤੇ ਵੱਖ-ਵੱਖ ਪੜਾਵਾਂ 'ਤੇ ਗੁਰ ਇਤਿਹਾਸ ਸਰਵਣ ਕਰਵਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫੁੱਲਾਂ ਨਾਲ ਸਜੀ ਹੋਈ ਸੁੰਦਰ ਪਾਲਕੀ ਦੇ ਪਿੱਛੇ ਵੱਡੀ ਗਿਣਤੀ 'ਚ ਸੰਗਤਾਂ ਕੀਰਤਨ ਕਰ ਰਹੀਆਂ ਸਨ | ਸੰਗਤਾਂ ਵਾਸਤੇ ਵੱਖ-ਵੱਖ ਪੜਾਵਾਂ 'ਤੇ ਫਰੂਟ, ਚਾਹ-ਪਕੌੜਿਆਂ ਦੇ ਲੰਗਰ ਲਗਾਏ ਗਏ | ਨਗਰ ਕੀਰਤਨ 'ਚ ਵਾਤਾਵਰਨ ਪ੍ਰੇਮੀਆ ਵਲੋਂ ਸੰਗਤਾਂ ਨੂੰ ਬੂਟੇ ਵੀ ਵੰਡੇ ਗਏ | ਇਸ ਮੌਕੇ ਪ੍ਰਧਾਨ ਬਲਜੀਤ ਸਿੰਘ ਬਾਜਵਾ, ਰਘੁਵਿੰਦਰ ਸਿੰਘ ਰਵੀ ਸਕੱਤਰ, ਸਰਬਜੀਤ ਸਿੰਘ ਅਟਵਾਲ, ਹਰਪਾਲ ਸਿੰਘ, ਹਰਜੀਤ, ਅਮਰਜੀਤ ਸਿੰਘ ਰਾਜੂ, ਲਖਵਿੰਦਰ ਸਿੰਘ ਲੱਖਾ, ਭੁਪਿੰਦਰ ਸਿੰਘ, ਕੁਲਵਿੰਦਰ ਸਿੰਘ, ਨਰੇਸ਼ ਸਿੰਘ ਭੁੱਲਰ, ਸਤਨਾਮ ਸਿੰਘ, ਭਾਈ ਸੰਤੋਖ ਸਿੰਘ, ਤਰਲੋਚਨ ਸਿੰਘ, ਮਾਸਟਰ ਦਿਲਬਾਗ ਸਿੰਘ, ਧਰਮਪਾਲ ਬੰਗੜ, ਮਲਕੀਤ ਸਿੰਘ ਕਾਹਲੋਂ, ਬਲਜੀਤ ਸਿੰਘ, ਸੁਖਵਿੰਦਰ ਸਿੰਘ ਛੀਨਾ, ਕੌਂਸਲਰ ਕਰਨੈਲ ਸਿੰਘ ਭਿੰਡਰ, ਚੜ੍ਹਤ ਸਿੰਘ ਰਾਠੋਰ, ਬਲਵਿੰਦਰ ਸਿੰਘ ਮੰਗਾ, ਮਹਿੰਦਰ ਸਿੰਘ ਸੰਧੂ, ਬਲਵਿੰਦਰ ਸਿੰਘ ਬਬਲਾ, ਸਾਹਿਲ ਸਿੰਘ, ਗੋਪੀ ਕਾਹਲੋਂ, ਪਰਮਜੀਤ ਸਿੰਘ ਕਾਹਲੋਂ, ਤਰਸੇਮ ਲਾਲ, ਸ਼ੇਰ ਸਿੰਘ, ਸਤਨਾਮ ਸਿੰਘ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |